ਪੰਜਾਬ ‘ਚ ਕੋਰੋਨਾ ਬਲਾਸਟ, ਅੱਜ ਆਏ 217 ਨਵੇਂ ਮਰੀਜ਼ ਅਤੇ 9 ਮੌਤਾਂ ਹੋਈਆਂ

ਚੰਡੀਗੜ, 19 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਅੱਜ 217 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 3832 ਹੋ ਗਈ ਹੈ ਅਤੇ ਅੱਜ 9 ਹੋਰ ਮੌਤਾਂ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 92 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਸਭ ਤੋਂ ਵੱਧ ਜਲੰਧਰ ਜ਼ਿਲੇ ਵਿੱਚ 79 ਅਤੇ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 35 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਲੁਧਿਆਣਾ ਜ਼ਿਲੇ ਵਿੱਚ 19, ਸੰਗਰੂਰ ਜ਼ਿਲੇ ਵਿੱਚ 18, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 11, ਪਟਿਆਲਾ ਅਤੇ ਪਠਾਨਕੋਟ ਜਿਲਿਆਂ ਵਿੱਚ 8-8, ਕਪੂਰਥਲਾ ਜ਼ਿਲੇ ਵਿੱਚ 7, ਮੁਕਤਸਰ ਸਾਹਿਬ ਜ਼ਿਲੇ ਵਿੱਚ 6, ਫਰੀਦਕੋਟ ਤੇ ਹੁਸਿਆਰਪੁਰ ਜਿਲਿਆਂ ਵਿੱਚ 5-5, ਬਰਨਾਲਾ, ਬਠਿੰਡਾ ਤੇ ਫਿਰੋਜਪੁਰ ਜਿਲਿਆਂ ਵਿੱਚ 3-3, ਤਰਨਤਾਰਨ ਸਾਹਿਬ ਤੇ ਫਤਿਹਗੜ ਸਾਹਿਬ ਜਿਲਿਆਂ ਵਿੱਚ 2-2, ਰੋਪੜ, ਗੁਰਦਾਸਪੁਰ ਤੇ ਫਾਜਿਲਕਾ ਜਿਲਿਆਂ ਵਿੱਚ 1-1 ਨਵਾਂ ਮਰੀਜ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ। ਕੋਰੋਨਾ ਨਾਲ ਅੱਜ ਹੋਈਆਂ 9 ਮੌਤਾਂ ਅੰਮ੍ਰਿਤਸਰ ਜਿਲੇ ਵਿੱਚ 2, ਜਲੰਧਰ ਜਿਲੇ ਵਿੱਚ 2, ਮੋਗਾ ਜ਼ਿਲੇ ਵਿੱਚ 1, ਬਰਨਾਲਾ ਜ਼ਿਲੇ ਵਿੱਚ 1, ਸੰਗਰੂਰ ਜ਼ਿਲੇ ਵਿੱਚ 1, ਪਟਿਆਲਾ ਜ਼ਿਲੇ ਵਿੱਚ 1 ਅਤੇ ਤਰਨਤਾਰਨ ਸਾਹਿਬ ਜ਼ਿਲੇ ਵਿੱਚ 1 ਮਰੀਜ ਦੀ ਜਾਨ ਗਈ ਹੈ।
ਪੰਜਾਬ ਵਿੱਚ ਹੁਣ ਤੱਕ 227012  ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 3832 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 1104 ਐਕਟਿਵ ਕੇਸ ਹਨ, ਜਿਹਨਾਂ ‘ਚੋਂ 27 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 4 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹੁਣ ਤੱਕ ਆਏ ਮਰੀਜਾਂ ਵਿੱਚੋਂ 2636 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ, ਜਦਕਿ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ 92 ਮੌਤਾਂ ਹੋ ਚੁੱਕੀਆਂ ਹਨ।

Real Estate