ਐਸ.ਆਈ.ਟੀ ਨੇ ਬਹਿਬਲ ਕਲਾਂ ਗੋਲੀਕਾਂਡ ‘ਚ ਸਰਕਾਰੀ ਗਵਾਹ ਬਣੇ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ

283

 ਚੰਡੀਗੜ, 17 ਜੂਨ (ਜਗਸੀਰ ਸਿੰਘ ਸੰਧੂ) : ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ‘ਚ ਮੁੱਖ ਮੁਲਜ਼ਮ ਤੇ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਫਾਇਰਿੰਗ ਕਰ ਕੇ ਝੂਠੇ ਸਬੂਤ ਘੜਨ ਦੇ ਦੋਸ਼ ‘ਚ ਸਰਕਾਰੀ ਗਵਾਹ ਸੁਹੇਲ ਸਿੰਘ ਨੂੰ ਐੱਸ.ਆਈ.ਟੀ ਦੇ ਮੁੱਖੀ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਗਾੜੀ ਬੇਅਦਬੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ‘ਚ ਐੱਸਆਈਟੀ ਵੱਲੋਂ 19 ਮਹੀਨੇ ਬਾਅਦ ਤੀਸਰੀ ਅਹਿਮ ਗ੍ਰਿਫ਼ਤਾਰੀ ਕੀਤੀ ਹੈ। ਇਸ ਤੋਂ ਪਹਿਲਾਂ 28 ਜਨਵਰੀ, 2019 ਨੂੰ ਮੋਗਾ ਦੇ ਸਾਬਕਾ ਐੱਸਐੱਸਪੀ ਰਹੇ ਚਰਨਜੀਤ ਸ਼ਰਮਾ ਨੂੰ ਗਿਫ਼ਤਾਰ ਕੀਤਾ ਗਿਆ ਸੀ ਅਤੇ 19  ਫ਼ਰਵਰੀ 2019 ਨੂੰ ਐੱਸਆਈਟੀ ਵੱਲੋਂ  ਪੰਜਾਬ ਪੁਲੀਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਬਹਿਬਲ ਕਲਾਂ ਗੋਲ਼ੀਕਾਂਡ ‘ਚ ਘਟਨਾ ਵਾਲੇ ਦਿਨ 14 ਅਕਤੂਬਰ, 2015 ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਖਿਲਾਫ ਧਰਨਾ ਦੇ ਰਹੇ ਦੋ ਸਿੱਖ ਨੌਜਵਾਨਾਂ ਦੀ ਪੁਲਸ ਫਾਇਰਿੰਗ ਦੌਰਾਨ ਮੌਤ ਹੋ ਗਈ ਸੀ ਅਤੇ ਪੁਲਿਸ ਵੱਲੋਂ ਇੱਕ ਜਿਪਸੀ ‘ਤੇ ਫਾਇਰਿੰਗ ਦੇ ਨਿਸ਼ਾਨਾਂ ਦਾ ਹਵਾਲਾ ਦਿੰਦਿਆਂ ਇਹ ਤਰਕ ਦਿੱਤਾ ਸੀ ਕਿ ਘਟਨਾ ਸਮੇਂ ਪ੍ਰਦਰਸ਼ਨਕਾਰੀਆਂ ਨੇ ਉਨ•ਾਂ ਦੀਆਂ ਗੱਡੀਆਂ ‘ਤੇ ਫਾਇਰਿੰਗ ਕੀਤੀ ਸੀ, ਜਿਸ ਦੇ ਬਚਾਅ ‘ਚ ਪੁਲਿਸ ਨੂੰ ਵੀ ਗੋਲ਼ੀਆਂ ਚਲਾਉਣੀਆਂ ਪਈਆਂ ਅਤੇ ਸੁਹੇਲ ਸਿੰਘ ਬਰਾੜ ਨੂੰ ਇਸ ਲਈ ਸਰਕਾਰੀ ਗਵਾਹ ਬਣਾਇਆ ਗਿਆ ਸੀ। ਭਾਵੇਂ ਉਸ ਸਮੇਂ ਤੋਂ ਪੁਲਸ ਇਹ ਕਹਾਣੀ ਬਣਾ ਕੇ ਆਪਣਾ ਬਚਾਓ ਕਰਦੀ ਆ ਰਹੀ ਸੀ, ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਆਈ.ਜੀ ਕੁਵੰਰ ਪ੍ਰਤਾਪ ਸਿੰਘ ਅਗਵਾਈ ਵਿੱਚ ਇੱਕ ਐਸ.ਆਈ.ਟੀ ਬਣਾਈ ਗਈ, ਅਤੇ ਇਸ ਐੱਸਆਈਟੀ ਨੇ ਜਾਂਚ ‘ਚ ਪਾਇਆ ਕਿ ਗੋਲ਼ੀਕਾਂਡ ਦੀ ਘਟਨਾ ਤੋਂ ਬਾਅਦ ਆਪਣਾ ਬਚਾਅ ਕਰਨ ਲਈ ਮੁਲਜ਼ਮ ਪੁਲਿਸ ਅਧਿਕਾਰੀਆਂ ਨੇ ਪ੍ਰਦਰਸਨਕਾਰੀਆਂ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਝੂਠੀ ਕਹਾਣੀ ਘੜੀ ਸੀ। ਐਸ.ਆਈ.ਟੀ ਦੀ ਜਾਂਚ ਮੁਤਾਬਿਕ ਸੁਹੇਲ ਸਿੰਘ ਬਰਾੜ ਨੇ ਪੁਲਸ ਦੀ ਜਿਪਸੀ ਨੂੰ ਫ਼ਰੀਦਕੋਟ ਸਥਿਤ ਆਪਣੇ ਘਰ ਲਿਆ ਕੇ ਉਸ ‘ਤੇ ਫਾਇਰਿੰਗ ਕੀਤੀ ਤੇ ਨਿਸ਼ਾਨ ਬਣਾਏ ਸਨ। ਐੱਸਆਈਟੀ ਦੇ ਮੁੱਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਮਾਮਲੇ ਸਬੰਧਂ ਦੱਸਿਆ ਕਿ ਸੁਹੇਲ ਸਿੰਘ ਬਰਾੜ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ। ਜਿਪਸੀ ‘ਤੇ ਝੂਠੀ ਫਾਇਰਿੰਗ ਮਾਮਲੇ ‘ਚ ਕੇਸ ਦੇ ਸਹਿ ਮੁਲਜ਼ਮ ਐੱਸਪੀ ਬਿਕਰਮਜੀਤ ਸਿੰਘ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਕਈ ਹੋਰ ਅਹਿਮ ਵਿਅਕਤੀ ਵੀ ਐਸ.ਆਈ.ਟੀ ਦੀ ਰਾਡਾਰ ‘ਤੇ ਹਨ।

Real Estate