ਪੰਜਾਬੀ ਸੂਬੇ ਦੇ ਪਿਤਾਮਾ ਨੂੰ ਯਾਦ ਕਰਦਿਆਂ …………….

238

                                                                                               ਪ੍ਰਿੰਸੀਪਲ ਸਰਵਣ ਸਿੰਘ ਔਜਲਾ                                               ਸੰਤ ਫਤਿਹ ਸਿੰਘ ਦੇ ਆਖਰੀ ਦਿਨਾਂ ਦਾ ਦਾਸਤਾਨ
ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਪੁਨਰਗਠਨ ਕਰਨ ਲਈ ਇਕ ਲੰਮੀ ਜਦੋ ਜਿਹਦ ਕਰਨੀ ਪਈ ।ਇਸਦੀ ਪ੍ਰਾਪਤੀ ਸੰਤ ਫ਼ਤਹਿ ਸਿੰਘ ਦੇ ਸਮੇਂ ਹੀ ਹੋਈ ਜਿਸ ਕਰਕੇ ਨਵੇਂ ਪੰਜਾਬ ਦਾ ਪਿਤਾਮਾ ਉਹਨਾਂ ਨੂੰ ਕਿਹਾ ਜਾਂਦਾ ਹੈ । ਅਜ ਪਿਤਾ ਦਿਵਸ ਤੇ ਉਹਨਾਂ ਨੂੰ ਯਾਦ ਕਰਨਾ ਬਣਦਾ ਹੈ । ਮੈਂ ਉਹਨਾਂ ਦੇ ਅੰਤਮ ਦਿਨ ਨੂੰ ਇਕ ਖਾਸ ਮੰਤਵ ਨਾਲ ਚੁਣਿਆ ਹੈ ਜਿਸਤੋਂ ਉਹਨਾਂ ਦੇ ਗੁਰਬਾਣੀ ਵਿਚ ਵਿਸਵਾਸ ਦਾ ਪਤਾ ਚਲਦਾ ਹੈ ।
ਮੈਂ ਕਿਸੇ ਕਾਰਜ ਪਿੰਡ ਢੋਲਣ ਗਿਆ ਸੀ ਜਿਹੜਾ ਜਗਰਾਉਂ ਤਹਿਸੀਲ ਵਿਚ ਰਾਇਕੋਟ ਜਗਰਾਉਂ ਸੜਕ ਤੋਂ ਪੂਰਬ ਵਾਲੇ ਕੁਛ ਹਟਵਾਂ ਹੈ ।ਗੁਰਦਵਾਰੇ ਸਾਹਿਬ ਦੇ ਇਕ ਕਮਰੇ ਵਿਚ ਸੰਤ ਫ਼ਤਹਿ ਸਿੰਘ ਦੀਆਂ ਯਾਦਗਾਰੀ ਵਸਤਾਂ ਪਈਆਂ ਸਨ ਤੇ ਮੈਂ ਇਹਨਾਂ ਨੂੰ ਧਿਆਨ ਨਾਲ ਦੇਖਣ ਲਗ ਪਿਆ । ਸੰਤ ਜੀ ਦਾ ਪਹਿਲਾਂ ਰਹਿ ਚੁਕਾ ਗੜਵਈ ਨੇ ਜਿਸ ਦਾ ਨਾਂ ਹੁਣ ਮੈਨੂੰ ਯਾਦ ਨਹੀ, ਇਹਨਾਂ ਵਸਤਾਂ ਬਾਰੇ ਵਿਸਤਾਰ ਦਿਤਾ ।ਉਸ ਨਾਲ ਗਲ ਬਾਤ ਤੋਂ ਸੰਤ ਜੀ ਦੇ ਅੰਤਮ ਸਫ਼ਰ ਵਾਲੇ ਦਿਨ ਦਾ ਪਤਾ ਲਗਿਆ ।ਉਹ ਅੰਤਮ ਛਿਨ ਤਕ ਸੰਤ ਜੀ ਦੇ ਨਾਲ ਰਿਹਾ ਸੀ ।
