ਚੀਨ ਤੇ ਭਾਰਤੀ ਫੌਜ ‘ਚ ਟਕਰਾਅ ‘ਤੇ ਕੈਪਟਨ ਤੇ ਸੁਖਬੀਰ ਬਾਦਲ ਆਪਸ ਵਿੱਚ ਟੱਕਰੇ

196

ਚੰਡੀਗੜ, 19 ਜੂਨ (ਜਗਸੀਰ ਸਿੰਘ ਸੰਧੂ) : ਗਲਵਾਨ ਵਾਦੀ ‘ਤੇ ਕਬਜੇ ਨੂੰ ਲੈ ਕੇ ਚੀਨ ਅਤੇ ਭਾਰਤ ਦੀਆਂ ਫੌਜਾਂ ਦਰਮਿਆਨ ਹੋਈਆਂ ਝੜਪਾਂ ਵਿੱਚ ਸਹੀਦ ਹੋਏ ਭਾਰਤੀ ਫੌਜੀਆਂ ਨੂੰ ਜਿਥੇ ਪੂਰਾ ਦੇਸ਼ ਸਰਧਾਂਜਲੀਆਂ ਭੇਟ ਕਰ ਰਿਹਾ ਹੈ, ਉਥੇ ਪੰਜਾਬ ਦੇ ਸਿਆਸੀ ਲੀਡਰ ਇਸ ਸੰਵੇਦਨਸ਼ੀਲ ਮੌਕੇ ‘ਤੇ ਵੀ ਇੱਕ ਦੂਸਰੇ ਵਿਰੁੱਧ ਬਿਆਨਬਾਜੀ ਕਰ ਰਹੇ ਹਨ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ‘ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ‘ਤੇ ਦੋਸ਼ ਲਗਾਏ ਹਨ ਕਿ ਉਹ ਗਲਵਾਨ ਘਾਟੀ ਦੇ ਮੁੱਦੇ ‘ਤੇ ਸਿਆਸਤ ਖੇਡ ਰਹੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮਾਮਲੇ ‘ਤੇ ਟਵੀਟ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਇਸ ਮਾਮਲੇ ‘ਤੇ ਗਲਤ ਬਿਆਨਬਾਜੀ ਕਰਕੇ ਆਪਣੀ ਸਿਆਸਤ ਚਮਕਾ ਰਹੇ ਹਨ। ਉਥੇ ਹੁਣ ਦੂਸਰੇ ਪਾਸੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਦੋਸ਼ ਦਾ ਪ੍ਰਤੀਕ੍ਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਸਾਬਕਾ ਫੌਜੀ ਹੋਣ ਦੇ ਨਾਤੇ ਉਨ੍ਹਾਂ ਨੂੰ ਮਸਲੇ ਬਾਰੇ ਆਪਣੀ ਰਾਏ ਰੱਖਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ 20 ਜਵਾਨਾਂ ਦੀ ਮੌਤ ਹੋ ਜਾਣ ‘ਤੇ ਕੋਈ ਫੌਜੀ ਇੱਥੋਂ ਤੱਕ ਕਿ ਕੋਈ ਭਾਰਤੀ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।  ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਵੱਲੋਂ ਪੇਸ਼ ਕੀਤੀ ਜਾ ਰਹੀ ਗੁੰਮਰਾਹਕੁਨ ਤਸਵੀਰ ਦੇ ਉਲਟ ਉਹ ਇਸ ਨਾਜ਼ੁਕ ਸਥਿਤੀ ਵਿੱਚ ਹਰ ਭਾਰਤੀ ਵਾਂਗ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਰ ਇਸ ਨਾਲ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਨੂੰ ਇਕ ਫੌਜੀ ਵਜੋਂ ਬੋਲਣ ਜਾਂ ਵਿਚਾਰ ਰੱਖਣ ਦੇ ਹੱਕ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ। ਇਹ ਸਥਿਤੀ ਪੂਰੇ ਮੁਲਕ ਲਈ ਚਿੰਤਾ ਦਾ ਵਿਸ਼ਾ ਹੈ।

Real Estate