ਖੇਤਾਂ ਵਿਚ ਕੰਮ ਕਰਦੀਆਂ ਔਰਤਾਂ

356

ਮਨਪ੍ਰੀਤ ਲਹਿਲਵੀ

ਅੱਜ ਕੱਲ ਖੇਤਾਂ ਵਿੱਚ ਝੋਨੇ ਦਾ ਕੰਮ ਜੋਰਾਂ ਤੇ ਐ। ਟਰੈਕਟਰ ਤੇ ਲੱਗੇ ਡੈਕ ਦਸਦੇ ਆ ਕਿ ਜਮੀਨ ਜੱਟ ਦਾ ਪੁੱਤ ਵਾਹ ਰਿਹਾ ਹੈ (ਕਿਸਾਨ ਦਾ ਨਹੀਂ)। ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਣ ਬਹੁਤ ਕੁਝ ਨੇੜੇ ਤੋਂ ਮਹਿਸੂਸ ਕਰ ਰਹੀ ਆ।

ਖੇਤ ਦਾ ਕੰਮ ਚਲਦਾ ਐ, ਚਾਰ ਪੰਜ ਬੰਦਿਆਂ ਦੀ ਰੋਟੀ ਤੜਕੇ ਤੇ ਤਿੰਨ ਚਾਰ ਬੰਦਿਆਂ ਦੀ ਰੋਟੀ ਦੁਪਿਹਰ ਦੀ ਹਰ ਰੋਜ਼ ਜਾਂਦੀ ਹੈ। ਕਈ ਵਾਰੀ ਤਾਂ ਜਮ੍ਹਾਂ ਟਾਈਮ ਤੇ ਹੀ ਫੋਨ ਆਉਂਦਾ ਐ ਕਿ ਐਨੇ ਬੰਦਿਆਂ ਦੀ ਰੋਟੀ ਬਣਾ ਦੋ, ਬਸ ਲੈਣ ਆਉਣੇ ਆ। ਕਿੰਨੀ ਛੇਤੀ ਰੋਟੀ ਤਿਆਰ ਕਰਨੀ ਪੈਂਦੀ ਐ ਬਸ ਮਸ਼ੀਨ ਵਾਗੂੰ ਘੁੰਮਣਾ ਪੈ ਜਾਂਦਾ ਹੈ। ਸਾਹ ਤਾਂ ਬੰਦ ਹੀ ਹੋ ਜਾਂਦਾ ਹੈ ਕੁਝ ਸਮੇਂ ਲਈ। ਜੇ ਕਾਹਲੀ ਚ ਕੋਈ ਚੀਜ਼ ਘੱਟ ਰਹਿ ਜਾਵੇ ਜਾਂ ਇੱਧਰ ਉੱਧਰ ਹੋ ਜਾਵੇ ਤਾਂ ਸ਼ਾਮ ਨੂੰ ਘਰ ਚ ਅਸਲ ਤਾਂ ਤੂਫ਼ਾਨ ਨਹੀਂ ਤੇਜ ਹਨੇਰੀ ਤਾਂ ਪੱਕਾ ਹੀ ਆਉਂਦੀ ਐ। ਤੁਸੀਂ ਘਰੇ ਕੀ ਕਰਦੀਆਂ ਹੋ ਸੁਣਨ ਨੂੰ ਜਰੂਰ ਮਿਲਦਾ ਹੈ। ਉਝ ਇਹ ਗੱਲ ਵੱਖ ਹੈ ਕਿ ਸੁਭਾ ਪੰਜ ਵਜੇ ਤੋਂ ਲੈ ਕੇ ਸ਼ਾਮ ਦੇ ਨੌ ਵਜੇ ਤੱਕ ਕੋਈ ਘੜੀ ਹੀ ਹੋਉ ਜਦੋਂ ਪਿੱਠ ਮੰਜੇ ਤੇ ਲੱਗਦੀ ਹੈ।