ਅਠਾਈ ਅਕਤੂਬਰ ਦੀ ਰਾਤ ਸੀ ।ਉਹ ਪਿੰਡ ਢੋਲਣ ਆਏ ਹੋਏ ਸਨ ।ਰਾਤ ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਆ ਗਏ ।ਉਹ ਸੰਤ ਜੀ ਨਾਲ ਨਾਰਾਜ਼ ਸਨ ਕਿ ਉਹਨਾਂ ਨੇ ਪਾਰਟੀ ਪਰਧਾਨਗੀ ਮੋਹਣ ਸਿੰਘ ਤੁੜ ਨੂੰ ਕਿਉਂ ਦਿਤੀ ਜਦਕਿ ਹੱਕ ਉਹਨਾਂ ਦਾ ਬਣਦਾ ਸੀ । ਸੰਤ ਜੀ ਦਾ ਕਹਿਣਾ ਸੀ ਕਿ ਬਹੁਸੰਮਤੀ ਤੁੜ ਨਾਲ ਸੀ,ਜਿਸ ਕਰਕੇ ਉਹਨਾਂ ਨੂੰ ਪਰਧਾਨ ਬਣਾਇਆ ਗਿਆ ਸੀ ।ਜੱਥੇਦਾਰ ਅੜਬ ਇਨਸਾਨ ਸਨ ।ਉਹ ਆਪਣੇ ਸੁਭਾਅ ਅਨੁਸਾਰ ਬਹੁਤ ਬੁਲਾ ਭਲਾ ਵੀ ਕਹਿ ਗਏ । ਜਗਦੇਵ ਸਿੰਘ ਦੇ ਇਸ ਬਿਵਹਾਰ ਤੋਂ ਸੰਤ ਜੀ ਨੂੰ ਮਾਨਸਿਕ ਦੁਖ ਪੁੱਜਾ ।ਉਹ ਦਿਲ ਦੇ ਰੋਗੀ ਸਨ ਜਿਸ ਕਰਕੇ ਉਹਨਾਂ ਨੂੰ ਰਾਤ ਨੂੰ ਹੀ ਤਕਲੀਫ਼ ਹੋ ਗਈ ਤੇ ਰਾਤ ਨੂੰ ਜਗਰਾਉਂ ਜਾਕੇ ਡਾਕਟਰ ਦੀ ਇਮਦਾਦ ਲੈਣੀ ਪਈ ।ਅਗਲੇ ਦਿਨ ਗੰਗਾ ਨਗਰ ਜਾਣ ਦਾ ਪ੍ਰੋਗਰਾਮ ਸੀ ।ਤੁਰਨ ਲਗੇ ਅਰਦਾਸ ਕੀਤੀ ਤੇ ਭਾਈ ਸਾਹਿਬ ਨੇ ਹੁਕਮ ਲਿਆ ਤਾਂ ਹੁਕਮ ਸਖਤ ਸੀ ।ਚਲੇ ਚਲਣ ਹਾਰ…….ਸੰਤ ਜੀ ਨੇ ਕਿਹਾ ਬਾਪੂ ਦਾ ਹੁਕਮ ਤਾਂ ਸਖਤ ਆ ਗਿਆ ਹੈ ।ਇਹ ਕਹਿ ਕੇ ਕਾਰ ਵਿਚ ਬੈਠ ਗਏ ।ਜਗਰਾਉਂ ਜਾਕੇ ਜਦ ਡ੍ਰਾਈਵਰ ਕਾਰ ਮੋਗੇ ਵਲ ਮੋੜਨ ਲਗਾ ਤਾਂ ਕਹਿਣ ਲਗੇ ਕਿ ਹੁਣ ਗੰਗਾ ਨਗਰ ਨਹੀਂ ਅਮ੍ਰਿਤਸਰ ਚਲਣਾ ਹੈ ।ਡ੍ਰਾਈਵਰ ਨੇ ਕਿਹਾ ਤਾਂ ਮੋਗੇ ਤੋਂ ਅਮ੍ਰਿਤਸਰ ਵਾਲਾ ਰਾਹ ਲੈ ਲਵਾਂਗੇ ਪਰ ਸੰਤ ਜੀ ਨੇ ਲੁਧਿਆਣੇ ਚਲਣ ਲਈ ਕਿਹਾ ।