ਆਖਿਰ ! ਕਦੋਂ ਲੋਕ “ਚੱਲ ਆਪਾਂ ਕੀ ਲੈਣਾ” ਦੀ ਬੁੱਕਲ ਲਾਹ ਕੇ ਸੁੱਟਣਗੇ ?

215

ਬਰਨਾਲਾ 13 ਜੂਨ (ਨਿਰਮਲ ਸਿੰਘ ਪੰਡੋਰੀ) : ਕਿਸੇ ਕੁਆਰੀ ਮਾਂ ਦੀ ਬੱਜਰ ਗਲਤੀ ਕਾਰਨ ਉਸ ਨੂੰ ਜਨਮ ਤੋਂ ਬਾਅਦ ਸੁੱਟ ਦਿੱਤਾ ਗਿਆ… ਆਭਾਗੀ ਕਿਸੇ ਦੀ ਅਣਚਾਹੀ ਔਲਾਦ ਹੋਵੇਗੀ ਜਾਂ ਉਸ ਨੇ ਕਿਸੇ ਰੂੜੀਵਾਦੀ ਵਿਚਾਰਾਂ ਦੇ ਧਾਰਨੀ ਪਰਿਵਾਰ ‘ਚ ਜਨਮ ਲਿਆ ਹੋਵੇਗਾ ਜਾਂ ਉਸ ਦੀ ਮਾਂ ਦੇ ਪਹਿਲਾਂ ਚਾਰ ਪੰਜ ਧੀਆਂ ਹੋਣਗੀਆਂ… ਤੇ ਘਰਦਿਆਂ ਨੇ ਉਸ ਦੇ ਜਨਮ ਤੋਂ ਬਾਅਦ ਕਿਹਾ ਹੋਵੇਗਾ ਕਿ ਇੱਕ “ਪੱਥਰ ਹੋਰ ਜੰਮ” ਪਿਆ। ਉਸ ਨੂੰ ਮਾਰਨ ਦੀ ਯੋਜਨਾ ਬਣੀ ਹੋਵੇਗੀ ਪਰ ਮਾਂ ਨੇ ਕਿਹਾ ਹੋਵੇਗਾ “ਨਾ ਮਾਰੋ… ਕਿਸੇ ਨੂੰ ਦੇ ਦੇਵੋ” ਜੇ ਆਪਾਂ ਨਹੀਂ ਪਾਲਣ ਪੋਸ਼ਣ ਕਰ ਸਕਦੇ ਕੋਈ ਹੋਰ ਲੈ ਜਾਵੇਗਾ। ਕਾਫੀ ਵਿਚਾਰ ਕਰਨ ਤੋਂ ਬਾਅਦ ਘਰਦਿਆਂ ਨੇ ਉਸ ਦੀ ਜਾਨ ਬਖਸ਼ ਦਿੱਤੀ ਤੇ ਉਸ ਨੂੰ ਜਿਉਂਦੀ ਨੂੰ ਬਰਨਾਲਾ ਦੇ ਸਿਹਤ ਵਿਭਾਗ ਦੇ ਸਪੁਰਦ ਕਰ ਦਿੱਤਾ, ਪਰ ਕੀ ਪਤਾ ਸੀ ਕਿ ਬਰਨਾਲਾ ਦਾ ਸਿਹਤ ਵਿਭਾਗ ਅੱਖਾਂ ਤੋਂ ਅੰਨ੍ਹਾ ਹੋਇਆ ਪਿਆ ਹੈ,ਉਨ੍ਹਾਂ ਨੂੰ ਨਹੀਂ ਦਿੱਸਿਆ ਕਿ ਸਾਡੇ ਵਿਹੜੇ ਕੋਈ ਨਵਜਾਤ ਬੱਚੀ ਰੱਖ ਗਿਆ। ਬਰਨਾਲਾ ਦਾ ਸਿਹਤ ਵਿਭਾਗ ਕੰਨਾਂ ਤੋਂ ਵੀ ਬੋਲਾ ਹੈ, ਉਨ੍ਹਾਂ ਨੂੰ ਨਹੀਂ ਸੁਣਿਆ ਕਿ ਪੰਘੂੜੇ ‘ਚ ਕੋਈ ਮਾਸੂਮ ਕਿਲਕਾਰੀਆਂ ਮਾਰ ਰਹੀ ਹੈ। ਬਰਨਾਲਾ ਦੇ ਸਿਹਤ ਵਿਭਾਗ ਦਾ ਦਿਮਾਗ ਵੀ ਸੁੰਨ ਹੈ, ਉਨ੍ਹਾਂ ਨੂੰ ਨਹੀਂ ਪਤਾ ਕਿ ਪੰਘੂੜੇ ਦੀ ਘੰਟੀ ਹਮੇਸ਼ਾ ਵੱਜਦੀ ਰਹਿਣੀ ਚਾਹੀਦੀ ਹੈ… ਤੇ ਫਿਰ ਬਰਨਾਲਾ ਦੇ ਸਿਹਤ ਵਿਭਾਗ ਦੀ ਲਾਪ੍ਰਵਾਹੀ ਸਦਕਾ ਮਾਸੂਮ ਦੀਆਂ ਕਿਲਕਾਰੀਆਂ ਪੰਘੂੜੇ ‘ਚ ਹੀ ਬੰਦ ਹੋ ਗਈਆਂ। ਹੁਣ ਪੜਤਾਲ ਹੋਵੇਗੀ.. ਕੀ ਤੁਸੀਂ ਜਾਣਦੇ ਹੋ ਕਿ ਪੜਤਾਲ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਨਹੀਂ ਹੁੰਦੀ,ਪੜਤਾਲ ਤਾਂ ਆਪਣਿਆਂ ਨੂੰ ਬਚਾਉਣ ਦੀ ਇੱਕ “ਸਾਜ਼ਿਸ਼” ਹੁੰਦੀ ਹੈ, ਪੜਤਾਲ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਹੁੰਦੀ ਹੈ ਤਾਂ ਜੋ ਲੋਕਾਂ ਨੂੰ ਉਹ ਦਿਸਣਾ ਬੰਦ ਹੋ ਜਾਵੇ ਕਿ ਇਹ “ਸਰਕਾਰੀ ਪ੍ਰਾਹੁਣੇ” ਜੋ ਲੋਕਾਂ ਵੱਲੋਂ ਅਦਾ ਕੀਤੇ ਟੈਕਸਾਂ ‘ਚੋਂ ਹਜ਼ਾਰਾਂ ਰੁਪਏ ਦੀਆਂ ਤਨਖਾਹਾਂ ਲੈਂਦੇ ਹਨ, ਇਹ ਪੰਘੂੜੇ ਵਿੱਚ ਬੰਦ ਹੋਈਆਂ ਮਾਸੂਮ ਦੀਆਂ ਕਿਲਕਾਰੀਆਂ ਦੇ ਜ਼ਿੰਮੇਵਾਰ ਹਨ। ਹੁਣ ਪੜਤਾਲ ਕਿਸੇ ਵੀ ਇੱਕ ਨੂੰ ਬਲੀ ਦਾ ਬੱਕਰਾ ਬਣਾ ਦੇਵੇਗੀ, ਚੌਧਰੀ ਬੱਚ ਜਾਣਗੇ। ਚੌਧਰੀ ਤਾਂ ਹਮੇਸ਼ਾ ਹੀ ਬਚ ਜਾਂਦੇ ਨੇ। ਚੌਧਰੀ ਤਾਂ ਚੌਧਰ ਕਰਨ ਲਈ ਹੀ ਹੁੰਦੇ ਨੇ । ਜਦੋਂ ਤੱਕ ਲੋਕ “ਚੱਲ ਆਪਾਂ ਕੀ ਲੈਣਾ” ਦੀ ਬੁੱਕਲ ਲਾਹ ਕੇ ਨਹੀਂ ਸੁੱਟਦੇ, ਉਦੋਂ ਤੱਕ ਹਰ ਵਿਭਾਗ ‘ਚ ਬੈਠੇ ਇਹ ਸਰਕਾਰੀ ਪ੍ਰਾਹੁਣੇ ਬਚਦੇ ਰਹਿਣਗੇ। ਇਨ੍ਹਾਂ ਚੌਧਰੀਆਂ ਲਈ ਕੁੜੀਆਂ ਕੋਈ “ਜੀਅ” ਨਹੀਂ ਹੁੰਦੀਆਂ। ਇਨ੍ਹਾਂ ਲਈ ਕੁੜੀਆਂ ਤਾਂ “ਚਿੜੀਆਂ” ਹੀ ਹੁੰਦੀਆਂ ਨੇ। ਇਹ “ਬੇਟੀ ਬਚਾਓ ਬੇਟੀ ਪੜ੍ਹਾਓ” ਦਾ ਹੋਕਾ ਵੀ ਆਪਣੇ ਸਵਾਰਥ ਲਈ ਹੀ ਦਿੰਦੇ ਨੇ ਤੇ ਇਹ ਸਵਾਰਥੀ ਹੋਕਾ ਦਿੰਦੇ ਰਹਿਣਗੇ, ਉਦੋਂ ਤੱਕ ਜਦੋਂ ਤੱਕ ਲੋਕ ਬਰਨਾਲਾ ਦੇ ਸਿਹਤ ਵਿਭਾਗ ਵਾਂਗ ਅੰਨ੍ਹੇ, ਬੋਲੇ ਤੇ ਗੂੰਗੇ ਬਣੇ ਰਹਿਣਗੇ।

Real Estate