ਪੰਚਾਇਤੀ ਅਖਾੜਾ ਹਰਿਦੁਆਰ ਦੀ ਜਾਇਦਾਦ ਹੜੱਪਣ ਦੇ ਦੋਸ਼ ‘ਚ ਪੰਜਾਬ ਦੇ 11 ਨਾਮੀ ਸੰਤਾਂ ਖਿਲਾਫ ਧੋਖਾਧੜੀ ਦਾ ਮੁੱਕਦਮਾ ਦਰਜ

282

ਚੰਡੀਗੜ, 20 ਜੂਨ (ਜਗਸੀਰ ਸਿੰਘ ਸੰਧੂ) : ਹਰਿਦੁਆਰ ਵਿਖੇ ਨਿਰਮਲ ਭੇਖ ਦੇ ਪੰਚਾਇਤੀ ਅਖਾੜਾ ਨਿਰਮਲ ਹਰਿਦੁਆਰ ਦੀ ਜਾਇਦਾਦ ਨੂੰ ਹੜੱਪਣ ਦੀ ਸਾਜਿਸ਼ ਕਰਨ ਵਾਲੇ ਪੰਜਾਬ ਦੇ 11 ਸੰਤਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹਨਾਂ ਸੰਤਾਂ ਵਿੱਚ ਪੰਜਾਬ ਦੇ ਪ੍ਰਸਿੱਧ ਸੰਤ ਕਸ਼ਮੀਰ ਸਿੰਘ ਭੂਰੀਵਾਲੇ,  ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਰੇਸ਼ਮ ਸਿੰਘ ਫਿਰੋਜਪੁਰ ਵਾਲੇ, ਮਹੰਤ ਸੰਤੋਖ ਸਿੰਘ ਪਾਦਲੀ ਹੁਸਿਆਰਪੁਰ, ਮਹੰਤ ਪ੍ਰੇਮ ਸਿੰਘ ਮੁਰੀਦਕੇ ਕਾਲਾ ਅਫਗਾਨਾ, ਮਹੰਤ ਕਮਲਜੀਤ ਸਿੰਘ ਝਨੇੜੀ ਸੰਗਰੂਰ, ਮਹੰਤ ਗੋਪਾਲ ਸਿੰਘ ਅੰਮ੍ਰਿਤਸਰ, ਮਹੰਤ ਜਗਜੀਤ ਸਿੰਘ ਕਨਖਲ ਹਰਿਦੁਆਰ, ਮਹੰਤ ਸੁੱਖਾ ਸਿੰਘ ਅੰਮ੍ਰਿਤਸਰ, ਮਹੰਤ ਬਿੱਕਰ ਸਿੰਘ ਖੰਡੂਰ ਸਾਹਿਬ ਅਤੇ ਮਹੰਤ ਜਗਤਾਰ ਸਿੰਘ ਨੈਣੈਵਾਲ ਬਰਨਾਲਾ ਸਾਮਲ ਹਨ। ਇਹਨਾਂ ਸਾਰਿਆਂ ਦੇ ਖਿਲਾਫ ਥਾਣਾ ਕਨਖਲ ਜ਼ਿਲਾ ਹਰਿਦੁਆਰ ਵਿੱਖੇ ਜਸਵਿੰਦਰ ਸਿੰਘ ਸਾਸਤਰੀ ਦੇ ਲਿਖਤੀ ਬਿਆਨਾਂ ਦੇ ਆਧਾਰ ‘ਤੇ ਐਫ.ਆਈ.ਆਰ ਨੰਬਰ 160 ਮਿਤੀ 19 ਜੂਨ 2020, ਧਾਰਾ 420, 467, 468, 471, 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅਖਾੜਾ ਨਿਰਮਲ ਹਰਿਦੁਆਰ ਦੇ ਖਜਾਨਚੀ ਜਸਵਿੰਦਰ ਸਿੰਘ ਸਾਸਤਰੀ ਵੱਲੋਂ ਹਰਿਦੁਆਰ ਦੇ ਐਸ.ਐਸ.