ਗੁਰਮਤਿ ਕਾਲਜ ਦੇ ਚੇਅਰਮੈਨ ਨਾਲ ਹੁਲੜਬਾਜੀ ਕਰਨ ਵਾਲਿਆਂ ‘ਤੇ ਦਿੱਲੀ ਕਮੇਟੀ ਨੇ ਪਰਚਾ ਦਰਜ਼ ਕਰਵਾਇਆ

180

ਚੇਅਰਮੈਨ ਹਰਿੰਦਰਪਾਲ ਸਿੰਘ ਨਾਲ ਕੀਤੇ ਦੁਰਵਿਹਾਰ ਦੀ ਸਿਰਸਾ ਤੇ ਕਾਲਕਾ ਵੱਲੋਂ ਨਿੰਦਾ
ਨਵੀਂ ਦਿੱਲੀ, 16 ਜੂਨ (ਪੰਜਾਬੀ ਨਿਊਜ਼ ਆਨਲਾਇਨ) :  ਮਾਤਾ ਸੁੰਦਰੀ ਕਾਲਜ ਨਵੀਂ ਦਿੱਲੀ ਵਿਖੇ ਚਲਾਏ ਜਾ ਰਹੇ ਗੁਰਮਤਿ ਕਾਲਜ ਦੇ ਚੇਅਰਮੈਨ ਸ. ਹਰਿੰਦਰਪਾਲ ਸਿੰਘ ਨਾਲ ਕੁੱਝ ਹੁਲੜਬਾਜਾਂ ਨੇ ਕਾਲਜ ਪਹੁੰਚ ਕੇ ਦੁਰਵਿਹਾਰ ਕੀਤਾ ਅਤੇ ਕਾਲਜ ਵਿੱਚੋਂ ਉਨਾਂ ਦੇ ਨਾਮ ਦੀ ਲੱਗੀ ਤਖਤੀ ਵੀ ਉਤਾਰ ਦਿੱਤੀ ਗਈ। ਇਸ ਮੰਦਭਾਗੀ ਘਟਨਾ ਦੀ ਹਰ ਪਾਸੇ ਤੋਂ ਨਿੰਦਾ ਕੀਤੀ ਜਾ ਰਹੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਉਨਾਂ ਹੁਲੜਬਾਜਾਂ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ ਕਿ ਸਿੱਖ ਕੌਮ ਦੀਆਂ ਸਨਮਾਨਿਤ ਸਖਸ਼ੀਅਤਾਂ ਉੱਪਰ ਇਸ ਤਰਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ.
ਸ. ਸਿਰਸਾ ਨੇ ਕਿਹਾ ਹੈ ਕਿ ਸ. ਹਰਿੰਦਰਪਾਲ ਸਿੰਘ ਇੱਕ ਸੁਲਝੇ ਹੋਏ ਵਿਦਵਾਨ ਸਿੱਖ ਹਨ ਜਿਨਾਂ ਵੱਲੋ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਸਿੱਖੀ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੋਇਆ ਹੈ ਅਤੇ ਉਨਾਂ ਨੇ ਗੁਰਮਤਿ ਕਾਲਜ ਰਾਹੀਂ ਜਿੱਥੇ ਅਨੇਕਾਂ ਸਿੱਖ ਅਤੇ ਗੈਰ ਸਿੱਖ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਿਆ ਹੈ ਅਤੇ ਉਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਕਈ ਨਾਮੀ ਸ਼ਖਸ਼ੀਅਤਾ ਨੇ ਸਮੇਂ ਸਮੇਂ ਤੇ ਸ਼ਲਾਘਾ ਵੀ ਕੀਤੀ ਹੈ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਸ. ਹਰਿੰਦਰਪਾਲ ਸਿੰਘ ਬਹੁਤ ਹੀ ਸੂਝਵਾਨ ਗੁਰਸਿੱਖ ਹਨ ਅਤੇ ਬੋਲਣ ਲੱਗੇ ਹਰ ਸ਼ਬਦ ਸੋਚ ਸਮਝ ਕੇ ਬੋਲਦੇ ਹਨ ਪਰ ਫਿਰ ਵੀ ਅਗਰ ਕਿਸੇ ਨੂੰ ਉਹਨਾਂ ਪ੍ਰਤੀ ਕੋਈ ਸੰਦੇਹ ਜਾਂ ਇਤਰਾਜ਼ ਸੀ ਤਾਂ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ ਪਰ ਅਜਿਹਾ ਨਾ ਕਰਕੇ  ਬਦਸਲੂਕੀ ਕੀਤੀ ਗਈ ਜੋ ਨਾਕਾਬਲੇ ਬਰਦਾਸ਼ਿਤ ਹੈ। ਸ. ਸਿਰਸਾ ਨੇ ਕਿਹਾ ਕਿ ਇਸ ਨਿੰਦਣਯੋਗ ਕਰਤੂਤ ਵਿੱਚ ਸ਼ਾਮਿਲ ਲੋਕਾਂ ਵਿਰੁੱਧ ਕਾਨੂੰਨੀ ਕਰਵਾਈ ਕੀਤੀ ਜਾਵੇਗੀ।
ਸ. ਹਰਮੀਤ ਸਿੰਘ ਕਾਲਕਾ ਨੇ ਵੀ ਹੁਲੜਬਾਜਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਜਿਹੇ ਲੋਕਾਂ ਵਿਰੁੱਧ ਅਸੀਂ ਸਖਤੀ ਨਾਲ ਪੇਸ਼ ਆਵਾਂਗੇ ਅਤੇ ਅਕਾਲੀ ਦਲ ਸ. ਹਰਿੰਦਰਪਾਲ ਸਿੰਘ ਦੇ ਨਾਲ ਹੈ। ਇਸਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ ਹਰਿੰਦਰਪਾਲ ਸਿੰਘ ਨਾਲ ਦੁਰਵਿਹਾਰ ਕਰਨ ਵਾਲੇ ਲੋਕਾਂ ਵਿਰੁੱਧ ਪੁਲਿਸ ਥਾਣੇ ਵਿੱਚ ਪਰਚਾ ਵੀ ਦਰਜ ਕਰਵਾਇਆ ਗਿਆ ਹੈ।

Real Estate