ਉਦਯੋਗਪਤੀ ਦੇ ਘਰ ਦਿਨ ਦਿਹਾੜੇ ਲੁੱਟ ਖੋਹ ਦੀ ਕੋਸ਼ਿਸ਼ ਦੇ ਕੇਸ ਚ ਬਿਊਟੀ ਪਾਰਲਰ ਵਾਲੀ ਔਰਤ ਸਮੇਤ 5 ਗ੍ਰਿਫਤਾਰ ,ਨਕਲੀ ਪਿਸਤੌਲ ਬਰਾਮਦ

183
ਹੁਸੈਨਪੁਰ, 16 ਜੂਨ  (ਕੌੜਾ) – ਨਾਮਵਰ ਉਦਯੋਗਪਤੀ ਰਾਕੇਸ਼ ਧੀਰ ਪ੍ਰਧਾਨ ਸਨਾਤਮ ਧਰਮ ਸਭਾ ਦੇ ਛੋਟੇ ਭਰਾ ਰਾਜੇਸ਼ ਧੀਰ ਦੇ ਘਰ ਦਿਨ ਦਿਹਾੜੇ ਫਿਲਮੀ ਸਟਾਈਲ ਚ ਦਾਖਲ ਹੋ ਕੇ ਲੁੱਟ ਖੋਹ ਦੀ ਕੋਸ਼ਿਸ਼ ਕਰਨ ਦੇ ਚਰਚਿਤ ਕੇਸ ਨੂੰ ਹੱਲ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਇੰਸਪੈਕਟਰ ਦੀ ਅਗਵਾਈ ਚ ਪੁਲਿਸ ਨੇ ਇੱਕ ਬਿਊਟੀ ਪਾਰਲਰ ਦਾ ਕੰਮ ਕਰਦੀ ਮਹਿਲਾ ਪੂਜਾ ਕੁਮਾਰੀ ਪਤਨੀ ਰਣਜੀਤ ਸਿੰਘ ਵਾਸੀ ਮੁਹੱਲਾ ਸਿੱਖਾਂ ਸੁਲਤਾਨਪੁਰ ਲੋਧੀ ਤੇ ਉਸਦੇ ਪਤੀ ਸਮੇਤ 3 ਹੋਰ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ । ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ ਐਸ ਪੀ ਸਰਵਣ ਸਿੰਘ ਬੱਲ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 9 ਜੂਨ ਦੀ ਸ਼ਾਮ 4 ਵਜੇ ਉਦਯੋਗਪਤੀ ਰਾਜੇਸ਼ ਧੀਰ ਪੁੱਤਰ ਸ਼੍ਰੀ ਰਾਮਨਾਥ ਧੀਰ ਮੁਹੱਲਾ ਧੀਰ ਸੁਲਤਾਨਪੁਰ ਲੋਧੀ ਵਿਖੇ ਲੁੱਟਣ ਦੀ ਨੀਅਤ ਨਾਲ 4 ਨਕਾਬਪੋਸ਼ ਲੁਟੇਰੇ ਆਏ ਤੇ ਘਰ ਦੀ ਇੱਕ ਮਹਿਲਾ ਨੂੰ ਬੰਨ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਸੁਣਕੇ ਫਰਾਰ ਹੋ ਗਏ । ਇਸ ਸੰਬੰਧ ਚ ਕੇਸ ਦਰਜ ਕਰਨ ਉਪਰੰਤ ਪੁਲਿਸ ਨੇ ਬੜੀ ਹੀ ਸੂਝਬੂਝ ਨਾਲ ਵੱਖ ਵੱਖ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਪਰ ਸੁਰਾਗ ਨਾਂ ਮਿਲਣ ਤੇ ਮੁਦਈ ਰਾਜੇਸ਼ ਧੀਰ ਦੇ ਘਰ ਬਿਊਟੀ ਪਾਰਲਰ ਦਾ ਕੰਮ ਕਰਨ ਰੋਜਾਨਾ ਆਉਂਦੀ ਪੂਜਾ ਕੁਮਾਰੀ ਤੇ ਨਜਰ ਰੱਖੀ ਤੇ ਜਾਂਚ ਕਰਨ ਤੇ ਸਾਰਾ ਮਾਮਲਾ ਸ਼ੀਸ਼ੇ ਦੀ ਤਰ੍ਹਾਂ ਸਾਫ ਹੋ ਗਿਆ ।
