ਪੰਜ ਦਿਨਾਂ ਤੋਂ ਟੈਂਕੀ ‘ਤੇ ਚੜੀਆਂ ਬੀ.ਜੀ.ਐਸ ਸਕੂਲ ਦੀ ਅਧਿਆਪਕਾਵਾਂ ਨੇ ਆਪਣਾ ਸੰਘਰਸ਼ ਖ਼ਤਮ ਕੀਤਾ

146

ਐਸ.ਡੀ.ਐਮ ਬਰਨਾਲਾ ਵੱਲੋਂ ਮੰਗਾਂ ਜਾਣ ਦੇ ਦਿੱਤੇ ਭਰੋਸੇ ਤੋਂ ਬਾਅਦ ਆਪਣਾ ਸੰਘਰਸ਼ ਛੱਡਿਆ
ਬਰਨਾਲਾ, 12 ਜੂਨ (ਜਗਸੀਰ ਸਿੰਘ ਸੰਧੂ) : ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਪਾਣੀ ਵਾਲੀ ਟੈਂਕੀ ‘ਤੇ ਚੜੀਆਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਅਧਿਆਪਕਾਵਾਂ ਨੇ ਅੱਜ ਸ਼ਾਮ ਐਸ.ਡੀ.ਐਮ ਬਰਨਾਲਾ ਵੱਲੋਂ ਮੰਗਾਂ ਜਾਣ ਦੇ ਦਿੱਤੇ ਭਰੋਸੇ ਤੋਂ ਬਾਅਦ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਤਕਰੀਬਨ ਸਾਰਾ ਦਿਨ ਹੀ ਜ਼ਿਲਾ ਪ੍ਰਸਾਸਨ, ਸਕੂਲ ਮੈਂਨੇਜਮੈਂਟ ਅਤੇ ਸੰਘਰਸ਼ ਕਮੇਟੀ ਵਿਚਕਾਰ ਇਸ ਮਸਲੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਐਸ.ਡੀ.ਐਮ ਬਰਨਾਲਾ ਨਾਲ ਚੱਲੀਆਂ ਇਹਨਾਂ ਮੀਟਿੰਗਾਂ ਵਿੱਚ ਸੰਘਰਸ ਕਮੇਟੀ ਵੱਲੋਂ ਮਹਿੰਦਰਪਾਲ ਸਿੰਘ ਦਾਨਗੜ ਅਤੇ ਕੁਝ ਅਧਿਆਪਕਾਵਾਂ ਦੇ ਪਰਵਾਰਿਕ ਮੈਂਬਰ ਹਾਜਰ ਸਨ, ਜਦਕਿ ਸਕੂਲ ਦੀ ਮੈਨਜਮੈਂਟ ਕਮੇਟੀ ਵੱਲੋਂ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਅਤੇ ਹੋਰ ਪ੍ਰਬੰਧਕ ਹਾਜਰ ਸਨ। ਇਸ ਉਪਰੰਤ ਐਸ.ਡੀ.ਐਮ ਬਰਨਾਲਾ ਨੇ ਧਰਨੇ ਵਾਲੀ ਥਾਂ ‘ਤੇ ਪੁਹੰਚ ਕੇ ਟੈਂਕੀ ‘ਤੇ ਚੜੀਆਂ ਅਧਿਆਪਕਾਂ ਤੇ ਹੇਠਾਂ ਬੈਠੇ ਧਰਨਾਕਾਰੀਆਂ ਨੂੰ ਦੱਸਿਆ ਕਿ ਤੁਹਾਡੀਆਂ ਸਾਰੀਆਂ ਮੰਗਾਂ ਬਾਰੇ ਸਾਰੀਆਂ ਧਿਰਾਂ ਦੇ ਪੱਖ ਸੁਣੇ ਗਏ ਹਨ ਅਤੇ ਇਸ ਡਿਪਟੀ ਕਮਿਸ਼ਨਰ ਬਰਨਾਲਾ ਨੇ ਐਡੀਸਨ ਡਿਪਟੀ ਕਮਿਸਨਰ (ਜਨਰਲ), ਡੀ.ਐਸ.ਪੀ ਪ੍ਰਗਿਆ ਜੈਨ (ਆਈ.ਪੀ.ਐਸ), ਐਸ ਡੀ ਐਮ ਬਰਨਾਲਾ ਤੇ ਡਿਪਟੀ ਡੀ.