ਪੀ ਨੂੰ ਦਰਖਾਸ਼ਤ ਵਿੱਚ ਕਿਹਾ ਗਿਆ ਹੈ ਕਿ ਪੰਚਾਇਤੀ ਅਖਾੜਾ ਨਿਰਮਲ ਰਜਿ: ਸ੍ਰੀ ਨਿਰਮਲ ਪੰਚਾਇਤੀ ਅਖਾੜਾ ਸਤੀ ਘਾਟ ਰੋਡ ਕਨਖਲ ਹਰਿਦੁਆਰ 249408 ਜ਼ਿਲਾ ਹਰਿਦੁਆਰ ਉਤਰਾਖੰਡ 0091 ਇੱਕ ਰਜਿਸਟਿਡ ਸੰਸਥਾ ਹੈ ਅਤੇ ਸ੍ਰੀ ਮਹੰਤ ਸੁਆਮੀ ਗਿਆਨਦੇਵ ਸਿੰਘ ਚੇਲਾ ਮਹੰਤ ਲਾਲ ਸਿੰਘ ਇਸ ਸੰਸਥਾ ਦੇ ਮੁੱਖੀ ਚਲੇ ਆ ਰਹੇ ਹਨ ਅਤੇ ਇਸ ਸੰਸਥਾ ਦੀ ਭਾਰਤ ਵਰਸ ਵਿੱਚ ਬਹੁਤ ਥਾਂਈ ਜਾਇਦਾਦ ਹੈ। ਇਸ ਸੰਸਥਾ ਦੇ ਸੰਵਿਧਾਨ ਮੁਤਾਬਿਕ ਇਸ ਸੰਸਥਾ ਦੇ ਮੁੱਖੀ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਵੀ ਸੰਸਥਾ ਦੀ ਕੋਈ ਵੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ, ਪਰ ਉਕਤ 11 ਵਿਅਕਤੀਆਂ ਨੇ ਇਸ ਸੰਸਥਾ ਦੀ ਜਾਇਦਾਦ ਹੜੱਪਣ ਦੀ ਨੀਯਤ ਨਾਲ ਪਿਛਲੇ ਸਮੇਂ ਤੋਂ ਕਈ ਤਰਾਂ ਦੇ ਯਤਨ ਕਰਦੇ ਆ ਰਹੇ ਹਨ, ਜਦੋਂਕਿ ਇਹ ਸੰਸਥਾ ਦੇ ਮੈਂਬਰ ਵੀ ਨਹੀਂ ਹਨ।  ਇਹਨਾਂ ਸਾਰਿਆਂ ਨੇ ਇੱਕ ਸਾਜਿਸ ਤਹਿਤ 19 ਅਗਸਤ 2019 ਨੂੰ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਨਾਮ ‘ਤੇ ਇੱਕ ਜਾਅਲੀ ਮੀਟਿੰਗ ਬੁਲਾਈ ਅਤੇ ਫਰਜੀ ਮਤਾ ਪਾ ਕੇ ਮਹੰਤ ਰੇਸ਼ਮ ਸਿੰਘ ਸੰਸਥਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ, ਜਦੋਂਕਿ ਇਹਨਾਂ ਵਿਚੋਂ ਕੋਈ ਵੀ ਸੰਸਥਾ ਦਾ ਮੁਢਲਾ ਮੈਂਬਰ ਵੀ ਨਹੀਂ ਹੈ। ਇਹਨਾਂ ਸਾਰਿਆਂ ਨੇ ਫਰਜੀ ਮਤੇ ਦੇ ਅਧਾਰ ‘ਤੇ ਦਫਤਰ ਉਪਪ੍ਰਬੰਧਕ ਸੋਸਾਇਟੀ, ਫਰਮ ਐਂਡ ਚਿਟਸ ਰੋਸ਼ਨਾਬਾਦ ਹਰਿਦੁਆਰ ਵਿੱਚ  ਧੋਖਾਧੜੀ ਨਾਲ ਸੰਸਥਾ ਦੀ ਸੁਸਾਇਟੀ ਵਿੱਚ ਫੇਰਬਦਲ ਕਰਨ ਦਾ ਯਤਨ ਕੀਤਾ ਅਤੇ ਉਸਦੇ ਅਧਾਰ ਦੇ ਆਪਣਾ ਨਾਮ ਦਰਜ ਕਰਵਾਉਣ ਦੀ ਕੋਸ਼ਿਸ ਕੀਤੀ ਹੈ। ਇਸ ਤਰਾਂ ਇਹਨਾਂ ਸਾਰਿਆਂ ਨੇ ਜਾਅਲੀ ਅਤੇ ਫਰਜੀ ਦਸਤਾਵੇਜ ਤਿਆਰ ਕਰਕੇ ਸੰਸਥਾ ਦੀ ਜਾਇਦਾਦ ਹੱੜਪਣ ਦੀ ਕੋਸਿਸ ਕੀਤੀ ਹੈ। ਇਸ ਸਿਕਾਇਤ ਦੇ ਅਧਾਰ ‘ਤੇ ਵੀ ਥਾਣਾ ਕਨਖਲ ਹਰਿਦੁਆਰ ਉਤਰਾਖੰਡ ਵਿਖੇ ਐਫ.