ਲਗਦਾ ਇਹ ਸੀ ਕਿ ਉਹਨਾਂ ਨੂੰ ਗਿਆਨ ਹੋ ਗਿਆਂ ਸੀ ਕਿ ਉਹਨਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ ਤੇ ਇਸ ਪਾਸੇ ਆਪਣੇ ਪਿਆਰਿਆਂ ਨੂੰ ਮਮਿਲ ਲੈਣਾ ਚਾਹੁੰਦੇ ਸਨ ।ਰਾਹ ਵਿਚ ਇਕ ਦੋ ਥਾਂਵਾਂ ਤੇ ਸੜਕ ਤੇ ਹੀ ਠਹਿਰ ਕੇ ਆਪਣੇ ਪਿਆਰਿਆਂ ਨੂੰ ਮਿਲੇ । ਪੰਡੋਰੀ ਨੇੜੇ ਸੜਕ ਕਿਨਾਰੇ ਇਕ ਮੰਜੀ ਤੇ ਪੈਕੇ ਇਕ ਪਿਆਰੇ ਨੂੰ ਉਡੀਕਦੇ ਰਹੇ ਤੇ ਉਸਨੂੰ ਮਿਲਕੇ ਲੁੱਧਿਆਣੇ ਲੁੱਧਿਆਣੇ ਗਿਆਨੀ ਗਿਆਨ ਸਿੰਘ ਦੀ ਚਾਹ ਦੀ ਦੁਕਾਨ ਤੇ ਪਹੁੰਚੇ ।ਗਿਆਨੀ ਜੀ ਬਹੁਤ ਹੀ ਗੁਰਮੁਖ ਸਿੰਘ ਸਨ ।ਸਾਡਾ ਉਹਨਾਂ ਨਾਲ 1948 – 50 ਵਾਹ ਰਿਹਾ ਹੈ ਜਦ ਅਸੀਂ ਸਰਕਾਰ ਵਿਰੁਧ ਪੰਜਾਬੀ ਸੂਬੇ ਦੀ ਕਾਇਮੀ ਲਈ ਕੰਮ ਕਰ ਰਹੇ ਸਾਂ । ਭਾਈ ਸਾਹਿਬ ਦੀ ਦੁਕਾਨ ਸਾਥੀ ਵਿਦਿਆਰਥੀਆਂ ਦਾ ਪਤਾ ਤੇ ਸੁਨੇਹੇਂ ਪ੍ਰਾਪਤ ਕਰਨ ਦਾ ਸਾਡਾ ਮੁੱਖ ਅੱਡਾ ਹੁੰਦਾ ਸੀ । ਗਿਆਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਪਰਖੇ ਹੋਏ ਵਰਕਰ ਸਨ । ਸੰਤ ਜੀ ਜਦ ਗਿਆਨੀ ਜੀ ਪਾਸ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਇਸ ਲਈ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਹੋ ਜਾਣਾ ਚਾਹੀਦਾ ਹੈ ਤੇ ਉਹ ਹੁਣੇ ਹੀ ਇੰਤਜ਼ਾਮ ਕਰ ਦਿੰਦੇ ਹਨ । ਪਰ ਸੰਤਾਂ ਹਸਪਤਾਲ ਜਾਣ ਤੋਂ ਇਨਕਾਰ ਕਰ ਦਿਤਾ ਕਿਹਾ ਕਿ ਉਹ ਕੇਵਲ ਗਿਆਨੀ ਜੀ ਨੂੰ ਮਿਲਣਾ ਚਾਹੁੰਦੇ ਸਨ ਜੋ ਵਾਹਿਗੁਰੂ ਦੀ ਕਿਰਪਾ ਨਾਲ ਹੋ ਗਿਆ ਹੈ ਤੇ ਉਹ ਹੁਣ ਸਿੱਧਾ ਅਮ੍ਰਿਤਸਰ ਹੀ ਪਹੁੰਚਣਾ ਹੈ ।