ਵਿਧਾਇਕ ਨੇ 2 ਦਿਨ ਧਰਨਾ ਲਗਾ ਕੇ ਪੰਚਾਇਤੀ ਜਮੀਨ ਦੀ ਗਲਤ ਹੋਈ ਬੋਲੀ ਰੱਦ ਕਰਵਾਈ

261

ਬਰਨਾਲਾ, 10 ਜੂਨ (ਜਗਸੀਰ ਸਿੰਘ ਸੰਧੂ) : ਨੇੜਲੇ ਪਿੰਡ ਪੱਖੋਂ ਕਲਾਂ ਦੀ 1/3 ਰਿਜ਼ਰਵ ਹਿੱਸੇ ਦੀ ਪੰਚਾਇਤੀ ਜ਼ਮੀਨਾਂ ਦੀ ਬੋਲੀ ਰੱਦ ਕਰਵਾਉਣ ਲਈ ਤੇ ਜ਼ਿਮੇਵਾਰ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਅੱਗੇ 2 ਦਿਨ ਧਰਨਾ ਲਗਾਇਆ। ਵਿਧਾਇਕ ਵੱਲੋਂ ਡੀ.ਸੀ ਦਫਤਰ ਦੇ ਅੱਗੇ ਇਸ ਮੋਰਚੇ ਨੂੰ ਕੱਲ ਸ਼ਾਮ ਉਸ ਸਮੇਂ ਫਤਿਹ ਹਾਸਲ ਹੋਈ, ਜਦੋਂ ਜ਼ਿਲਾ ਪ੍ਰਸਾਸਨ ਵੱਲੋਂ ਉਕਤ ਬੋਲੀ ਨੂੰ ਰੱਦ ਕਰਨ ਅਤੇ ਪਹਿਲਾਂ ਹੋਈ ਗਲਤ ਬੋਲੀ ਦੀ ਜਾਂਚ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਮੰਨ ਲਈ ਗਈ । ਇਸ ਮੌਕੇ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਇਸ ਨੂੰ ਅੰਸ਼ਿਕ ਜਿੱਤ ਕਿਹਾ ਕਿ ਜ਼ਿਲਾ ਪ੍ਰਸਾਸਨ ਨੇ ਲਿਖਦੀ ਤੌਰ ‘ਤੇ ਮੰਨ ਲਿਆ ਹੈ ਕਿ ਪੱਖੋਂ ਕਲਾਂ ਦੀ ਰਿਜ਼ਰਵ ਹਿੱਸੇ ਦੀ ਜ਼ਮੀਨ ਦੀ ਬੋਲੀ ਸੋਮਵਾਰ 15 ਜੂਨ ਨੂੰ ਦੁਬਾਰਾ ਕਰਵਾਈ ਜਾਵੇਗੀ ਅਤੇ ਨਾਲ ਹੀ ਜ਼ਿਮੇਵਾਰ ਪੰਚਾਇਤ ਸੈਕਟਰੀ ਅਤੇ ਸਰਪੰਚ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਜ਼ਿਲਾ ਪ੍ਰਸਾਸਨ ਆਪਣੇ ਵੱਲੋਂ ਕੀਤੇ ਵਾਅਦੇ ਨੂੰ ਨਿਭਾਏਗਾ, ਪਰ ਜੇਕਰ ਹੁਣ ਵੀ ਜ਼ਿਲਾ ਪ੍ਰਸਾਸਨ ਨੇ ਕਿਸੇ ਸਿਆਸੀ ਦਬਾਅ ਤਹਿਤ ਆਪਣੇ ਕੀਤੇ ਲਿਖਤੀ ਵਾਅਦਿਆਂ ਤੋਂ ਟਾਲ ਮਟੋਲ ਕਰਨ ਦੀ ਨੀਤੀ ਅਪਣਾਈ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਦੁਬਾਰਾ ਇਸ ਤੋਂ ਵੀ ਵੱਡਾ ਮੋਰਚਾ ਆਰੰਭ ਕਰ ਦੇਣਗੇ, ਜਿਸ ਦੀ ਸਾਰੀ ਜਿੰਮੇਵਾਰ ਜ਼ਿਲਾ ਪ੍ਰਸਾਸ਼ਨ ਸਿਰ ਹੋਵੇਗੀ।

Real Estate