ਆਈ.ਆਰ ਨੰਬਰ 160 ਮਿਤੀ 19 ਜੂਨ 2020, ਧਾਰਾ 420, 467, 468, 471, 120 ਬੀ ਤਹਿਤ ਮਹੰਤ ਰੇਸ਼ਮ ਸਿੰਘ ਪੁੱਤਰ  ਮਹੰਤ ਭਗਵਾਨ ਸਿੰਘ ਵਾਸੀ ਨਿਰਮਲ ਡੇਰਾ ਸੇਖਵਾਂ ਫਿਰੋਜਪੁਰ, ਪ੍ਰਸਿੱਧ ਸੰਤ ਕਸ਼ਮੀਰ ਸਿੰਘ ਭੂਰੀਵਾਲੇ ਪੁੱਤਰ ਮਹੰਤ ਗੁਰਦਿਆਲ ਵਾਸੀ ਡੇਰਾ ਤਪੋਵਨ ਤਰਨਤਾਰਨ ਰੋਡ ਅੰਮ੍ਰਿਤਸਰ, ਸੰਤ ਹਾਕਮ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਗੰਡਾ ਸਿੰਘ ਵਾਲਾ, ਜਿਲਾ ਸੰਗਰੂਰ, ਮਹੰਤ ਸੰਤੋਖ ਸਿੰਘ ਚੇਲਾ ਮਹੰਤ ਸੁੰਦਰ ਸਿੰਘ ਵਾਸੀ ਪਾਦਲੀ ਹੁਸਿਆਰਪੁਰ, ਮਹੰਤ ਪ੍ਰੇਮ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮੁਰੀਦਕੇ ਕਾਲਾ ਅਫਗਾਨਾ ਗੁਰਦਾਸਪੁਰ, ਮਹੰਤ ਕਮਲਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਝਨੇੜੀ ਭਵਾਨੀਗੜ ਜ਼ਿਲਾ ਸੰਗਰੂਰ, ਮਹੰਤ ਗੋਪਾਲ ਸਿੰਘ ਚੇਲਾ ਮਹੰਤ ਨਿਰੰਜਣ ਸਿੰਘ ਵਾਸੀ ਅਖਾੜਾ ਸੰਤ ਮੂਲ ਸਿੰਘ ਐਵੇਨਿਊ ਅੰਮ੍ਰਿਤਸਰ, ਮਹੰਤ ਜਗਜੀਤ ਸਿੰਘ ਪੁੱਤਰ ਮਹੰਤ ਮਹਿੰਦਰ ਸਿੰਘ ਵਾਸੀ ਨਿਰਮਲ ਸੰਤਪੁਰਾ ਕਨਖਲ ਹਰਿਦੁਆਰ ਉਤਰਾਖੰਡ, ਮਹੰਤ ਸੁੱਖਾ ਸਿੰਘ ਚੇਲਾ ਬਾਬਾ ਕਸ਼ਮੀਰ ਸਿੰਘ ਵਾਸੀ ਡੇਰਾ ਤਪੋਵਨ ਭੂਰੀ ਵਾਲੇ ਅੰਮ੍ਰਿਤਸਰ, ਮਹੰਤ ਬਿੱਕਰ ਸਿੰਘ ਚੇਲਾ ਸੁਰਜੀਤ ਸਿੰਘ ਵਾਸੀ ਖੰਡੂਰ ਸਾਹਿਬ ਤਰਨਤਾਰਨ ਅਤੇ ਮਹੰਤ ਜਗਤਾਰ ਸਿੰਘ ਚੇਲਾ ਦਰਸ਼ਨ ਸਿੰਘ ਵਾਸੀ ਨਿਰਮਲ ਡੇਰਾ ਨੈਣੇਵਾਲ ਜ਼ਿਲਾ ਬਰਨਾਲਾ ਦੇ ਬਰਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

Real Estate