ਡੀ ਐਸ ਪੀ ਬੱਲ ਨੇ ਦੱਸਿਆ ਕਿ ਪੂਜਾ ਕੁਮਾਰੀ ਵਲੋ ਰਾਤੋ ਰਾਤ ਅਮੀਰ ਬਣਨ ਦੀ ਬਣਾਈ ਯੋਜਨਾ ਅਨੁਸਾਰ 4 ਮੁਲਜਮ ਲਾਕਡਾਊਨ ਦੌਰਾਨ ਪੂਰੀ ਤਰ੍ਹਾਂ ਮੂੰਹ  ਬੰਨ੍ਹ ਕੇ ਚਿਹਰਾ ਵੀ ਲੁਕੋ ਕੇ ਉਦਯੋਗਪਤੀ ਦੇ ਘਰ ਪਹੁੰਚੇ ਪਰ ਕਿਸੇ ਤਰ੍ਹਾਂ ਲੁੱਟ ਕਰਨ ਚ ਸਫਲ ਨਹੀ ਹੋ ਸਕੇ । ਪੂਜਾ ਕੁਮਾਰੀ ਦੇ ਨਾਲ ਗ੍ਰਿਫਤਾਰ ਕੀਤੇ ਮੁਲਜਮਾਂ ਚ ਬਲਵਿੰਦਰ ਸਿੰਘ ਉਰਫ ਸੋਢੀ ਪੁੱਤਰ ਫੌਜਾ ਸਿੰਘ ਵਾਸੀ ਬਸਤੀ ਸ਼ਤਾਬਗੜ ਰੋਡ , ਸੁਲਤਾਨਪੁਰ ਲੋਧੀ , ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਮੁਹੱਲਾ ਸਿੱਖਾਂ ਸੁਲਤਾਨਪੁਰ ਲੋਧੀ , ਸੁਖਚੈਨ ਪੁੱਤਰ ਰਾਜ ਕੁਮਾਰ ਨਿਵਾਸੀ ਚੰਡੀਗੜ੍ਹ ਬਸਤੀ ਸੁਲਤਾਨਪੁਰ ਲੋਧੀ , ਸਲੀਮ ਪੁੱਤਰ ਜਰਨੈਲ ਵਾਸੀ ਬੇਬੇ ਨਾਨਕੀ ਨਗਰ ਸੁਲਤਾਨਪੁਰ ਲੋਧੀ ਹਨ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ  ਹੋਰ ਪੁੱਛਗਿੱਛ ਕੀਤੀ ਜਾਵੇਗੀ ।
*ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਨੇ ਬਣਾਇਆ ਅਪਰਾਧੀ*
ਸੁਲਤਾਨਪੁਰ ਲੋਧੀ ਵਿਖੇ ਉਦਯੋਗਪਤੀ ਰਾਜੇਸ਼ ਕੁਮਾਰ ਧੀਰ ਦੇ ਘਰ ਚ ਲੁੱਟ ਖੋਹ ਦੀ ਕੋਸ਼ਿਸ਼ ਕਰਨ ਵਾਲੀ ਮੁਲਜਮ ਪੂਜਾ ਕੁਮਾਰੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਤੇ ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਨੇ ਹੀ ਉਨ੍ਹਾਂ ਨੂੰ ਗਲਤ ਰਸਤੇ ਲਿਆ ਕੇ ਅਪਰਾਧੀ ਬਣਾ ਦਿੱਤਾ ।
