ਸਿੱਧੂ ਮੂਸੇਵਾਲਾ ਦਾ ਚੱਲਿਆ ਧੱਕਾ, ਕੇਸ ਦਾ ਜਾਂਚ ਅਧਿਕਾਰੀ ਬਦਲਿਆ

513

ਹੁਣ ਕੇਸ ਦੀ ਜਾਂਚ ਐਸ.ਪੀ ਰੁਪਿੰਦਰ ਭਾਰਦਵਾਜ ਦੀ ਥਾਂ ਐਸ.ਪੀ ਸੁਖਦੇਵ ਸਿੰਘ ਵਿਰਕ ਦੇ ਹਵਾਲੇ ਕੀਤੀ
ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ‘ਸਾਡਾ ਚੱਲਦਾ ਹੈ ਧੱਕਾ, ਅਸੀਂ ਤਾਂ ਕਰਦੇ’ ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਇਸ ਗੀਤ ਦੀ ਸਤਰਾਂ ਉਦੋਂ ਸੱਚ ਹੋ ਨਿਬੜੀਆਂ ਜਦੋਂ ਸਿੱਧੂ ਮੂਸੇਵਾਲਾ ਬਰਨਾਲਾ ਵਿਖੇ ਚਲਦੇ ਪੁਲਸ ਕੇਸ ਦੀ ਜਾਂਚ ਬਦਲਾ ਕੇ ਕਿਸੇ ਹੋਰ ਪੁਲਸ ਅਧਿਕਾਰੀ ਦੇ ਹਵਾਲੇ ਕਰਵਾਉਣ ਵਿੱਚ ਸਫਲ ਹੋ ਗਿਆ। ਦਰਅਸਲ ਲਾਕਡਾਊਨ ਦੌਰਾਨ ਬਡਬਰ ਵਿਖੇ ਕੁਝ ਪੁਲਸ ਮੁਲਾਜਮਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਰਕਾਰੀ ਏ.ਕੇ ਸੰਤਾਲੀ ਅਸਾਲਟ ਰਾਇਫਲ ਨਾਲ ਫਾਇਰਿੰਗ ਦੀ ਟਰੇਨਿੰਗ ਦਿੰਦਿਆਂ ਦੀ ਵਿਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉਪਰੰਤ ਇਸ ਮਾਮਲੇ ਵਿੱਚ ਪੁਲਸ ਕੇਸ ਦਰਜ ਹੋ ਗਿਆ ਸੀ। ਇਸ ਮਾਮਲੇ ਦੀ ਜਾਂਚ ਬਰਨਾਲਾ ਪੁਲਸ ਦੇ ਐਸ.ਪੀ ਰੁਪਿੰਦਰ ਭਾਰਦਵਾਜ ਕਰ ਰਹੇ ਸਨ। ਭਾਵੇਂ ਸਿੱਧੂ ਮੂਸੇਵਾਲਾ ਤਾਂ ਇਸ ਕੇਸ ਵਿੱਚ ਅਜੇ ਤੱਕ ਪੁਲਸ ਕੋਲ ਪੇਸ਼ ਨਹੀਂ ਹੋਇਆ, ਪਰ ਬਰਨਾਲਾ ਅਦਾਲਤ ਵਿੱਚ ਜਾਂਚ ਅਧਿਕਾਰੀ ਰੁਪਿੰਦਰ ਭਾਰਦਵਾਜ ਵੱਲੋਂ ਆਪਣਾ ਪੱਖ ਮਜਬੂਤੀ ਨਾਲ ਪੇਸ ਕਰਨ ਕਰਕੇ ਇਸ ਕੇਸ ਵਿੱਚ ਸਿੱਧੂ ਮੂਸੇਵਾਲਾ ਦੇ ਸਾਥੀਆਂ ਦੀਆਂ ਅਗਾਊਂ ਜਮਾਨਤ ਦੀਆਂ ਅਰਜੀਆਂ ਰੱਦ ਹੋ ਗਈਆਂ ਸਨ। ਭਰੋਸੇਯੋਗ ਸੂਤਰਾਂ ਪਤਾ ਲੱਗਿਆ ਹੈ ਕਿ ਆਹਲਾ ਪੁਲਸ ਅਧਿਕਾਰੀ ਚਾਹੁੰਦੇ ਸਨ ਕਿ ਇਹ ਜਮਾਨਤਾਂ ਮਨਜੂਰ ਹੋ ਜਾਣ, ਕਿਉਂਕਿ ਜਮਾਨਤ ਮੰਗਣ ਵਾਲਿਆਂ ਵਿੱਚ ਪੁਲਸ ਦੇ ਇੱਕ ਡੀ.