ਖੇਤਾਂ ਦੇ ਮਾਲਕ ਜਿਸ ਦਿਨ ਘਰ ਹੋਣ ਖੂਬ ਸੇਵਾ ਭਾਲਦੇ ਨੇ। ਖੇਤਾਂ ਚ ਕਮਾਈ ਜੋ ਕਰਦੇ ਨੇ। ਘਰ ਦੀਆਂ ਔਰਤਾਂ ਇੱਕ ਦਿਨ ਚ ਇੱਕ ਪੁਰਸ਼ ਦੇ ਬੈੱਡ ਤੋਂ ਰਸੋਈ ਤੱਕ 16ਤੋੰ 18 ਚੱਕਰ ਔਸਤਨ ਜਰੂਰ ਕੱਟਦੀਆਂ ਨੇ। ਸਿਰਫ਼ ਉਨ੍ਹਾਂ ਦੇ ਕੱਪੜੇ, ਚਾਹ- ਪਾਣੀ ਤੇ ਰੋਟੀ ਦੇ ਸੰਬੰਧ ਵਿੱਚ। ਔਰਤਾਂ ਆਪ ਰੋਟੀ ਖਾ ਰਹੀਆਂ ਹੋਣ ਤਾਂ ਇੱਕ ਦੋ ਵਾਰ ਵਿੱਚੋਂ ਉੱਠਣਾ ਵੀ ਪੈ ਜਾਵੇ ਤਾਂ ਵੀ ਕੋਈ ਵੱਡੀ ਗੱਲ ਨਹੀਂ। ਪਰ ਫ਼ਿਰ ਵੀ ਉਹ ਘਰ ਚ ਵਿਹਲੀਆਂ ਹੀ ਹੁੰਦੀਆਂ ਨੇ।

ਇਹ ਸਭ ਕੁਝ ਦੇਖ ਕੇ ਮੈਂ ਪੰਜ ਛੇ ਸਾਲ ਪਿੱਛੇ ਦੀ ਜਿੰਦਗੀ ਚ ਚਲੇ ਜਾਨੀ ਆ ਤੇ ਸੋਚਦੀ ਆ ਕਿ ਮੈਂ ਤੇ ਮੰਮੀ ਵੀ ਖੇਤ ਜਾਂਦੇ ਸੀ ਉਹਨਾਂ ਦਿਨਾਂ ਵਿੱਚ। ਸਾਰਾ ਦਿਨ ਬਰਾਬਰ ਦਾ ਕੰਮ ਕਰਦੇ ਸੀ। ਨਰਮਾ ਚੁਗਦੇ, ਕਣਕਾਂ ਵੱਡਦੇ ਤੇ ਝੋਨਾ ਵੱਡਦੇ ਝਾੜਦੇ। ਮੈਂ ਯਾਦ ਕਰਦੀ ਆ ਕਿ ਉਹਨਾਂ ਦਿਨਾਂ ਚ ਬਾਪੂ ਨੇ ਜਾਂ ਭਰਾ ਨੇ ਘਰ ਦਾ ਕੰਮ ਨਾਲ ਕਰਾਇਆ ਸੀ ਕਦੇ, ਤਾਂ ਕੋਈ ਦਿਨ ਯਾਦ ਨਹੀਂ ਆਉਦਾ। ਖੇਤੀ ਚ ਵਧ ਰਹੇ ਮਸ਼ੀਨੀਕਰਨ ਨੇ ਜੇਕਰ ਔਰਤਾਂ ਨੂੰ ਕਾਫ਼ੀ ਬਾਹਰ ਕਰ ਦਿੱਤਾ ਤਾਂ ਕੀ ਉਹ ਜਮ੍ਹਾਂ ਹੀ ਵਿਹਲੀਆਂ ਹੋ ਗਈਆਂ। ਵਧਦਾ ਮਸ਼ੀਨੀਕਰਨ ਤਾਂ ਮਰਦ ਦਾ ਕੰਮ ਵੀ ਲਗਾਤਾਰ ਘਟਾ ਹੀ ਰਿਹਾ ਹੈ।

ਮੈਂ ਨਿੱਜੀ ਤੌਰ ਤੇ ਪਿੱਛਲੇ ਇੱਕ ਮਹੀਨੇ ਤੋਂ ਮਹਿਸੂਸ ਕਰ ਰਹੀ ਹਾਂ ਕਿ ਕਿਸਾਨ ਪਰਿਵਾਰ ਨਾਲ ਸੰਬੰਧਿਤ ਔਰਤਾਂ ਮਰਦਾਂ ਨਾਲੋਂ ਦੋਗੁਣਾ ਕੰਮ ਕਰ ਰਹੀਆਂ ਹਨ। ਪਰ ਘਰ ਦੇ ਮਰਦਾਂ ਅਨੁਸਾਰ ਇਹ ਵਿਹਲੀਆਂ ਨੇ।