ਉਹ ਸ਼ਾਮ ਦੇਰ ਨਾਲ ਅਮ੍ਰਿਤਸਰ ਪੁੱਜੇ।ਉਹਨਾਂ ਦਾ ਡਾਕਟਰ ਮਾਨ ਸਿੰਘ ਨਿਰੰਕਾਰੀ ਨਾਲ ਪਿਆਰ ਸੀ ।ਨਿਰੰਕਾਰੀ ਜੀ ਅਸਲੀ ਨਿਰੰਕਾਰੀ ਸਨ ਤੇ ਉਹਨਾਂ ਦਾ ਗੁਰਬਚਨ ਸਿੰਘ ਵਾਲੇ ਧੜੇ ਨਾਲ ਕੋਈ ਸੰਬੰਧ ਨਹੀਂ ਸੀ ।ਇਹ ਅੱਖਾਂ ਦੇ ਮਾਹਰ ਸਨ ਤੇ ਸੰਤ ਜੀ ਦੀਆਂ ਅੱਖਾਂ ਦਾ ਇਲਾਜ ਵੀ ਉਹਨਾਂ ਨੇ ਕੀਤਾ ਸੀ । ਸੰਤ ਜੀ ਡਾਕਟਰ ਸਾਹਿਬ ਦੇ ਘਰ ਪਹੁੰਚ ਗਏ ।ਡਾਕਟਰ ਸਾਹਿਬ ਘਰ ਨਹੀਂ ਨਹੀ ਸਨ ।ਉਹਨਾਂ ਦੀ ਪਤਨੀ ਚਾਂਦੀ ਦੇ ਕੱਪਾਂ ਵਿਚ ਚਾਹ ਲੈ ਆਈ ।ਸੰਤ ਜੀ ਕਹਿਣ ਲਗੇ, “ਫ਼ਕੀਰ ਕੀ ਤੇ ਚਾਂਦੀ ਦੇ ਕੱਪ ਕੀ ? ਫਿਰ ਕਹਿਣ ਲਗੇ ਬੀਬੀ ਕਹੇਗੀ ਕਿ “ਬੂਬਨਾ ਨਖਰੇ ਕਰਦੈ, ਲਿਆ ਪੀ ਲੈਨਾਂ” ਕੁਛ ਦੇਰ ਬਾਅਦਾ ਡਾਕਟਰ ਸਾਹਿਬ ਆ ਗਏ ।ਉਹਨਾਂ ਨੇ ਸੰਤ ਜੀ ਦੀ ਹਾਲਤ ਦੇਖੀ ਤੇ ਉਹ ਉਹਨਾਂ ਨੂੰ ਉਸੇ ਵਕਤ ਹਸਪਤਾਲ ਲੈ ਗਏ ਤੇ ਦਾਖਲ ਕਰਾਇਆ ।ਡਾਕਟਰਾਂ ਨੇ ਕਿਹਾ ਕਿ ਸੰਤਾਂ ਨੂੰ ਸਾਹ ਦਿਵਾਉਣ ਵਾਲੇ ਜੰਤਰ ਦੀ ਲੋੜ ਹੈ , ਉਹ ਅੰਮ੍ਰਿਤਸਰ ਵਿਚ ਉਪਲਬਧ ਨਹੀਂ ਸੀ ।ਸਾਰੇ ਪੰਜਾਬ ਵਿਚ ਵੈਂਟੀਲੇਟਰ ਨਹੀਂ ਸੀ ਤੇ ਕੇਵਲ ਚੰਡੀਗੜ੍ਹ ਪੀ ਜੀ ਆਈ ਵਿਚ ਸੀ।ਗਿਆਨੀ ਜ਼ੈਲ ਸਿੰਘ ਨੂੰ ਪਤਾ ਲਗਿਆ ਤਾਂ ਉਹਨਾਂ ਪੀ ਜੀ ਆਈ ਨੂੰ ਫ਼ੋਰਨ ਉਪਕਰਣ ਭੇਜਣ ਲਈ ਕਿਹਾ ।
