ਚਨਾਬ –

289

ਨਿਰਮਲ ਸਿੰਘ

  ਇਹ ਦਰਿਆ ਪੰਜਾਬ ਦੀ ਰੂਹ ਵਰਗਾ ਹੈ। ਅਸੀਂ ਬਹੁਤਾ ਕਰਕੇ ਇਸ ਨੂੰ ਝਨਾਂ ਦੇ ਨਾਮ ਨਾਲ ਸੰਬੋਧਨ ਕਰਦੇ ਰਹੇ ਹਾਂ। ਵੈਦਿਕ ਕਾਲ ਦੌਰਾਨ ਇਸ ਨੂੰ ਅਸ਼ਕਿਨੀ ਤੇ ਇਸ਼ਮਤੀ ਨਾਵਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਖੂਬਸੂਰਤ ਵਾਦੀ ਲਹੌਲ ਨੂੰ ਜਾਂਸਕਾਰ ਨਾਲੋਂ ਵੱਖ ਕਰਦੀ ਪਹਾੜੀ ਲੜੀ ਵਿੱਚ ਸਥਿਤ ਬਾਰਲਾਚਾ ਦਰੇ ਦੇ ਸਿਖਰ ਤੋਂ ਜਰਾ ਕੁ ਹੇਠਾਂ ਪੱਛਮ ਵੱਲ ਸੂਰਜ ਤਾਲ ਨਾਮ ਦੀ ਝੀਲ ਹੈ। ਇਸ ਝੀਲ ਤੋਂ ਭਾਗਾ ਨਦੀ ਸ਼ੁਰੂ ਹੁੰਦੀ ਹੈ। ਇਸੇ ਭਾਗਾ ਨਦੀ ਦੇ ਕੰਢੇ ਲਹੌਲ ਅਤੇ ਸਪਿਤੀ ਜਿਲ੍ਹੇ ਦਾ ਸਦਰ ਮੁਕਾਮ ਕੇਲਾਂਗ ਵੱਸਿਆ ਹੋਇਆ ਹੈ। ਬਾਰਲਾਚਾ ਦਰੇ ਤੋਂ ਹੀ ਉੱਤਰ ਪੂਰਬ ਵੱਲ ਵੀ ਇੱਕ ਜਲਧਾਰਾ ਚੱਲਦੀ ਹੈ ਜੋ ਥੋੜ੍ਹਾ ਅੱਗੇ ਜਾ ਕੇ ਚੰਦਰਤਾਲ ਝੀਲ ਦੇ ਨਾਲ ਖਹਿੰਦੀ ਹੋਈ ਲੰਘਦੀ ਹੈ ਤੇ ਚੰਦਰਾ ਨਦੀ ਵਜੋਂ ਜਾਣੀ ਜਾਂਦੀ ਹੈ।

ਸੂਰਜ ਤਾਲ

ਚੰਦਰਾ ਤੇ ਭਾਗਾ ਕੇਲਾਂਗ ਦੇ ਨੇੜੇ ਟਾਂਡੀ ਦੇ ਸਥਾਨ ਤੇ ਸੰਗਮ ਬਣਾਉਂਦੀਆਂ ਹਨ ਤੇ ਇੱਥੋਂ ਅੱਗੇ ਇਸ ਦਾ ਨਾਮ ਚੰਦਰਭਾਗਾ ਹੋ ਜਾਂਦਾ ਹੈ। ਪਾਂਗੀ ਵਾਦੀ ਦੇ ਸਾਹਮਣੇ ਤੋਂ ਲੰਘਦਿਆਂ ਜੰਮੂ-ਕਸ਼ਮੀਰ ਦੇ ਭੱਦਰਵਾਹ ਤੇ ਕਿਸ਼ਤਵਾੜ ਦਾ ਰੁਖ ਕਰ ਲੈਣ ਤੋਂ ਬਾਅਦ ਇਸਨੂੰ ਚਨਾਬ ਵਜੋਂ ਬੁਲਾਇਆ ਜਾਣ ਲੱਗਦਾ ਹੈ। ਲਹੌਲ ਵਾਦੀ ਅਤੇ ਪਾਂਗੀ ਵਾਦੀ ਵਿੱਚੋਂ ਲੰਘਦਿਆਂ ਚਨਾਬ ਤੰਗ ਜਿਹੀ ਘਾਟੀ ਬਣਾਉਂਦਾ ਹੈ ਅਤੇ ਦੋਵੇ ਪਾਸੇ ਦੀਆਂ ਅਸਮਾਨ ਛੂੰਹਦੀਆਂ ਪਹਾੜੀਆਂ ਤੋਂ ਸੈਂਕੜੇ ਵਿਸ਼ਾਲ ਅਤੇ ਮਨਮੋਹਕ ਝਰਨੇ ਚਨਾਬ ਦਾ ਸ਼ਿੰਗਾਰ ਬਣਦੇ ਹਨ। ਸੜਕੀ ਰਸਤੇ ਜੰਮੂ ਤੋਂ ਸ੍ਰੀਨਗਰ ਜਾਂਦਿਆਂ ਰਾਮਬਨ ਕੋਲੋਂ ਅਸੀਂ ਚਨਾਬ ਦਰਿਆ ਨੂੰ ਪਾਰ ਕਰਦੇ ਹਾਂ।

ਬਗਲੀਹਾਰ ਡੈਮ

ਅੱਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੂਮੀ ਰਿਆਸੀ ਕੋਲੋਂ ਹੋ ਕੇ ਅਖਨੂਰ ਦੇ ਵਿਚਦੀ ਲੰਘਦਿਆਂ ਪਾਕਿਸਤਾਨ ਦਾ ਰੁਖ ਕਰ ਲੈਂਦਾ ਹੈ।ਇਸ ਦੌਰਾਨ ਮਿਆਰ ਨਾਲਾ, ਸੋਹਲ, ਥਰੋਟ, ਭੂਤ ਨਾਲਾ, ਮਰੂਸੁਦਾਰ ਤੇ ਲਿਦਰਾਰੀ ਆਦਿ ਕਈ ਨਿੱਕੇ ਵੱਡੇ ਨਦੀਆਂ ਨਾਲੇ ਚਨਾਬ ਵਿੱਚ ਰਲਦਿਆਂ ਇਸ ਨੂੰ ਵਿਸ਼ਾਲਤਾ ਦਿੰਦੇ ਹਨ। ਪਾਕਿਸਤਾਨ ਵਿੱਚ ਜਾ ਕੇ ਜੰਮੂ ਵਿੱਚਦੀ ਲੰਘਦੀ ਤਵੀ ਵੀ ਚਨਾਬ ਵਿੱਚ ਰਲ ਜਾਂਦੀ ਹੈ।