ਮੇਰਾ ਮਨ ਵੀ ਅੱਜ ਕੱਲ ਬਾਕੀ ਔਰਤਾਂ ਵਾਂਗ ਘਰ ਦੇ ਕੰਮਾਂ ਤੋਂ ਅੱਕ ਰਿਹਾ ਹੈ। ਅੱਜ ਕੱਲ ਖੇਤਾਂ ਵਿੱਚ ਬੜੀ ਰੌਣਕ ਲੱਗੀ ਹੋਈ ਹੈ ਇਸ ਲਈ ਮੇਰਾ ਵੀ ਦਿਲ ਕੀਤਾ ਕਿ ਉਨ੍ਹਾਂ ਖੇਤਾਂ ਚ ਜਾ ਕੇ ਨਜਾਰੇ ਲਵਾ ਜਿੱਥੇ ਕਈ ਸਾਲ ਪਹਿਲਾਂ ਬਹੁਤ ਖੁਸ਼ੀ ਨਾਲ ਕੰਮ ਕਰਦੀ ਸੀ, ਅੱਜ ਵੀ ਬਹੁਤ ਪਿਆਰ ਆ ਉਹਨਾਂ ਖੇਤਾਂ ਨਾਲ ਮੇਰਾ। ਵੱਡੇ ਭਰਾ ਨੂੰ ਕਿਹਾ
“ਮੇਰਾ ਬੜਾ ਦਿਲ ਕਰਦਾ ਐ ਖੇਤ ਜਾਣ ਨੂੰ, ਜਦੋਂ ਦਾ ਖੇਤ ਚ ਮੇਰਾ ਕੰਮ ਨਹੀਂ ਰਿਹਾ ਤੁਸੀ ਮੈਨੂੰ ਖੇਤ ਹੀ ਨਹੀਂ ਲੈ ਕੇ ਜਾਂਦੇ।”

ਉਸਨੇ ਜਵਾਬ ਦਿੱਤਾ

” ਥਾਰਾ ਖਹਿੜਾ ਛੁਡਾ ਦੀਆ ਖੇਤ ਪੋ ਹੁਣ ਖੇਤ ਮੈ ਧਮੇ ਕੇ ਕਰਨਾ ਐ, ਵਿਹੜੇ ਆਲੀਆਂ ਕੁੜੀਆਂ ਪੋਂ ਪੂਛ ਓਹ ਨਿਓ ਸੋਚੈਂ ਜੇ ਕੋਈ ਖਹਿੜਾ ਛਡਾ ਦੇ”

ਮੈਂ ਸੋਚਾਂ ਸੱਚੀ ਸਾਡਾ ਖਹਿੜਾ ਛੱਡ ਤਾਂ ਖੇਤਾਂ ਨੇ। ਖੇਤਾਂ ਚ ਰੋਟੀ ਅਸੀਂ ਭੇਜੀਏ। ਪਸ਼ੂ ਅਸੀਂ ਸੰਭਾਲੀਏ। ਹੋਰ ਕਿੰਨਾ ਖੇਤਾਂ ਨਾਲ ਜੁੜਿਆ ਕੰਮ ਕਰਦੇ ਆ। ਇਹ ਕੀ ਕਿਹਾ ਇਸ ਨੇ।