ਹੁਣ ਅੱਧੀ ਰਾਜ ਗੁਜ਼ਰ ਚੁਕੀ ਸੀ । ਜਥੇਦਾਰ ਮੋਹਣ ਸਿੰਘ ਸਿਰਹਾਣੇ ਬੈਠੇ ਹੋਏ ਸਨ । ਸੰਤ ਜੀ ਨੇ ਉਹਨਾ ਨੂੰ ਕਿਹਾ “ਜਥੇਦਾਰ ਜੀ ! ਅਮ੍ਰਿਤ ਵੇਲਾ ਹੋ ਗਿਆ ।ਗੁਰਸਿਖ ਤਾਂ ਇਸ ਵੇਲੇ ਗੁਰਬਾਣੀ ਪੜ੍ਹਿਆ ਕਰਦੇ ਹਨ ।” ਜਥੇਦਾਰ ਜੀ ਨੇ ਜਪੁਜੀ ਸਾਹਿਬ ਦਾ ਪਾਠ ਆਰੰਭ ਕਰ ਦਿਤਾ ।ਜਦ ਪਾਠ ਪੂਰਾ ਕਰਨ ਤੇ ਜੱਥੇਦਾਰ ਸਾਹਿਬ ਨੇ ਸੰਤ ਜੀ ਤੇ ਨਜ਼ਰ ਮਾਰੀ ਤਾਂ ਉਹ ਗੁਰਪੁਰੀ ਲਈ ਚਾਲੇ ਪਾ ਚੁਕੇ ਸਨ ।
ਪੰਜਾਬੀ ਸੂਬਾ ਤਾਂ ਹੋਂਦ ਵਿਚ ਆ ਗਿਆ ਪਰ ਇਹ ਸੰਤਾਂ ਤੇ ਅਕਾਲੀ ਦਲ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰਦਾ ਸੀ ।ਸ਼੍ਰੀਮਤੀ ਇੰਦਿਰਾ ਗਾਂਧੀ ਆਪਣੇ ਕਥਨ ਅਨੁਸਾਰ ਉਹਨਾਂ ਨੂੰ ਮਜਬੂਰੀ ਵੱਸ ਇਸ ਮੰਗ ਨੂੰ ਮੰਨਣਾ ਪਿਆ ਜਦਕਿ ਇਹ ਉਸਦੇ ਪਿਤਾ ਤੇ ਸਰਦਾਰ ਪਟੇਲ ਦੀ ਪਾਲਿਸੀ ਦੇ ਉੋਲਟ ਸੀ ।ਇਸ ਪਾਲਿਸੀ ਅਨੂਸਾਰ ਉਤਰ ਪੱਛਮੀ ਭਾਰਤ ਨੂੰ ਕਿਸੀ ਕੀਮਤ ਤੇ ਵੀ ਪੁਨਰਗਠਨ ਨਹੀਂ ਕਰਨਾ, ਭਾਵੇਂ ਇਸ ਦੀ ਮੰਗ ਵਿਚ ਕੋਈ ਵੀ ਗੁਣ ਹੋਣ ।ਇਸ ਤੋਂ ਇਲਾਵਾ ਕਾਂਗਰਸ ਵਿਚ ਬੈਠੀ ਹੋਈ ਆਰੀਆ ਸਮਾਜ ਲਾਬੀ ਪੰਜਾਬੀ ਸੂਬੇ ਦੀ ਵੈਰੀ ਸੀ ਜਿਸਦੇ ਪਰਮੁਖ ਪੰਜਾਬ ਦਾ ਲਾਲਾ ਜਗਤ ਨਰਾਇਣ ਤੇ ਭਾਰਤ ਦਾ ਗ੍ਰਿਹ ਮੰਤਰੀ ਜਿਸ ਦੀ ਦੇਖ ਰੇਖ ਵਿਚ ਸੂਬਾ ਬਣਿਆ ਗੁਲਜ਼ਾਰੀ ਨੰਦਾ ਸੀ ।ਨੰਦਾ ਵੀ ਪੰਜਾਬ ਦਾ ਦੁਸ਼ਮਣ ਖੁਦ ਪੰਜਾਬੀ ਸੀ ।ਇਸ ਨੇ ਲਾਲਾ ਜਗਤ ਨਰਾਇਣ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਇਹੋ ਜਿਹਾ ਸੂਬਾ ਬਣਾਏਗਾ ਕਿ ਸਿਖ ਇਸ ਨੂੰ ਛਡ ਛਡ ਭੱਜਣ ਗੇ । ਸਿਖਾਂ ਵਿਚ ਇਹ ਕਮਜ਼ੋਰੀ ਰਹੀ ਹੈ ਕਿ ਇਹ ਜਲਦੀ ਗੁੱਸੇ ਵਿਚ ਆ ਜਾਂਦੇ ਹਨ ਤੇ ਲੰਮੀ ਸੋਚ ਨਹੀਂ ਅਪਣਾਉਂਦੇ ।