 *6-7 ਮਹੀਨੇ ਪਹਿਲਾਂ ਤੋਂ ਲੁੱਟ ਖੋਹ ਦੀ ਬਣਾਈ ਜਾ ਰਹੀ ਸੀ ਯੋਜਨਾ*
ਡੀ ਐਸ ਪੀ ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਦਯੋਗਪਤੀ ਰਾਜੇਸ਼ ਕੁਮਾਰ ਧੀਰ ਨੇ ਆਪਣੇ ਨਾਲ ਇੱਕ ਪ੍ਰਸਨਲ ਡਰਾਈਵਰ ਬਲਵਿੰਦਰ ਸਿੰਘ ਪੁੱਤਰ ਫੌਜਾ ਸਿੰਘ ਨੂੰ ਰੱਖਿਆ ਸੀ ਜੋ ਕੁਝ ਸਮਾਂ ਪਹਿਲਾਂ ਨੌਕਰੀ ਛੱਡ ਚੁੱਕਾ ਸੀ ।ਜਿਸਤੋ ਉਪਰੰਤ ਬਲਵਿੰਦਰ ਸਿੰਘ ਦੇ ਰਿਸ਼ਤੇਦਾਰ ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਦੀ ਪਤਨੀ ਪੂਜਾ ਕੁਮਾਰੀ ਜੋ ਕਿ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਅਤੇ ਰਾਜੇਸ਼ ਕੁਮਾਰ ਧੀਰ ਦੇ ਘਰ ਪਿਛਲੇ ਕਰੀਬ ਤਿੰਨ ਸਾਲ ਤੋਂ ਪਾਰਲਰ ਦਾ ਕੰਮ ਕਰਦੀ ਆ ਰਹੀ ਸੀ ।ਜੋ ਕਿ ਉਦਯੋਗਪਤੀ ਦੇ ਘਰ ਦੇ ਹਾਲਾਤਾਂ ਬਾਰੇ ਸਾਰਾ ਜਾਣੂ ਸੀ ਕਿ ਕਿੱਥੇ ਗਹਿਣਾ ਗੱਟਾ ਰੱਖਿਆ ਹੈ ਤੇ ਕਿੱਥੇ ਪੈਸੇ ਸਭ ਪਤਾ ਸੀ । ਪੂਜਾ ਕੁਮਾਰੀ ਅਤੇ ਉਸਦੇ ਪਤੀ ਰਣਜੀਤ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਸੋਢੀ ਜੋ ਕਰੀਬ 6-7 ਮਹੀਨੇ ਪਹਿਲਾਂ ਵੀ ਫਿਲਮੀ ਅੰਦਾਜ ਚ ਰਾਜੇਸ਼ ਧੀਰ ਦੇ ਘਰ ਨੂੰ ਲੁੱਟਣ ਦੀ ਯੋਜਨਾ ਬਣਾ ਚੁੱਕੇ ਸੀ ਪਰ ਕਿਸੇ ਕਾਰਨ ਸਫਲ ਨਾਂ ਹੋ ਸਕੇ । ਜਿਸਦੇ ਬਾਅਦ ਪੂਜਾ ਕੁਮਾਰੀ ਦਾ ਪਤੀ ਪਾਲਮਪੁਰ ਚਲਾ ਗਿਆ ਸੀ ਅਤੇ ਹੁਣ ਫਿਰ ਵਾਪਿਸ ਆਇਆ ਸੀ । ਰਾਤੋ ਰਾਤ ਅਮੀਰ ਹੋਣ ਲਈ ਲੁੱਟਮਾਰ ਦੀ ਬਣਾਈ ਯੋਜਨਾ ਅਨੁਸਾਰ ਪੂਜਾ ਕੁਮਾਰੀ ਦੇ ਪਤੀ ਰਣਜੀਤ ਸਿੰਘ ਤੇ ਉਸਦੇ ਭਤੀਜੇ ਬਲਵਿੰਦਰ ਸਿੰਘ ਉਰਫ ਸੋਢੀ ਟੈਕਸੀ ਚਾਲਕ ਨੇ ਉਦਯੋਗਪਤੀ ਰਾਜੇਸ਼ ਧੀਰ ਦੇ ਘਰ ਦੀ ਮੋਟਰ ਸਾਈਕਲ ਤੇ ਰੈਕੀ ਕੀਤੀ ਜਿਨ੍ਹਾਂ ਆਪਣੇ ਨਾਲ 2 ਹੋਰ ਸਾਥੀ ਸੁਖਚੈਨ ਪੁੱਤਰ ਰਾਜ ਕੁਮਾਰ ਤੇ ਸਲੀਮ ਪੁੱਤਰ ਜਰਨੈਲ ਵੀ ਰਲਾ ਲਿਆ ।