ਦੂਸਰਾ ਜਿਹੜੀਆਂ ਮਜਦੂਰ ਔਰਤਾਂ ਦੀ ਗੱਲ ਕਰਦਾ ਐ ਉਹ ਤਾਂ ਜਲੂਰ ਤੇ ਬਾਲਦ ਕਲਾਂ ਵਰਗੇ ਪਿੰਡਾਂ ਚ ਜਮੀਨ ਲਈ ਮੂਹਰੇ ਹੋ ਕੇ ਲੜ ਰਹੀਆਂ ਨੇ। ਔਰਤਾਂ ਨੇ ਕਦੋਂ ਕਹਿ ਤਾ ਕਿ ਉਹ ਜਮੀਨਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੀਆਂ ਨੇ। ਜਿਸ ਸਮਾਜ ਦੀ ਪੈਦਾਵਾਰ ਦਾ ਮੁੱਖ ਸਾਧਨ ਖੇਤੀ ਹੈ। ਉਸ ਸਮਾਜ ਚ ਕੌਣ ਜਮੀਨ ਤੋਂ ਦੂਰ ਹੋਣਾ ਚਾਹੇਗਾ। ਨਾ ਮਜਦੂਰ ਔਰਤਾਂ ਨਾ ਹੀ ਕਿਸਾਨ ਪਰਿਵਾਰ ਦੀਆਂ ਔਰਤਾਂ। ਇਥੇ ਗੱਲ ਤਾਂ ਕੋਈ ਹੋਰ ਆ ਜਿਸ ਤੋਂ ਇਹ ਮਜਦੂਰ ਔਰਤਾਂ ਤੰਗ ਨੇ।

ਜਦੋਂ ਵੱਟ ਟੱਪਦੀ ਕੁੜੀ ਦੇ ਅੰਗਾਂ ਨੂੰ ਜਾਮਣ ਥੱਲੇ ਬੈਠਾ ਕੋਈ ਧਨਾਢ ਤਾੜਦਾ ਐ, ਜਦੋਂ ਬੱਲੀਆਂ ਚੁਗਦੀ ਨੂੰ ਗਾਲ੍ਹਾਂ ਸੁਣਨੀਆਂ ਪੈਦੀਆਂ ਨੇ, ਜਦੋਂ ਕੱਖਾਂ ਦੀ ਪੰਡ ਬਦਲੇ ਉਨ੍ਹਾਂ ਦਾ ਜਿਸਮਾਨੀ ਸੋਸ਼ਣ ਹੁੰਦਾ ਐ। ਤਾਂ ਇਹ ਸਭ ਤੋਂ ਉਹ ਔਰਤਾਂ ਖਹਿੜਾ ਛੁਡਵਾਉਣਾ ਚਾਹੁੰਦੀਆਂ ਨੇ। ਉਂਝ ਇਹਨਾਂ ਨੂੰ ਖੇਤਾਂ ਨਾਲ ਬਹੁਤ ਪਿਆਰ ਐ ਇਸੇ ਲਈ ਉਹ ਥਾਂ ਥਾਂ “ਆਪਣੇ ” ਖੇਤਾਂ ਲਈ ਮੂਹਰੇ ਹੋ ਕੇ ਲੜ ਰਹੀਆਂ ਨੇ। ਪੰਜਾਬ ਦੀ ਹਰ ਕੁੜੀ ਚਾਹੁੰਦੀ ਆ ਉਹਦਾ ਖੇਤਾਂ ਤੇ ਹੱਕ ਹੋਵੇ।

ਇਸ ਸਭ ਜਦੋਂ ਭਰਾ ਨੂੰ ਦੱਸਣ ਲੱਗਦੀ ਆ ਤਾਂ ਬਾਹਰੋਂ ਤਾਇਆ ਆਉਂਦਾ ਹੈ, ਜਿਸਦਾ ਸਵੇਰੇ ਦੀ ਚਾਹ ਤੋਂ ਲੈ ਰਾਤ ਦੀ ਦਵਾ ਤੱਕ ਦਾ ਕੰਮ ਧੀਆਂ ਕਰਦੀਆਂ ਨੇ, ਆਖਦਾ ਐ

“ਯਾਹ ਇੰਦਰਾ ਗਾਂਧੀ ਨੈ ਕੁੱਤਪੁਣਾ ਕਰਦੀਆ ਪੁੱਤ ਧੀਆਂ ਕਾ ਹਾਕ ਰਖ ਦੀਆ ਜਮੀਨ ਮੋ ਫਲਾਣੇ ਕੀ ਛੋਰੀ ਜਮੀਨ ਵੰਡਾ ਗੀ ਭਾਈ ਪੋ”

ਮੈਂ ਬੋਲਦੀ ਹੋਈ ਚੁੱਪ ਹੋ ਗਈ ਮੈਨੂੰ ਲੱਗਾ ਕਿ ਪਿਆਰ ਨਾਲ ਸਮਝਾਉਣ ਵਾਲਾ ਤਾ ਇਹ ਮਸਲਾ ਹੀ ਨਹੀਂ……..

 

Real Estate