ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਪਰਿਵਾਰਾਂ ਸਮੇਤ ਸਰਕਾਰ ਦੇ ਫੁੂਕੇ ਪੁਤਲੇ 

265
ਫਿਰੋਜ਼ਪੁਰ, 11 ਜੁੂਨ (ਬਲਬੀਰ ਸਿੰਘ ਜੋਸਨ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਲਗਾਤਾਰ ਦੂਜੇ ਦਿਨ ਵੀ ਕੇਂਦਰ  ਸਰਕਾਰ ਤੇ ਕੈਪਟਨ ਸਰਕਾਰ ਵਿਰੁੱਧ ਪੰਜਾਬ ਦੇ 8 ਜ਼ਿਲਿਆਂ ਦੇ 32 ਜੋਨਾਂ ਦੇ 69 ਪਿੰਡਾਂ ਵਿੱਚ ਵੱਡੀ ਲਾਮਬੰਦੀ ਕਰਦੇ ਹੋਏ ਰੋਸ ਮਾਰਚ ਕੀਤੇ ਤੇ ਪੁਤਲੇ ਫੂਕਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਇਹ ਰੋਸ ਮੁਜਾਹਰੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਖੇਤੀ ਉਤਪਾਦਨ ਵਣਜ ਵਪਾਰ ਆਰਡੀਨੈਂਸ 2020 , ਠੇਕਾ ਫਾਰਮਿੰਗ ਕਾਨੂੰਨ 2020 ਤੇ ਬਿਜਲੀ ਸੋਧ ਬਿੱਲ 2020 ਦੇ ਖਰੜੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਗਏ ਤੇ ਇਸ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਬੱਚਿਆਂ ਨੇ ਵੀ ਰੋਹ ਭਰਪੂਰ ਸ਼ਮੂਲੀਅਤ ਕੀਤੀ । ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਜਨ : ਸਕੱਤਰ ਸਰਵਣ ਸਿੰਘ ਪੰਧੇਰ ਨੇ 21 ਜੂਨ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਵਿਰੁੱਧ ਸਿੱਧੇ ਟਕਰਾਓ ਵਾਲੇ ਅੰਦੋਲਨ ਦੀ ਚਿਤਾਵਨੀ ਦਿੰਦਿਆਂ ਦੱਸਿਆ ਕਿ ਉਕਤ ਪਾਸ ਕਤੇ ਗਏ ਆਰਡੀਨੈਂਸ ਸੂਬਿਆਂ ਦੇ ਸਾਰੇ ਅਧਿਕਾਰ ਕੇਂਦਰ ਨੂੰ ਦਿੰਦੇ ਹਨ ਤੇ ਕੇਂਦਰ ਸਰਕਾਰ ਕਾਰਪੋਰੇਟ ਕੰਪਨੀਆਂ ਦੇ ਵੱਸ ਕਿਸਾਨਾਂ ਨੂੰ ਪਾ ਕੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਭਰਮ ਫੈਲਾ ਰਹੀ ਹੈ । ਉਕਤ ਆਰਡੀਨੈਂਸ ਤਿੰਨ – ਧਾਰੀ ਤਲਵਾਰ ਹਨ , ਜਿਸ ਤੋਂ ਸਪੱਸ਼ਟ ਹੈ ਕਿ ਕਿਸਾਨ ਤੇ ਕਾਰਪੋਰੇਟ ਕੰਪਨੀਆਂ ਵਿੱਚ ਅਸਾਵੇਂ ਰੂਪ ਵਿੱਚ ਐਗਰੀਮੈਂਟ ਹੋਣਗੇ ਤੇ ਕੰਪਨੀਆਂ ਕਿਸਾਨਾਂ ਦੀ ਫਸਲ ਦੇ ਨਾਲ ਨਾਲ ਉਨਾਂ ਦੀਆਂ ਜਮੀਨਾਂ ਵੀ ਠੇਕੇ ਉੱਤੇ ਲੈ ਸਕਣਗੀਆਂ । ਜਦੋਂ ਕੰਪਨੀਆਂ ਦਾ ਖੇਤੀ ਉਤਪਾਦਨ ਤੇ ਮੰਡੀਕਰਨ ਉੱਤੇ ਕਬਜ਼ਾ ਹੋ ਗਿਆ ਤਾਂ ਦੇਸ਼ ਦੇ ਕਿਸਾਨਾਂ ਦੀ ਸਥਿਤੀ 1965 ਤੋਂ ਪਹਿਲਾਂ ਵਾਲੀ ਹੋ ਜਾਵੇਗੀ । ਦੇਸ਼ ਦੇ 85 % ਖੰਡੇ – ਪੁੰਡੇ ਹੋਏ ਕਿਸਾਨ ਉਕਤ ਕੰਪਨੀਆਂ ਦੇ ਹੱਥਕੰਡਿਆਂ ਦੀ ਤਾਨਾਸ਼ਾਹ ਭੁੱਲਦਿਆਂ ਸਦੀਆਂ ਲਈ ਆਪਣੀ ਜਮੀਨ ( ਮਾਂ ) ਕਾਰਪੋਰੇਟਾਂ ਦੇ ਹਵਾਲੇ ਕਰ ਦੇਣਗੇ । ਉਕਤ 12 ਸਫਿਆਂ ਦੇ ਕਾਨੂੰਨ ਚੈਪਟਰ 4 ਦੇ 16 ਉਪਧਾਰਾ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਨਾਲ ਠੇਕਾ ਖੇਤੀ ਕਾਨੂੰਨ ਮੁਤਾਬਕ ਹੋਣ ਵਾਲੇ ਸਮਝੌਤਿਆਂ ਵਿੱਚ ਪੈਦਾ ਹੋਣ ਵਾਲੇ ਝਗੜਿਆਂ ਸਬੰਧੀ ਕਿਸਾਨ ਸਿਵਲ ਅਦਾਲਤ ਵਿੱਚ ਨਹੀ ਜਾ ਸਕਣਗੇ ਤੇ ਐੱਸ.ਡੀ.ਐੱਮ . ਵੱਲੋਂ ਬਣੇ ਬੋਰਡ ਸਾਹਮਣੇ ਹੀ ਆਪਣੇ ਕੋਲ ਰੱਖ ਸਕਣਗੇ ਤੇ ਅੱਗੋਂ ਡਿਪਟੀ ਕਮਿਸ਼ਨਰ ਵੱਲੋਂ ਐਪੀਲੋਡ ਅਥਾਰਟੀ ਕੋਲ ਹੀ ਜਾ ਸਕਣਗੇ । ਇਸਤੋਂ ਸਾਫ ਹੈ ਕਿ ਕਿਸਾਨਾਂ ਨੂੰ ਮੁਨਾਫੇ ਖੋਰ ਬਘਿਆੜਾਂ ਅੱਗੇ ਸੁੱਟ ਦਿੱਤਾ ਗਿਆ ਹੈ ਤੇ ਉਨਾਂ ਲਈ ਸਾਰੇ ਕਾਨੂੰਨੀ ਦਰਵਾਜੇ ਵੀ ਬੰਦ ਕਰ ਦਿੱਤੇ ਗਏ ਹਨ । ਕਿਸਾਨ ਆਗੂਆਂ ਨੇ ਪੰਜਾਬ ਦੀਆਂ ਮੁੱਖ ਰਾਜਨੀਤਿਕ ਧਿਰਾਂ ਨੂੰ ਚੌਰਾਹੇ ਵਿੱਚ ਨੰਗਾਂ ਕਰਨ ਤੇ ਇਨਾਂ ਵੱਲੋਂ ਪਾਏ ਨਕਾਬ ਲੀਰੋ ਲੀਰ ਕਰਨ ਲਈ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਲੋਕ ਹਿਤੈਸ਼ੀ ਅਖਵਾਉਂਦੇ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆਂ ਮੈਦਾਨੇ ਜੰਗ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸਨ ਸੱਦ ਕੇ ਉਕਤ ਪਾਸ ਕੀਤੇ ਤਿੰਨੇ ਆਰਡੀਨੈਂਸ 2020 ਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ । ਅੱਜ ਦੇ ਰੋਸ ਮੁਜਾਹਰਿਆਂ ਨੂੰ ਵੱਖ ਵੱਖ ਥਾਈ ਸਵਿੰਦਰ ਸਿੰਘ ਚੁਤਾਲਾ , ਸਤਨਾਮ ਸਿੰਘ ਮਾਣੋਚਾਹਲ , ਫਤਿਹ ਸਿੰਘ ਪਿੱਦੀ , ਰਣਜੀਤ ਸਿੰਘ ਕਲੇਰਬਾਲਾ , ਜਰਮਨਜੀਤ ਸਿੰਘ ਬੰਡਾਲਾ , ਬਖਸ਼ੀਸ਼ ਸਿੰਘ ਸੁਲਤਾਨੀ , ਕੁਲਬੀਰ ਸਿੰਘ ਮਾੜੀ ਬੁੱਚੀਆਂ , ਕੁਲਦੀਪ ਸਿੰਘ ਹੁਸ਼ਿਆਰਪੁਰ , ਸੁਖਪ੍ਰੀਤ ਸਿੰਘ ਕਪੂਰਥਲਾ , ਕੁਲਦੀਪ ਸਿੰਘ ਮੰਡਾਲਾ ਛੰਨਾ , ਸਤਨਾਮ ਸਿੰਘ ਰਾਈਵਾਲ , ਨਰਿੰਦਰਪਾਲ ਸਿੰਘ ਜਤਾਲਾ , ਗੁਰਮੇਲ ਸਿੰਘ ਫੱਤੇਵਾਲਾ , ਹਰਫੂਲ ਸਿੰਘ , ਬਚਿੱਤਰ ਸਿੰਘ ਕੁਤਬਦੀਨ , ਗੁਰਨਾਮ ਸਿੰਘ ਅਲੀਕੇ , ਪਰਮਜੀਤ ਸਿੰਘ ਲੋਹਗੜ ਤੇ ਸੁਰਿੰਦਰ ਸਿੰਘ ਘੁੱਦੂਵਾਲਾ ਨੇ ਵੀ ਸੰਬੋਧਨ ਕੀਤਾ ।
Real Estate