*ਘਰ ਚ ਦਾਖਲ ਹੁੰਦੇ ਹੀ ਸੀ ਸੀ ਟੀ ਵੀ ਕੈਮਰਿਆਂ ਤੇ ਮਾਰੀ ਸਪਰੇਅ*
ਫਿਲਮੀ ਸਟਾਈਲ ਚ ਮੁਲਜਮਾਂ ਨੇ ਮਿਤੀ 9 ਜੂਨ ਨੂੰ ਦੁਪਹਿਰ 12 ਵਜੇ ਕਰੀਬ ਪਹਿਲਾਂ ਟੈਕਸੀ ਸਟੈਂਡ ਇਕੱਠੇ ਹੋਏ ਤੇ ਜਿਸਦੇ ਬਾਅਦ 3 ਵਜੇ ਬੇਬੇ ਨਾਨਕੀ ਨਗਰ ਸੁਲਤਾਨਪੁਰ ਲੋਧੀ ਵਿਖੇ ਮੁਲਜਮ ਸਲੀਮ ਦੇ ਘਰ ਸਾਰੇ ਮੁਲਜਮਾਂ ਮੀਟਿੰਗ ਕੀਤੀ ।ਜਿੱਥੋਂ ਕਰੀਬ 3.45 ਵਜੇ ਇਹ ਚਾਰੇ ਮੂੰਹ ਸਿਰ ਢੱਕ ਕੇ, ਦਸਤਾਨੇ ਪਾ ਕੇ ਅਤੇ ਇੱਕ ਕਿੱਟ ਗਹਿਣੇ ਤੇ ਪੈਸੇ ਪਾਉਣ ਵਾਸਤੇ ਮੁਲਜਮ ਸੁਖਚੈਨ ਨੇ ਪਾਈ ਤੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਪੁਰੀਆਂ ਮਹੱਲੇ ਦੀ ਤਰਫੋ ਰਾਜੇਸ਼ ਕੁਮਾਰ ਧੀਰ ਦੇ ਘਰ ਦਾਖਲ ਹੋਏ ਅਤੇ ਦਾਖਲ ਹੁੰਦੇ ਹੀ ਘਰ ਅੰਦਰ ਲੱਗੇ ਸੀ ਸੀ ਟੀ ਵੀ ਕੈਮਰਿਆਂ ਤੇ ਸਪਰੇਅ ਕੀਤਾ ਅਤੇ ਘਰ ਅੰਦਰ ਦਾਖਲ ਹੋ ਕੇ ਪਰਿਵਾਰ ਦੀਆਂ ਅੌਰਤਾਂ ਨੂੰ ਡਰਾਇਆ- ਧਮਕਾਇਆ ਤੇ ਇੱਕ ਅੌਰਤ ਦਾ ਗਲਾ ਵੀ ਘੁੱਟਿਆ । ਡੀ ਐਸ ਪੀ ਬੱਲ ਨੇ ਦੱਸਿਆ ਕਿ ਜੋ ਵਾਰਦਾਤ ਸਮੇ ਬਿਊਟੀ ਪਾਰਲਰ ਦਾ ਕੰਮ ਕਰਨ ਵਾਲੀ ਪੂਜਾ ਕੁਮਾਰੀ ਵੀ ਰਾਜੇਸ਼ ਕੁਮਾਰ ਧੀਰ ਦੇ ਘਰ ਵਿੱਚ ਹੀ ਹਾਜਰ ਸੀ ਤੇ ਜਾਣਬੁੱਝ ਕੇ ਡਰੇ ਹੋਣ ਤੇ ਰੋਣ ਦਾ ਡਰਾਮਾ ਕਰ ਰਹੀ ਸੀ ਜੋ ਰੋਜਾਨਾ 4 ਵਜੇ ਕੰਮ ਤੇ ਆਉਦੀ ਸੀ ਪਰ ਵਾਰਦਾਤ ਵਾਲੇ ਦਿਨ ਉਸਦਾ ਪਤੀ ਪੂਜਾ ਨੂੰ ਡੇਢ ਘੰਟਾ ਪਹਿਲਾਂ ਹੀ ਰਾਜੇਸ਼ ਧੀਰ ਦੇ ਘਰ ਛੱਡ ਗਿਆ ਸੀ ਜਿਸਨੇ ਘਰ ਅੰਦਰ ਦਾਖਲ ਹੋਣ ਸਮੇ ਜਾਣਬੁੱਝ ਕੇ ਘਰ ਦਾ ਦਰਵਾਜਾ ਪਹਿਲਾਂ ਬਣਾਈ ਪਲੈਨਿੰਗ ਅਨੁਸਾਰ ਖੁੱਲ੍ਹਾ ਛੱਡ ਦਿੱਤਾ ਸੀ ਤਾਂ ਜੋ ਉਸਦੇ ਸਾਥੀ ਮੁਲਜਮ ਅਸਾਨੀ ਨਾਲ ਘਰ ਅੰਦਰ ਦਾਖਲ ਹੋ ਸਕਣ । ਉਨ੍ਹਾਂ ਦੱਸਿਆ ਕਿ ਉਸ ਸਮੇ ਘਰ ਅੰਦਰ ਨੌਕਰ ਜਿਆਦਾ ਹੋਣ ਕਾਰਨ ਰੌਲਾ ਪੈਣ ਤੇ ਮੁਲਜਮ ਵਾਰਦਾਤ ਨੂੰ ਅੰਜਾਮ ਨਹੀ ਦੇ ਸਕੇ ਤੇ ਸਾਰੇ ਦੌੜ ਗਏ ।
*ਮੋਟਰ ਸਾਈਕਲ ਤੇ ਆਏ ਲੁਟੇਰੇ ਕਾਰ ਚ ਵਾਪਿਸ ਪਰਤੇ*
ਡੀ ਐਸ ਪੀ ਬੱਲ ਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜਮ ਦੋ ਮੋਟਰ ਸਾਈਕਲਾਂ ਤੇ ਵਾਰਦਾਤ ਕਰਨ ਆਏ ਤੇ ਬਣਾਈ ਪਲੈਨਿੰਗ ਅਨੁਸਾਰ ਵੇਈਂ ਕਿਨਾਰੇ ਜਾ ਕੇ ਕੱਪੜੇ ਬਦਲੇ ਤੇ ਵਾਰਦਾਤ ਸਮੇ ਪਹਿਲਾਂ ਪਾਏ ਕੱਪੜੇ ਉਤਾਰ ਕੇ ਇੱਕ ਬੋਰੇ ਚ ਪਾ ਕੇ ਲੁਕਵੀ ਜਗ੍ਹਾ ਸੁੱਟ ਦਿੱਤੇ ਤੇ ਖੁਦ ਇੱਕ ਕਾਰ ਚ ਸਵਾਰ ਹੋ ਕੇ ਸ਼ਹਿਰ ਚ ਪਰਤ ਆਏ ।ਜਿਸ ਕਾਰਨ ਹੀ ਪੁਲਿਸ ਸੀ ਸੀ ਟੀ ਵੀ ਕੈਮਰਿਆਂ ਤੋਂ ਇਸ ਵਾਰ ਸੁਰਾਗ ਲਗਾ ਨਾਂ ਸਕੀ ।
*ਇੱਕ ਨਕਲੀ ਪਿਸਤੌਲ ਤੇ ਮੋਟਰ ਸਾਈਕਲ ਤੇ ਕਾਰ ਬ੍ਰਾਮਦ*
ਵਾਰਦਾਤ ਸਮੇ ਮੁਲਜਮਾਂ ਵਲੋ ਮਹਿਲਾਵਾਂ ਨੂੰ ਡਰਾਉਣ ਲਈ ਵਰਤਿਆ ਨਕਲੀ ਪਿਸਤੌਲ ਵੀ ਪੁਲਿਸ ਵਲੋ ਬ੍ਰਾਮਦ ਕਰ ਲਿਆ ਗਿਆ ਹੈ ਜਦਕਿ ਮੌਕਾ ਏ ਵਾਰਦਾਤ ਵਰਤਿਆ ਬਿਨਾ ਨੰਬਰੀ ਮੋਟਰ ਸਾਈਕਲ ਪਲਟੀਨਾ ਤੇ ਸਵਿੱਫਟ ਕਾਰ ਨੰਬਰ ਪੀ ਬੀ 08 ਸੀ ਐਕਸ 2664 ਬ੍ਰਾਂਮਦ ਕੀਤੀ ਗਈ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਕਾਬੂ ਕੀਤੇ ਸਾਰੇ ਮੁਲਜਮ ਪ੍ਰੋਫੈਸ਼ਨਲ ਕਿੱਲਰ ਨਹੀ ਹਨ ਕਿਉਂਕਿ ਅਗਰ ਪ੍ਰੋਫੈਸ਼ਨਲ ਕਿੱਲਰ ਹੁੰਦੇ ਤਾਂ ਘਰ ਚ ਮੌਜੂਦ ਅੌਰਤਾਂ ਦੀਆਂ ਸੋਨੇ ਦੀਆਂ ਪਾਈਆਂ ਵੰਗਾਂ ਆਦਿ ਤਾਂ ਲਿਜਾ ਹੀ ਸਕਦੇ ਸਨ ਪ੍ਰੰਤੂ ਪਹਿਲੀ ਵਾਰਦਾਤ ਹੋਣ ਕਾਰਨ ਡਰਦੇ ਹੀ ਭੱਜ ਨਿੱਕਲੇ ।
Real Estate