ਐਸ.ਪੀ ਦਾ ਮੁੰਡਾ ਜੰਗਸ਼ੇਰ ਸਿੰਘ ਤੇ ਸੰਗਰੂਰ ਪੁਲਸ ਦੇ ਕੁੱਝ ਮੁਲਾਜ਼ਮ ਵੀ ਸਾਮਲ ਸਨ, ਪਰ ਐਸ.ਪੀ ਰੁਪਿੰਦਰ ਭਾਰਦਵਾਜ ਨੇ ਆਪਣੇ ਉਪਰਲੇ ਅਫਸਰਾਂ ਦੀ ਸਿਫਾਰਸ਼ ਮੰਨਣ ਦੀ ਬਿਜਾਏ ਆਪਣਾ ਫਰਜ ਨਿਭਾਉਂਦਿਆਂ ਅਦਾਲਤ ਵਿੱਚ ਇਹਨਾਂ ਜਮਾਨਤਾਂ ਦਾ ਵਿਰੋਧ ਕਰਕੇ ਅਰਜੀ ਰੱਦ ਕਰਵਾ ਦਿੱਤੀ ਸੀ। ਇਸ ਉਪਰੰਤ ਉਪਰੋਂ ਆਈਆਂ ਹਿਦਾਇਤਾਂ ‘ਤੇ ਹੁਣ ਸਿੱਧੂ ਮੂਸੇਵਾਲਾ ਦੇ ਕੇਸ ਦੀ ਜਾਂਚ ਐਸ.ਪੀ ਰੁਪਿੰਦਰ ਭਾਰਦਵਾਜ ਤੋਂ ਵਾਪਸ ਲੈ ਕੇ ਐਸ.ਪੀ ਸੁਖਦੇਵ ਸਿੰਘ ਵਿਰਕ ਨੂੰ ਸੌਂਪ ਦਿੱਤੀ ਗਈ ਹੈ। ਉਧਰ ਅੱਜ ਇਸ ਕੇਸ ਵਿੱਚ ਨਾਮਜਦ ਸੁਖਵੀਰ ਸਿੰਘ ਲਹਿਲ ਅਤੇ ਇੰਦਰਜੀਤ ਸਿੰਘ ਗਰੇਵਾਲ ਵੱਲੋਂ ਐਡੀਸਨਲ ਸੈਸਨ ਜੱਜ ਬਰਨਾਲਾ ਸ੍ਰ: ਬਲਜਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਦਾਇਰ ਕੀਤੀਆਂ’ ਅਗਾਊਂ ਜਮਾਨਤ ਦੀਆਂ ਅਰਜੀਆਂ ‘ਤੇ ਮਾਨਯੋਗ ਅਦਾਲਤ ਨੇ ਸੁਣਵਾਈ ਲਈ 25 ਜੂਨ ਮੁਕਰਰ ਕਰਦਿਆਂ ਇਸ ਕੇਸ ਦੇ ਜਾਂਚ ਅਧਿਕਾਰੀ ਨੂੰ ਕੇਸ ਦੀ ਸਟੇਟਸ ਰਿਪੋਰਟ ਲੈ ਕੇ ਖੁਦ ਪੇਸ ਹੋਣ ਦੇ ਹੁਕਮ ਜਾਰੀ ਕੀਤੇ ਹਨ। ਵਰਨਣਯੋਗ ਹੈ ਕਿ ਬਦਲੀਆਂ ਪ੍ਰਸਿਥਤੀਆਂ ਦੇ ਚੱਲਦਿਆਂ ਅੱਜ ਅਦਾਲਤ ਵਿੱਚ ਇਸ ਕੇਸ ਦਾ ਜਾਂਚ ਅਧਿਕਾਰੀ ਪੇਸ ਨਹੀਂ ਹੋਇਆ ਸੀ, ਜਿਸ ਕਰਕੇ ਮਾਣਯੋਗ ਅਦਾਲਤ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ।

Real Estate