ਭਾਰਤ ਸਰਕਾਰ ਨੇ ਜੇ ਡੰਡਿਆਂ ਤੇ ਮੁੱਕਿਆਂ ਨਾਲ ਲੜਾਈ ਕਰਵਾਉਣੀ ਹੈ ਤਾਂ ਫਿਰ ਆਰ.ਐਸ.ਐਸ ਦੇ ਮੈਂਬਰਾਂ ਨੂੰ ਹੀ ਸਰਹੱਦ ‘ਤੇ ਭੇਜ ਦੇਵੇ : ਕੈਪਟਨ

100

ਚੰਡੀਗੜ, 19 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਭਾਰਤੀ ਫੌਜ ਦੇ ਜਵਾਨਾਂ ਦੀ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਭਾਰਤੀ ਫੌਜ ਹਥਿਆਰਾਂ, ਪੱਥਰਾਂ ਜਾਂ ਕਿੱਲ ਜੜੀਆਂ ਰਾਡਾਂ ਅਤੇ ਲਾਠੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਜੇ ਭਾਰਤ ਸਰਕਾਰ ਚੀਨੀਆਂ ਨਾਲ ਘਸੁੰਨ ਮੁੱਕੀਆਂ ਜਾਂ ਲਾਠੀਆਂ ਵਾਲੀ ਲੜਾਈ ਲੜਨਾ ਚਾਹੁੰਦੀ ਹੈ ਤਾਂ ਉਸ ਨੂੰ ਆਰ.ਐਸ.ਐਸ. ਕਾਡਰ ਨੂੰ ਲੜਾਈ ਦੇ ਮੈਦਾਨ ਵਿਚ ਭੇਜਣਾ ਚਾਹੀਦਾ ਹੈ। ਸਾਡੇ ਜਵਾਨਾਂ ਨੂੰ ਹਥਿਆਰਾਂ ਦੀ ਲੋੜ ਹੈ ਅਤੇ ਉਨਾਂ ਨੂੰ ਸਪੱਸ਼ਟ ਆਦੇਸ਼ ਹੋਣੇ ਚਾਹੀਦੇ ਹਨ ਕਿ ਉਹ ਆਪਣੇ ਆਪ ਨੂੰ ਬਚਾਉਣ ਅਤੇ ਕਿਸੇ ਵੀ ਕੀਮਤ ’ਤੇ ਦੇਸ ਦੀ ਰੱਖਿਆ ਕਰਨ ਲਈ ਇਨਾਂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਰਹਿਣ। ਕੈਪਟਨ ਅਮਰਿੰਦਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਹੈ ਕਿ ਉਹ ਇੱਕ ਰਾਜਨੀਤਿਕ ਆਗੂ ਵੱਜੋਂ ਨਹੀਂ, ਸਗੋਂ ਇੱਕ ਫੌਜੀ ਦੇ ਤੌਰ ‘ਤੇ ਕਹਿ ਰਹੇ ਹਨ ਕਿ ‘‘ਭਾਰਤ ਦੀ ਸਰਕਾਰ ਵੱਲੋਂ ਸਰਹੱਦ ’ਤੇ ਤੈਨਾਤ ਸਾਡੇ ਸੈਨਿਕਾਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਜਾਵੇ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ਤਾਂ ਤੁਸੀਂ ਉਨਾਂ ਦੇ ਤਿੰਨ ਮਾਰੋ”।ਗਲਵਾਨ ਘਾਟੀ ਵਿੱਚ ਚੀਨੀਆਂ ਵੱਲੋਂ ਜਿਸ ਕਰੂਰਤਾ ਨਾਲ 20 ਭਾਰਤੀ ਫੌਜੀਆਂ ਨੂੰ ਕਤਲ ਕੀਤਾ ਗਿਆ ਉਸਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਹੋਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਉੱਪਰ ਹੋਏ ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿੱਤੇ ਜਾਣ ਦੀ ਉਮੀਦ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਯੂਨਿਟ ਪਾਸ ਹਥਿਆਰ ਸਨ, ਜਿਵੇਂ ਹੁਣ ਦਾਅਵਾ ਕੀਤਾ ਜਾ ਰਿਹਾ ਹੈ, ਦੁਜੇਲੇ ਕਮਾਂਡ ਕਰਨ ਵਾਲੇ ਨੂੰ ਉਸ ਪਲ ਫਾਇਰਿੰਗ ਦੇ ਹੁਕਮ ਦੇਣੇ ਚਾਹੀਦੇ ਸਨ ਜਦੋਂ ਕਮਾਂਡਿੰਗ ਅਫਸਰ ਚੀਨੀਆਂ ਦੀ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਕੌਮ ਜਾਨਣਾ ਚਾਹੁੰਦੀ ਹੈ ਕਿ ਕਿਉ ਸਾਡੇ ਵਿਅਕਤੀਆਂ ਵੱਲੋਂ ਮੁੜਵਾਂ ਹਮਲਾ ਨਹੀਂ ਕੀਤਾ ਗਿਆ ਜਿਸ ਲਈ ਉਨਾਂ ਨੂੰ ਟ੍ਰੇਨਿੰਗ ਮਿਲੀ ਹੈ ਅਤੇ ਜੇਕਰ ਉਨਾਂ ਪਾਸ ਹਥਿਆਰ ਸਨ ਤਾਂ ਕਿਉ ਗੋਲੀ ਨਹੀਂ ਚਲਾਈ ਗਈ। ਉਨਾਂ ਪੁੱਛਿਆ ਕਿ ਉਹ ਉਥੇ ਬੈਠੇ ਕੀ ਕਰ ਰਹੇ ਸਨ ਜਦੋਂ ਉਨਾਂ ਦੇ ਸਾਥੀਆਂ ਨੂੰ ਮਾਰਿਆ ਜਾ ਰਿਹਾ ਸੀ। ਇਹ ਸਵਾਲ ਕਰਦਿਆਂ ਕਿ ਭਾਰਤੀ ਜਵਾਨਾਂ ’ਤੇ ਹੋਏ ਦਰਦਨਾਕ ਹਮਲੇ ਨੂੰ ਵੇਖਦਿਆਂ ਚੀਨੀਆਂ ’ਤੇ ਗੋਲੀ ਚਲਾਉਣ ਦੇ ਆਦੇਸ਼ ਕਿਉ ਨਹੀਂ ਦਿੱਤੇ ਗਏ, ਮੁੱਖ ਮੰਤਰੀ ਨੇ ਕਿਹਾ, ‘‘ਕੋਈ ਉਥੇ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫਲ ਰਿਹਾ ਹੈ ਅਤੇ ਸਾਨੂੰ ਇਹ ਲੱਭਣ ਦੀ ਜ਼ਰੂਰਤ ਹੈ ਕਿ ਉਹ ਕੌਣ ਸੀ। ਮੁੱਖ ਮੰਤਰੀ ਨੇ ਇਸ ਗੱਲ ’ਤੇ ਜੋਰ ਦਿੰਦਿਆਂ ਕਿ ਭਾਰਤੀ ਫੌਜ ਇਕ ਉੱਚ ਪੇਸ਼ੇਵਰ ਫੋਰਸ ਹੈ ਅਤੇ ਕਿਸੇ ਵੀ ਦੁਸ਼ਮਣ ਦਾ ਮੁਕਾਬਲਾ ਕਰਨ ਵਿਚ ਪੂਰੀ ਤਰਾਂ ਸਮਰੱਥ ਹੈ।

Real Estate