ਈ.ਓ ਬਰਨਾਲਾ ‘ਤੇ ਅਧਾਰਿਤ ਇੱਕ ਕਮੇਟੀ ਬਣਾਈ ਹੈ, ਜੋ ਇਹਨਾਂ ਸਾਰੀਆਂ ਮੰਗਾਂ ਬਾਰੇ ਵਿਚਾਰ ਕਰੇਗੀ। ਉਹਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਨਾਲ ਇਸ ਸਬੰਧੀ ਗੱਲਬਾਤ ਹੋ ਗਈ ਕਿ ਸੰਘਰਸ਼ ਕਰ ਰਹੀਆਂ ਸਾਰੀਆਂ ਅਧਿਆਪਕਾਵਾਂ ਦੀ ਨੌਕਰੀ ਬਰਕਰਾਰ ਰੱਖੀ ਜਾਵੇਗੀ ਅਤੇ ਉਹ ਸੋਮਵਾਰ ਤੋਂ ਆਪਣੀ ਡਿਊਟੀ ‘ਤੇ ਹਾਜਰ ਹੋ ਸਕਣਗੀਆਂ। ਜੇਹੜੇ ਤਿੰਨ ਟੀਚਰਾਂ ਦੀਆਂ ਨੌਕਰੀਆਂ ਖਤਮ ਕੀਤੀਆਂ ਗਈਆਂ ਸਨ, ਉਹਨਾਂ ਨੂੰ ਵੀ ਲਾਕਡਾਊਨ ਖਤਮ ਹੋਣ ਤੋਂ ਬਾਅਦ ਵਿੱਚ ਮਹੀਨੇ ਵਿੱਚ ਦੁਬਾਰਾ ਬਹਾਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਐਸ.ਡੀ.ਐਮ ਬਰਨਾਲਾ ਨੇ ਆਪਣੀ ਜਿੰਮੇਵਾਰੀ ਲੈਂਦਿਆਂ ਕਿਹਾ ਕਿ ਉਹ ਹਰ ਹਾਲਤ ਵਿੱਚ ਇਹਨਾਂ ਗੱਲਾਂ ਨੂੰ ਲਾਗੂ ਕਰਵਾਉਣਗੇ। ਇਸ ਉਪਰੰਤ ਐਸ.ਡੀ.ਐਮ ਬਰਨਾਲਾ ਨੇ ਟੈਂਕੀ ‘ਤੇ ਚੜੀਆਂ ਅਧਿਆਪਕਾਂ ਨੂੰ ਜੂਸ ਪਿਲਾ ਕੇ ਉਹਨਾਂ ਦਾ ਸੰਘਰਸ਼ ਖਤਮ ਕਰਵਾ ਦਿੱਤਾ। ਜਿਕਰਯੋਗ ਹੈ ਕਿ ਇਹ ਸਾਰੇ ਭਰੋਸੇ ਪ੍ਰਸਾਸ਼ਨ ਵੱਲੋਂ ਪਹੁੰਚੇ ਐਸ.ਡੀ.ਐਮ ਬਰਨਾਲਾ ਵੱਲੋਂ ਹੀ ਦਿੱਤੇ ਗਏ, ਜਦਕਿ ਸਕੂਲ ਪ੍ਰਸਾਸ਼ਨ ਜਾਂ ਸਕੂਲ ਮੈਂਨੇਜਮੈਂਟ ਕਮੇਟੀ ਦਾ ਕੋਈ ਵੀ ਨੁਮਾਇੰਦਾ ਇਸ ਮੌਕੇ ਹਾਜਰ ਨਹੀਂ ਹੋਇਆ ਅਤੇ ਜਿਸ ਪ੍ਰਿੰਸੀਪਲ ਦੇ ਵਤੀਰੇ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਹੋਇਆ ਸੀ, ਉਕਤ ਮੰਗਾਂ ਵਿੱਚ ਉਸ ਪ੍ਰਿੰਸੀਪਲ ਦਾ ਕਿਧਰੇ ਜਿਕਰ ਤੱਕ ਵੀ ਨਹੀਂ ਕੀਤਾ ਗਿਆ। ਇਸ ਮੌਕੇ ਮਹਿੰਦਰਪਾਲ ਸਿੰਘ ਦਾਨਗੜ, ਮਹਿੰਦਰ ਸਿੰਘ ਧਨੌਲਾ, ਵਿਕਰਮ ਸਿੰਘ ਧਨੌਲਾ, ਗੁਰਮੀਤ ਸਿੰਘ ਸੁਖਪੁਰ, ਕਾਮਰੇਡ ਰਜਿੰਦਰ, ਸੰਜੀਵ ਕੁਮਾਰ ਹਰੀਓਮ, ਲਲਿਤ ਗਰਗ ਆਦਿ ਵੀ ਹਾਜਰ ਸਨ।

Real Estate