ਚੰਦਰਾ ਨਦੀ

ਅੱਗੇ ਝੰਗ ਨੇੜੇ ਜਿਹਲਮ ਚਨਾਬ ਵਿੱਚ ਵਿਲੀਨ ਹੋ ਜਾਂਦਾ ਹੈ ਤੇ ਅੱਗੇ ਪਹਿਲਾਂ ਰਾਵੀ ਤੇ ਫਿਰ ਉੱਚ ਸ਼ਰੀਫ਼ ਨੇੜੇ ਸਤਲੁਜ ਨੂੰ ਰਲਾਉਂਦਿਆਂ ਇਹ ਪੰਜ ਦਰਿਆ ਮਿਲ ਕੇ ਪੰਜਨਦ ਅਖਵਾਉਂਦੇ ਚੱਲਦੇ ਹਨ। ਫਿਰ ਥੋੜ੍ਹਾ ਅੱਗੇ ਜਾ ਕੇ ਇਹ ਸਿੰਧ ਦਰਿਆ ਨੂੰ ਆਪਾ ਸੌਂਪ ਦਿੰਦੇ ਹਨ । ਡੋਡਾ ਤੋਂ ਕਿਸ਼ਤਵਾੜ, ਗੁਲਾਬਗੜ੍ਹ, ਕਿਲਾੜ ਹੋ ਕੇ ਲਹੌਲ ਵਾਦੀ ਦੇ ਟਾਂਡੀ ਤੱਕ ਆਉਂਦੀ ਸੜਕ ਦੁਨੀਆਂ ਦੀਆਂ ਸਭ ਤੋਂ ਖਤਰਨਾਕ ਸੜਕਾਂ ਵਿੱਚ ਸ਼ੁਮਾਰ ਹੁੰਦੀ ਹੈ, ਜਿਸ ਨੂੰ ‘Cliffhanger Road’ ਵੀ ਆਖਿਆ ਜਾਂਦਾ ਹੈ। ਇਸ ਸੜਕ ਤੇ ਸਫਰ ਕਰਨਾ ਹਰ ਰੋਮਾਂਚ ਪ੍ਰੇਮੀ ਦੀ ਚਾਹਨਾ ਹੁੰਦੀ ਹੈ ਸਿਕੰਦਰ ਨੇ ਆਪਣੀ ਵਿਸ਼ਵ ਜੇਤੂ ਮੁਹਿੰਮ ਦੌਰਾਨ ਚਨਾਬ ਤੇ ਸਤਲੁਜ ਦੇ ਸੰਗਮ ਨੇੜੇ ਅਲੈਗਜੈਂਡਰੀਆ ਨਾਮ ਦਾ ਸ਼ਹਿਰ ਵੀ ਵਸਾਇਆ ਸੀ ਜੋ ਅੱਜਕੱਲ੍ਹ ਉੱਚ ਸ਼ਰੀਫ਼ ਕਰਕੇ ਜਾਣਿਆ ਜਾਂਦਾ ਹੈ। ਚਨਾਬ ਤੇ ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ ਵਿੱਚ ਭਾਰਤ ਵੱਲੋਂ ਉਸਾਰਿਆ ਬਗਲੀਹਾਰ ਡੈਮ ਕਾਫੀ ਸਮਾਂ ਭਾਰਤ ਪਾਕਿਸਤਾਨ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਰਿਹਾ। ਕਿਸੇ ਵੀ ਹੋਰ ਦਰਿਆ ਨੂੰ ਪੰਜਾਬੀ ਸੱਭਿਆਚਾਰ ਅਤੇ ਲੋਕਗੀਤਾਂ ਵਿੱਚ ਉਹ ਸਥਾਨ ਹਾਸਲ ਨਹੀਂ ਹੋਇਆ ਜੋ ਝਨਾਂ ਨੂੰ ਹੋਇਆ ਹੈ। ਇਸ ਝਨਾਂ ਦੇ ਕੰਢਿਆਂ ਤੇ ਹੀ ਹੀਰ ਰਾਂਝੇ ਅਤੇ ਸੋਹਣੀ ਮਹੀਵਾਲ ਦੇ ਇਸ਼ਕ ਦੀਆਂ ਅਮਰ ਗਾਥਾਵਾਂ ਪ੍ਰਵਾਨ ਚੜੀਆਂ। ਜਿਸ ਲਈ ਪ੍ਰੋ. ਮੋਹਨ ਸਿੰਘ ਚਨਾਬ ਨੂੰ ਵਿਲੱਖਣ ਰੁਤਬਾ ਦਿੰਦਿਆਂ ਕਹਿੰਦੇ ਹਨ – “ਗੰਗਾ ਬਣਾਵੇ ਦੇਵਤੇ ਤੇ ਜਮਨ ਦੇਵੀਆਂ, ਆਸ਼ਕ ਮਗਰ ਬਣਾ ਸਕੇ ਪਾਣੀ ਚਨਾਬ ਦਾ।” ਝਨਾਂ ਦਾ ਨਾਮ ਚੇਤੇ ਆਉਂਦਿਆਂ ਹੀ ਸੁਰਿੰਦਰ ਕੌਰ ਦੀ ਮਿੱਠੀ ਆਵਾਜ਼ ਸੁਣਨ ਲੱਗਦੀ ਹੈ – “ਲੰਘ ਆ ਜਾ ਪੱਤਣ ਝਨਾਂ ਦਾ ਯਾਰ….” .. .. #ਚਨਾਬ #ਝਨਾਂ #ਪੰਜਾਬ #Punjab #Chenab …. ਚੱਲਦਾ

Real Estate