ਪੰਜਾਬ ਪੁਨਰਗਠਨ ਲਈ ਕਮਿਸ਼ਨ ਬਣਾਉਣ ਵੇਲੇ ਮੱਦਾਂ ਵਿਚ ਬੋਲੀ ਤੇ ਹੋਰ ਗਲਾਂ ਨੂੰ ਨਾਲ ਜੋੜ ਦਿਤਾ ਗਿਆ ਜਿਸ ਨੂੰ ਅਕਾਲੀ ਨਹੀਂ ਸੀ ਚਾਹੁੰਦੇ ।ਉਹ ਕੇਵਲ ਭਾਸ਼ਾ ਨੂੰ ਹੀ ਮਿਣਤੀ ਗਜ਼ ਹੀ ਰਖਣਾ ਚਾਹੁੰਦੇ ਸਨ । ਉਹ ਕਮਿਸ਼ਨ ਦਾ ਬਾਈਕਾਟ ਕਰ ਗਏ । ਹੈਰਾਨੀ ਦੀ ਗਲ ਇਹ ਵੀ ਸੀ ਕਿ ਪੰਜਾਬ ਦੀ ਹੋਰ ਵਿਰੋਧੀ ਪਾਰਟੀਆਂ ਵੀ ਕਮਿਸ਼ਨ ਦੇ ਪੇਸ਼ ਨਾ ਹੋਈਆਂ ਉਹ ਵੀ ਇਹੋ ਰਟ ਲਾਉਂਦੀਆਂ ਰਹੀਆਂ ਕਿ ਅਕਾਲੀਆਂ ਨੇ ਗ਼ਲਤੀ ਕੀਤੀ ਹੈ । ਕਮਿਸ਼ਨ ਨੇ ਆਬਾਦੀ ਨੂੰ ਹੀ ਆਧਾਰ ਬਣਾ ਲਿਆ ਤੇ ਹਿੰਦੂ ਅਕਸਰੀਅਤ ਵਾਲੇ ਪੰਜਾਬੀ ਇਲਾਕੇ ਪੰਜਾਬ ਤੋਂ ਬਾਹਰ ਕਰ ਦਿਤੇ ।ਦਰਿਆਈ ਪਾਣੀਆਂ ਬਾਰੇ ਵੀ ਅਨਿਆਂ ਕੀਤਾ ਗਿਆ ।ਇਸ ਨੂੰ ਦਰੁਸਤ ਕਰਾਉਣ ਲਈ ਬਹੁਤ ਕੁਛ ਹੋਇਆ ਪਰ ਅਨਿਆਂ ਕਦੇ ਦੂਰ ਨਾ ਹੋ ਸਕਿਆ ।ਸੰਤ ਜੀ ਨੇ ਵੀ ਬਰਤ ਰਖੇ ਤੇ ਸੜ ਮਰਨ ਦੇ ਪ੍ਰੋਗਰਾਮ ਵੀ ਰਖੇ ਪਰ ਕੋਈ ਵੀ ਸਿਰੇ ਨਾ ਚੜ੍ਹ ਸਕੇ ।ਅਨਿਆਂ ਅਜੇ ਵੀ ਜਾਰੀ ਹੈ ਤੇ ਹੁਣ ਯਤਨ ਵੀ ਕੋਈ ਨਹੀਂ ਹੋ ਰਿਹਾ ।ਸੰਤ ਫ਼ਤਹਿ ਸਿੰਘ ਨੂੰ ਭੁਲਾ ਦਿਤਾ ਗਿਆ । ਨਿਰਾਸ਼ ਹੋਕੇ ਸੰਤ ਜੀ ਮਾਰਚ 1972 ਵਿਚ ਦਲ ਦੀ ਵਾਗ ਡੋਰ ਜੱਥੇਦਾਰ ਮੋਹਣ ਸਿੰਘ ਤੁੜ ਨੂੰ ਸੰਭਾਲ ਕੇ ਰਾਜਨੀਤੀ ਤਿਆਗ ਕੇ ਗੁਰਦੁਆਰਾ ਸੇਵਾ ਵਿਚ ਮੁੜ ਬੁੱਢਾ ਜੌਹੜ ਪਹੁੰਚ ਗਏ ਸਨ ।ਉਹ ਇਸੇ ਸੇਵਾ ਵਿਚ ਸਨ ਜਦ ਉਹਨਾਂ ਨੂੰ ਦਰਗਾਹੀ ਹੁਕਮ ਮਿਲ ਗਿਆ ਤੇ ਤੀਹ ਅਕਤੂਬਰ ਦੀ ਸਵੇਰ ਅਕਾਲ ਚਲਾਣਾ ਕਰ ਗਏ ।

Real Estate