ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀ ਅੱਵਲ ਰਾਜ ਜਨਤਕ ਯੂਨੀਵਰਸਿਟੀ ਬਣਨ ‘ਤੇ ਤ੍ਰਿਪਤ ਬਾਜਵਾ ਵਲੋਂ ਵਧਾਈ

319

ਐਨ.ਆਰ.ਆਈ.ਐਫ ਵਲੋਂ ਕੀਤੀ ਓਵਰਆਲ ਦਰਜਾਬੰਦੀ ਮੁਤਾਬਕ ਜੀ.ਐਨ.ਡੀ.ਯੂ 51ਵੇਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ  64 ਵੇਂ ਸਥਾਨ ਤੇ ਰਹੀ
ਚੰਡੀਗੜ, 11 ਜੂਨ (ਜਗਸੀਰ ਸਿੰਘ ਸੰਧੂ) : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੰਜਾਬ ਦੀ ਅੱਵਲ ਰਾਜ ਜਨਤਕ ਯੂਨੀਵਰਸਿਟੀ ਅਤੇ ਐਨ.ਆਰ.ਆਈ.ਐਫ ਰੈਂਕਿੰਗ -2020 ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਕੇਂਦਰੀ, ਜਨਤਕ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 51ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਜੀ.ਐਨ.ਡੀ.ਯੂ ਨੂੰ ਦੇਸ਼ ਦੀਆਂ ਸਟੇਟ ਫੰਡਿੰਗ ਵਾਲੀਆਂ ਯੂਨੀਵਰਸਿਟੀਆਂ ਵਿਚੋਂ 18 ਵਾਂ ਸਥਾਨ ਦਿੱਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮ (ਐਨ.ਆਈ.ਆਰ.ਐਫ) – 2020 ਦੀਆਂ ਰੈਂਕਿੰਗਜ਼ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰੀਅਲ ‘ਨਿਸ਼ਾਂਕ’ ਵਲੋਂ ਨਵੀਂ ਦਿੱਲੀ ਵਿਖੇ ਜਾਰੀ ਕੀਤੀਆਂ ਗਈਆਂ।
ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜੀ.ਐਨ.ਡੀ.ਯੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਨੂੰ ਸੂਬੇ ਦੀਆਂ ਰਾਜ ਜਨਤਕ ਯੂਨੀਵਰਸਿਟੀਆਂ ਵਿੱਚ ਪੜਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਇਸ ਸਾਲ ਪੰਜਾਬ ਦੀਆਂ ਦੋ ਰਾਜ ਪਬਲਿਕ ਯੂਨੀਵਰਸਿਟੀਆਂ ਐਨ.ਆਈ.ਆਰ.ਐਫ -2020 ਰੈਂਕਿੰਗ ਵਿੱਚ ਪਹਿਲੇ 100 ਵਿੱਚ ਸ਼ਾਮਲ ਹੋਈਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਰੈਂਕਿੰਗ ਨੂੰ 55 ਵੇਂ ਤੋਂ ਵਧਾ ਕੇ 51 ਵੇਂ ਸਥਾਨ ‘ਤੇ ਲਿਆਂਦਾ ਹੈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਿਸਦੀ ਦਰਜਾਬੰਦੀ ਪਿਛਲੇ ਸਾਲ 100 ਤੋਂ ਵੀ ਪਿੱਛੇ ਸੀ ਹੁਣ 64 ਵੇਂ ਸਥਾਨ ‘ਤੇ ਪਹੁੰਚ ਗਈ  ਹੈ।
ਐਨ.ਆਈ.ਆਰ.ਐਫ 5 ਮਾਪਦੰਡਾਂ ਦੇ ਅਧਾਰ ਤੇ ਵੱਖ-ਵੱਖ ਸੰਸਥਾਵਾਂ ਦੀ ਦਰਜਾਬੰਦੀ ਕਰਦਾ ਹੈ ਜਿਨਾਂ ਟੀਚਿੰਗ ਅਤੇ ਲਰਨਿੰਗ ਰਿਸੋਰਸ, ਰਿਸਰਚ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਦੇ ਨਤੀਜੇ, ਓਵਰਆਲ ਇਨਕਲੂਸਬਿਟੀ ਅਤੇ ਪਰਸੈਪੇਸ਼ਨ ਸ਼ਾਮਲ ਹਨ। ਇਸ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਨਾਂ 5 ਵਿੱਚੋਂ 3 ਮਾਪਦੰਡਾਂ (ਖੋਜ ਅਤੇ ਪੇਸ਼ੇਵਰ ਅਭਿਆਸ, ਗ੍ਰੈਜੂਏਸ਼ਨ ਨਤੀਜੇ ਅਤੇ ਧਾਰਨਾ) ਵਿੱਚ ਸੁਧਾਰ ਕੀਤਾ ਗਿਆ । ਇਹ ਸੁਧਾਰ ਇਸ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਲਈ ਇੱਕ ਉੱਤਮ ਖੋਜ ਵਾਤਾਵਰਣ ਅਤੇ ਉਚੇਰੀ ਸਿੱਖਿਆ ਅਤੇ ਪਲੇਸਮੈਂਟ ਦੇ ਮੌਕਿਆਂ ਦੀ ਹੋਂਦ ਵੱਲ ਇਸ਼ਾਰਾ ਕਰਦੇ ਹਨ। ਐਨ.ਆਈ.ਆਰ.ਐਫ ਵਿੱਚ ਚੰਗੀ ਦਰਜਾਬੰਦੀ ਯੂਨੀਵਰਸਿਟੀਆਂ ਨੂੰ ਸੰਘੀ ਫੰਡਿੰਗ ਏਜੰਸੀਆਂ ਤੋਂ ਕਈ ਵੱਕਾਰੀ ਗਰਾਂਟਾਂ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪਿਛਲੇ 3 ਸਾਲਾਂ ਤੋਂ ਲਗਾਤਾਰ ਆਪਣੀ ਰੈਂਕਿੰਗ ਵਿੱਚ ਸੁਧਾਰ ਕਰ ਰਹੀ ਹੈ।

Real Estate