ਕਰਜੇ ਦੀ ਮਾਰ ਹੇਠ ਆਏ ਕਿਸਾਨ ਨੇ ਕੀਤੀ ਖੁਦਕੁਸੀ

228

ਲਾ਼ਸ ਦਾ ਪੋਸਟਮਾਰਟਮ ਨਾ ਹੋਣ ਕਾਰਨ ਪਰਵਾਰਿਕ ਮੈਂਬਰਾਂ ਨੇ ਲਾਇਆ ਧਰਨਾ                                              ਬਰਨਾਲਾ, 24 ਜੂਨ (ਜਗਸੀਰ ਸਿੰਘ ਸੰਧੂ) : ਸਥਾਨਿਕ ਸੰਧੂ ਪੱਤੀ ਦੇ ਵਸਨੀਕ ਇੱਕ ਗਰੀਬ ਕਿਸਾਨ ਬਲਵਿੰਦਰ ਸਿੰਘ ਰਾਜੂ ਨੇ ਬੀਤੀ ਰਾਤ ਕਰਜੇ ਤੋਂ ਤੰਗ ਆ ਕੇ ਖੁਦਕੁਸੀ ਕਰ ਲਈ। ਜਾਣਕਾਰੀ ਮੁਤਾਬਿਕ ਡੇਢ ਕੁ ਏਕੜ ਜਮੀਨ ਦੇ ਮਾਲਕ ਬਲਵਿੰਦਰ ਰਾਜੂ ਦੇ ਸਿਰ ਆੜਤੀ ਤੇ ਬੈਂਕ ਦਾ ਕਰੀਬ ਸੱਤ ਲੱਖ ਰੁਪਏ ਕਰਜਾ ਸੀ। ਜਿਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸਾਨ ਚੱਲ ਰਿਹਾ ਸੀ ਅਤੇ ਇਸ ਦੇ ਚਲਦਿਆਂ ਹੀ ਬੀਤੀ ਰਾਤ ਉਹ ਕੋਈ ਜਹਿਰੀਲੀ ਚੀਜ ਖਾ ਗਿਆ। ਜਿਸ ‘ਤੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਹ ਦਮ ਤੋੜ ਗਿਆ। ਅੱਜ ਪੂਰਾ ਦਿਨ ਬੀਤ ਜਾਣ ਬਾਅਦ ਵੀ ਜਦੋਂ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਨਾ ਕੀਤਾ ਗਿਆ ਤਾਂ ਉਸਦੇ ਪਰਵਾਰਿਕ ਮੈਂਬਰਾਂ ਅਤੇ ਰਿਸਤੇਦਾਰਾਂ ਵੱਲੋਂ ਹਸਪਤਾਲ ਅੱਗੇ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਐਸ.ਐਮ.ਓ ਜੋਤੀ ਕੌਸਲ ਦਾ ਇਸ ਦੇਰੀ ਪ੍ਰਤੀ ਕਹਿਣਾ ਹੈ ਕਿ ਕਿਸਾਨ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ, ਇਸ ਲਈ ਪੋਸਟਮਾਰਟਮ ਲਈ ਫੋਰੈਂਸਿਕ ਮਾਹਿਰ ਦੀ ਲੋੜ ਹੈ, ਜੋ ਬਰਨਾਲਾ ਹਸਪਤਾਲ ਵਿਚ ਮੌਜੂਦ ਨਹੀਂ, ਇਸ ਲਈ ਸੰਗਰੂਰ ਜਾਂ ਪਟਿਆਲਾ ਤੋਂ ਫੋਰੈਂਸਿਕ ਮਾਹਿਰ ਬੁਲਾਇਆ ਹੈ, ਉਸਦੇ ਆਉਣ ‘ਤੇ ਪੋਸਟਮਾਰਟਮ ਹੋਵੇਗਾ ਅਤੇ ਨਿਯਮਾਂ ਮੁਤਾਬਿਕ ਪੋਸਟਮਾਰਟਮ ਕੀਤੇ ਬਗੈਰ ਲਾਸ਼ ਵਾਰਸਾਂ ਨੂੰ ਨਹੀਂ ਦਿੱਤੀ ਜਾ ਸਕਦੀ। ਲਾਸ਼ ਨਾਲ ਮਿਲਣ ‘ਤੇ ਗੁਸਾਏ ਪਰਵਾਰ ਮੈਬਰਾਂ ਨੇ ਐਸ.ਐਮ.ਓ ਦਾ ਦਫਤਰ ਵਿੱਚ ਘਿਰਾਓ ਕੀਤਾ ਹੋਇਆ ਹੈ ਅਤੇ ਡੀ.ਐਸ.ਪੀ ਬਰਨਾਲਾ ਬਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਛੇਤੀ ਹੀ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ, ਪਰ ਖਬਰਾਂ ਲਿਖੇ ਜਾਣ ਤੱਕ ਮ੍ਰਿਤਕ ਕਿਸਾਨ ਦੇ ਪਰਵਾਰਿਕ ਮੈਂਬਰਾਂ ਵੱਲੋਂ ਘਿਰਾਓ ਜਾਰੀ ਸੀ।

Real Estate