ਅੰਮ੍ਰਿਤਸਰ ਪੁਲਸ ਵੱਲੋਂ ਦੋ ਖਾਲਿਸਤਾਨੀ ਖਾੜਕੂਆਂ ਨੂੰ ਭਾਰੀ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ

ਪਾਕਿਸਤਾਨ ਨਾਲ ਸੰਬਧਾਂ ਵਾਲੇ ਇਹਨਾਂ ਖਾੜਕੂਆਂ ਕੋਲੋਂ ਇੱਕ ਐਮਪੀ 5 ਸਬ-ਮਸ਼ੀਨ ਗੰਨ, ਇਕ 9 ਐਮਐਮ ਪਿਸਤੌਲ, 4 ਮੈਗਜ਼ੀਨ ਅਤੇ ਦੋ ਮੋਬਾਈਲ ਬਰਾਮਦ ਕੀਤੇ : ਡੀ.ਜੀ.ਪੀ
ਚੰਡੀਗੜ੍ਹ, 19 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਦੋ ਕਥਿਤ ਖਾਲਿਸਤਾਨੀ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਜਰਮਨ ਦੀ ਬਣੀ ਇਕ ਐਮਪੀ 5 ਸਬ-ਮਸ਼ੀਨ ਗਨ, ਇਕ 9 ਐਮਐਮ ਪਿਸਤੌਲ, 4 ਮੈਗਜ਼ੀਨ ਅਤੇ ਸ਼ੱਕੀ ਗੱਲਬਾਤ, ਸੰਦੇਸ਼, ਫੋਟੋਆਂ ਆਦਿ ਵਾਲੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੰਜਾਬ ਪੁਲਸ ਦੇ ਮੁੱਖੀ ਦਿਨਕਰ ਗੁਪਤਾ ਨੇ ਇਹ ਦਾਅਵਾ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਇਹ ਪਾਕਿਸਤਾਨ  ਦੁਆਰਾ ਸਪਾਂਸਰ ਕੀਤੇ ਆਈਐਸਆਈ ਅਤੇ ਭਾਰਤ ਵਿਰੋਧੀ ਤੱਤਾਂ ਨਾਲ ਬਾਕਾਇਦਾ ਸੰਪਰਕ ਵਿਚ ਸਨ ਅਤੇ ਆਪਣੇ ਆਕਾਵਾਂ ਦੇ ਇਸਾਰੇ ‘ਤੇ ਮਿੱਥ ਕੇ ਹੱਤਿਆ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਸਬੰਧੀ ਗਤੀਵਿਧੀਆਂ ਚਲਾਉਂਦੇ ਸਨ। ਇਹਨਾਂ ਕੋਲੋਂ ਫੜੇ ਗਏ ਮੋਬਾਈਲ ਫੋਨਾਂ ਵਿਚ ਪਾਕਿਸਤਾਨ ਅਧਾਰਤ ਤੱਤਾਂ ਨਾਲ ਸ਼ੱਕੀ ਲੈਣ-ਦੇਣ ਦਾ ਖੁਲਾਸਾ ਵੀ ਹੋਇਆ ਹੈ ਅਤੇ ਕੁਝ ਫੋਟੋਆਂ, ਆਡੀਓਜ਼, ਵੀਡੀਓਜ ਅਤੇ ਨਕਸੇ ਵੀ ਮਿਲੇ ਹਨ, ਜੋ ਦਰਸਾਉਂਦੇ ਹਨ ਕਿ ਇਹ ਵੱਡੀ ਪੱਧਰ ‘ਤੇ ਦਹਿਸਤਗਰਦੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਚਾਹੁੰਦੇ ਸਨ।
ਇਸ ਸਬੰਧੀ  ਮਿਤੀ 19.06.2020  ਨੂੰ 120 ਬੀ, 121 ਆਈਪੀਸੀ, 25, 54, 59 ਆਰਮਜ਼ ਐਕਟ ਆਰ / ਡਬਲਯੂ 13, 17, 18, 18 ਬੀ, 20 ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ,ਤਹਿਤ ਐਫ.ਆਈ.ਆਰ. ਨੰਬਰ 184 ਦਰਜ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਨੂੰ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਅਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਜੀ ਟੀ ਰੋਡ, ਥਾਣਾ ਜੰਡਿਆਲਾ ਦੇ ਗੁਰਦਾਸਪੁਰੀਆ ਢਾਬੇ ਨੇੜੇ ਇੱਕ ਜਗ੍ਹਾ ਤੇ ਛਾਪਾ ਮਾਰਿਆ ਅਤੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕਰ ਲਿਆ।
ਡੀਜੀਪੀ ਦੇ ਅਨੁਸਾਰ ਗੰਡਾ ਸਿੰਘ ਕਲੋਨੀ, ਸੁਲਤਾਨਵਿੰਡ ਰੋਡ, ਅਮ੍ਰਿਤਸਰ ਦੇ ਵਸਨੀਕ 44 ਸਾਲਾ ਗੁਰਮੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਏ  ਕਿ ਤਸਵੀਰਾਂ ਅਤੇ ਵਾਇਸ ਸੰਦੇਸ਼ ਉਨ੍ਹਾਂ ਨੂੰ ਪਾਕਿਸਤਾਨ ਅਧਾਰਤ ਹੈਂਡਲਰਾਂ ਦੁਆਰਾ ਸ਼ੇਅਰ ਕੀਤੇ ਗਏ ਸਨ ਤਾਂ ਕਿ ਉਹ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਸਥਾਨਾਂ ਤੇ ਹਥਿਆਰ  ਉਪਲਬਧ ਕਰਾਉਣ ਸਬੰਧੀ ਜਾਣਕਾਰੀ ਹਾਸਲ ਕਰ ਸਕਣ।ਉਨ੍ਹਾਂ ਅੱਗੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਾਕਿਸਤਾਨ ਸਥਿਤ ਹੈਂਡਲਰ ਉਨ੍ਹਾਂ ਨੂੰ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਨ ਦੀ ਹਦਾਇਤ ਕਰ ਰਹੇ ਸਨ, ਖ਼ਾਸਕਰ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ। ਗੁਰਮੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਆਪਣੇ ਪ੍ਰਬੰਧਕਾਂ ਨੂੰ ਮਿਲਣ ਲਈ ਕਰੀਬ 3 ਸਾਲ ਪਹਿਲਾਂ ਪਾਕਿਸਤਾਨ ਗਿਆ ਸੀ।
ਗੁਰਮੀਤ ਸਿੰਘ ਪਹਿਲਾਂ ਆਪਣੇ ਭਰਾ ਨਾਲ ਧੋਖਾਧੜੀ ਦੇ ਇੱਕ ਕੇਸ ਵਿੱਚ ਸ਼ਾਮਲ ਸੀ, ਅਤੇ ਉਸਦੇ ਵਿਰੁੱਧ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਗੁਪਤਾ ਨੇ ਕਿਹਾ ਕਿ ਅੱਤਵਾਦੀ ਮਡਿਊਲ ਦੇ ਪਾਕਿ ਅਧਾਰਤ ਆਕਾਵਾਂ ਅਤੇ ਹੈਂਡਲਰਾਂ ਦੀ ਪਛਾਣ ਤੈਅ ਕਰਨ ਦੀ ਕੋਸਿ਼ਸ਼ ਜਾਰੀ  ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਦੇ ਅੱਤਵਾਦੀ ਮਡਿਊਲ ਦੀ ਹਰ ਕੜੀ ਅਤੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
Real Estate