ਕੈਪਟਨ ਨੇ ਕੇਂਦਰ ਸਰਕਾਰ ਤੋਂ ਪ੍ਰਵਾਸੀ ਮਜਦੂਰਾਂ ਨੂੰ 2 ਮਹੀਨੇ ਖਵਾਉਣ ਲਈ ਕਣਕ ਅਤੇ ਦਾਲਾਂ ਮੰਗੀਆਂ

347

ਚੰਡੀਗੜ, 11 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖ ਕੇ ਪਰਵਾਸੀ ਮਜ਼ਦੂਰਾਂ ਅਤੇ ਸੂਬੇ ਦੇ ਗਰੀਬ ਨਾਨ-ਐਨ.ਐਫ.ਐਸ.ਏ. (ਕੌਮੀ ਖੁਰਾਕ ਸੁਰੱਖਿਆ ਐਕਟ) ਨਾਗਰਿਕਾਂ ਨੂੰ ਵੰਡਣ ਵਾਸਤੇ 2 ਮਹੀਨੇ ਲਈ ਵਾਧੂ 14144 ਮੀਟ੍ਰਿਕ ਟਨ ਕਣਕ  ਅਤੇ 1414 ਮੀਟਰਕ ਟਨ ਦਾਲਾਂ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਉਦਯੋਗਿਕ ਗਤੀਵਿਧੀਆਂ ਨੂੰ ਪੂਰੀ ਤਰਾਂ ਪੁਨਰ ਸੁਰਜੀਤ ਕਰਨ ਤੋਂ ਇਲਾਵਾ ਮਜ਼ਦੂਰਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਕੰਮ ‘ਤੇ ਪਰਤਣ ਲਈ ਪ੍ਰੋਤਸਾਹਿਤ ਕਰਨ ਵਾਸਤੇ ਵਧੇਰੇ ਸਹਾਈ ਸਿੱਧ ਹੋਵੇਗਾ। ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਵੱਲੋਂ ਇਹ ਉਪਰਾਲਾ ਕੀਤਾ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਪਿਛਲੇ ਕੁੱਝ ਮਹੀਨਿਆਂ ਤੋਂ ਤਨਖ਼ਾਹਾਂ/ਮਜ਼ਦੂਰੀ ਦੇ ਹੋਏ ਨੁਕਸਾਨ ਕਰਕੇ ਪ੍ਰਵਾਸੀਆਂ ਅਤੇ ਗਰੀਬ ਨਾਨ-ਐਨਐਫਐਸਏ ਨਾਗਰਿਕਾਂ ਨੂੰ ਬੁਰੀ ਤਰਾਂ ਸੱਟ ਵੱਜੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪਰਵਾਸੀ ਮਜ਼ਦੂਰ  ਚੱਲ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਖੇਤ ਮਜ਼ਦੂਰੀ ਦੇ ਕੰਮ ਲਈ ਮੁੜ ਪੰਜਾਬ ਪਰਤ ਰਹੇ ਹਨ। ਇਸ ਤੋਂ ਇਲਾਵਾ, ਉਦਯੋਗਿਕ ਗਤੀਵਿਧੀਆਂ ਦੀ ਸਥਿਤੀ ਵੀ ਕਾਫ਼ੀ ਹੱਦ ਤੱਕ ਆਮ ਵਾਂਗ ਹੋ ਗਈ ਹੈ। ਉਨਾਂ ਦੱਸਿਆ ਕਿ ਰਾਜ ਵਿਚ ਸਥਿਤ 2.60 ਲੱਖ ਉਦਯੋਗਿਕ ਇਕਾਈਆਂ ਵਿਚੋਂ 2.32 ਲੱਖ ਤੋਂ ਵੱਧ ਨੇ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਯੂਨਿਟਾਂ ਵਿਚ ਲਗਭਗ 13.5 ਲੱਖ ਕਾਮੇ ਕੰਮ ਕਰ ਰਹੇ ਹਨ, ਜਿਨਾਂ ਵਿਚੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹਨ।

Real Estate