ਨੌਸਰਬਾਜ਼ਾਂ ਨੇ ਦਿਨ ਦਿਹਾੜੇ ਭਰੇ ਬਜ਼ਾਰ ਵਿੱਚੋਂ ਔਰਤ ਦੀਆਂ ਬਾਲੀਆਂ ਅਤੇ ਅੰਗੂਠੀਆਂ ਲੁਹਾਈਆਂ  

490

ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ਸਥਾਨਿਕ ਕੱਚਾ ਕਾਲਜ ਰੋਡ ‘ਤੇ ਗਲੀ ਨੰਬਰ 12 ਦੇ ਨਜਦੀਕ 2 ਨੌਸਰਬਾਜ ਦਿਨ ਦਿਹਾੜੇ ਭਰੇ ਬਜਾਰ ਵਿਚੋਂ ਇੱਕ ਔਰਤ ਦੀਆਂ ਬਾਲੀਆਂ ਤੇ ਅੰਗੂਠੀਆਂ ਲੁਹਾ ਕੇ ਲੈ ਗਏ। ਜਾਣਕਾਰੀ ਮੁਤਾਬਿਕ ਕੱਚਾ ਕਾਲਜ ਦੀ ਵਸਨੀਕ ਰਾਧਾ ਰਾਣੀ (ਕਲਪਨਿਕ ਨਾਮ) ਉਮਰ 55 ਸਾਲ ਕਿਸੇ ਕੰਮ ਲਈ ਘਰੋਂ ਨਿਕਲੀ ਸੀ ਤਾਂ ਸਵੇਰੇ 10 ਕੁ ਵਜੇ ਗਲੀ ਨੰਬਰ 12 ਦੇ ਕੋਲ ਉਸ ਨੂੰ ਇੱਕ ਮੋਟਰਸਾਇਕਲ ‘ਤੇ ਸਵਾਰ ਇੱਕ ਆਦਮੀ ਤੇ ਔਰਤ ਮਿਲੇ, ਜਿਹਨਾਂ ਨੇ ਮੂੰਹ ‘ਤੇ ਮਾਸਕ  ਮੂੰਹ ਬੰਨੇ ਸਨ। ਮੋਟਰਸਾਇਕਲ ‘ਤੇ ਸਵਾਰ ਆਦਮੀ ਤੇ ਔਰਤ ਨੇ ਰਾਧਾ ਰਾਣੀ ਨੂੰ ਰੋਕ ਕੇ ਗੱਲੀਂ ਲਗਾ ਲਿਆ ਅਤੇ ਇਸ ਦੌਰਾਨ ਉਹਨਾਂ ਨੇ ਅਜਿਹਾ ਕੁੱਝ ਕੀਤਾ ਕਿ ਰਾਧਾ ਰਾਣੀ ਨੇ ਖੁਦ ਆਪਣੀਆਂ ਸੋਨੇ ਦੀਆਂ ਬਾਲੀਆਂ ਤੇ ਅੰਗੂਠੀਆਂ ਲਾਹ ਕੇ ਉਹਨਾਂ ਦੇ ਸਪੁਰਦ ਕਰ ਦਿੱਤੀਆਂ, ਜਿਸ ਦਾ ਰਾਧਾ ਰਾਣੀ ਨੂੰ ਕਾਫੀ ਦੇਰ ਬਾਅਦ ਪਤਾ ਚੱਲਿਆ ਕਿ ਉਹ ਲੁੱਟੀ ਗਈ ਹੈ, ਪਰ ਤਦ ਤੱਕ ਨੌਸਰਬਾਦ ਮੋਟਰਸਾਇਕਲ ‘ਤੇ ਸਵਾਰ ਹੋ ਕੇ ਉਥੋਂ ਰਫੂ ਚੱਕਰ ਹੋ ਚੁੱਕੇ ਸਨ। ਪੁਲਸ ਨੇ ਇਸ ਘਟਨਾ ਦਾ ਪਤਾ ਲੱਗਦਿਆਂ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਤਾਂ ਉਹਨਾਂ ਵਿੱਚੋਂ ਮੋਟਰਸਾਇਕਲ ਸਵਾਰ ਆਦਮੀ ਤੇ ਔਰਤ ਦੀਆਂ ਵਿਡੀਓਜ ਮਿਲ ਗਈਆਂ ਹਨ, ਜਿਹਨਾਂ ਦੇ ਜਰੀਏ ਪੁਲਸ ਉਕਤ ਨੌਸਰਬਾਜਾਂ ਨੂੰ ਲੱਭਣ ਵਿੱਚ ਜੁਟ ਗਈ ਹੈ। ਦੱਸ ਦਈਏ ਕਿ ਬਰਨਾਲਾ ਸਹਿਰ ਵਿੱਚ ਕਾਫੀ ਸਮਾਂ ਪਹਿਲਾਂ ਔਰਤਾਂ ਦੇ ਗਹਿਣੇ ਲੁਹਾਕੇ ਲਿਜਾਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਹੋਈਆਂ ਸਨ, ਪਰ ਉਹਨਾਂ ਘਟਨਾਵਾਂ ਦੀਆਂ ਵੀ ਸੀ.ਸੀ.ਟੀਵੀ ਕੈਮਰਿਆਂ ਦੀਆਂ ਤਸਵੀਰਾਂ ਤੇ ਵਿਡੀਓਜ ਮਿਲਣ ਦੇ ਬਾਵਜੂਦ ਵੀ ਬਰਨਾਲਾ ਪੁਲਸ ਉਹਨਾਂ ਨੌਸਰਬਾਜਾਂ ਨੂੰ ਅਜੇ ਤੱਕ ਨਹੀਂ ਲੱਭ ਸਕੀ।

Real Estate