ਪੰਜਾਬ ‘ਚ ਕੋਰੋਨਾ ਬਲਾਸਟ, 127 ਨਵੇਂ ਮਰੀਜ਼ ਆਏ ਤੇ 4 ਮੌਤਾਂ ਹੋਈਆਂ

ਚੰਡੀਗੜ, 15 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਅੱਜ 127 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 3267 ਹੋ ਗਈ ਹੈ ਅਤੇ ਅੱਜ 4 ਹੋਰ ਮੌਤਾਂ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 71 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਸਭ ਤੋਂ ਵੱਧ ਲੁਧਿਆਣਾ ਜ਼ਿਲੇ ਵਿੱਚ 33, ਜਲੰਧਰ ਜ਼ਿਲੇ ਵਿੱਚ 23 ਅਤੇ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 20 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਸੰਗਰੂਰ ਜ਼ਿਲੇ ਵਿੱਚ 15, ਐਸ.ਏ.ਐਸ ਨਗਰ ਮੋਹਾਲੀ ਵਿੱਚ 11, ਪਟਿਆਲਾ ਜ਼ਿਲੇ ਵਿੱਚ 10, ਹੁਸਿਆਰਪੁਰ, ਕਪੂਰਥਲਾ, ਫਿਰੋਜਪੁਰ ਅਤੇ ਪਠਾਨਕੋਟ ਜ਼ਿਲਿਆਂ ਵਿੱਚ 2-2, ਤਰਨਤਾਰਨ, ਰੋਪੜ, ਫਤਹਿਗੜ ਸਾਹਿਬ, ਮੋਗਾ, ਗੁਰਦਾਸਪੁਰ, ਫਰੀਦਕੋਟ ਅਤੇ ਐਸ.ਬੀ.ਐਸ ਨਗਰ ਨਵਾਂ ਸ਼ਹਿਰ ਜਿਲਿਆਂ ਵਿੱਚ 1-1 ਨਵਾਂ ਕੇਸ ਸਾਹਮਣੇ ਆਇਆ ਹੈ। ਪੰਜਾਬ ਵਿੱਚ ਹੁਣ ਤੱਕ 188699 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 3267 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 753 ਐਕਟਿਵ ਕੇਸ ਹਨ, ਜਿਹਨਾਂ ‘ਚੋਂ 9 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ ਇੱਕ ਜਿਆਦਾ ਗੰਭੀਰ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹੁਣ ਤੱਕ ਆਏ ਮਰੀਜਾਂ ਵਿੱਚੋਂ 2443 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਕੋਰੋਨਾ ਵਾਇਰਸ ਨਾਲ ਅੱਜ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 4 ਮੌਤਾਂ ਹੋ ਜਾਣ ਨਾਲ ਪੰਜਾਬ ਵਿੱਚ ਹੁਣ ਤੱਕ ਕੁੱਲ 71 ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

Real Estate