ਸਿੱਖ ਕੌਮ ਤੇ ਸੰਵਿਧਾਨ ਦੀ ਤੌਹੀਨ ਹੈ ਐਸਜੀਪੀਸੀ ਪ੍ਰਧਾਨ ਦਾ ਕੋਰ ਕਮੇਟੀ ਦਾ ਮੈਂਬਰ ਬਣਨਾ-ਪ੍ਰੋ: ਬਲਜਿੰਦਰ ਕੌਰ

ਪ੍ਰਧਾਨ ਅਤੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ ਲੌਂਗੋਵਾਲ- ਰੂਬੀ
ਬਠਿੰਡਾ, 9 ਜੂਨ, ਬੀ ਐੱਸ ਭੁੱਲਰ
ਆਮ ਆਦਮੀ ਪਾਰਟੀ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪਾਰਟੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਨ ‘ਤੇ ਸਖ਼ਤ ਇਤਰਾਜ਼ ਕੀਤਾ ਹੈ ਅਤੇ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਐਸ।ਜੀ।ਪੀ।ਸੀ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਮੰਗਿਆ ਹੈ।
ਬਠਿੰਡਾ ‘ਚ ਪ੍ਰੈਸ ਕਾਨਫਰੰਸ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ। ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬਾਦਲ ਪਰਿਵਾਰ ‘ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੋਰ ਕਮੇਟੀ ਰਾਹੀਂ ਐਸ ਜੀ ਪੀ ਸੀ ਪ੍ਰਧਾਨ ਦਾ ਅਹੁਦਾ ਸਿੱਧੇ ਅਤੇ ਅਧਿਕਾਰਤ ਤੌਰ ‘ਤੇ ਆਪਣੇ ਅਧੀਨ ਲੈ ਲਿਆ ਹੈ। ਜੋ ਨਾ ਕੇਵਲ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ, ਸਗੋਂ ਸਮੁੱਚੀ ਸਿੱਖ ਕੌਮ ਦੀ ਆਨ ਅਤੇ ਸ਼ਾਨ ‘ਤੇ ਵੀ ਹਮਲਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲਿਆਂ ‘ਚ ਬਾਦਲ ਪਰਿਵਾਰ ਨੂੰ ਕੌਮ ਅਤੇ ਕਾਨੂੰਨ ਦੋਵਾਂ ਵੱਲੋਂ ਕਲੀਨ ਚਿੱਟ ਨਹੀਂ ਮਿਲੀ।
ਪ੍ਰੋ।ਬਲਜਿੰਦਰ ਕੌਰ ਨੇ ਕਿਹਾ ਕਿ ਭਾਈ ਲੌਂਗੋਵਾਲ ਦਾ ਬਾਦਲ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਨਾ ਭਾਰਤੀ ਚੋਣ ਕਮਿਸ਼ਨ ਅਤੇ ਭਾਰਤੀ ਅਦਾਲਤਾਂ ਲਈ ਵੀ ਪਰਖ ਦੀ ਘੜੀ ਹੈ, ਕਿਉਂਕਿ ਪੰਜਾਬ ਨਾਲ ਸੰਬੰਧਿਤ ਉੱਘੇ ਸਮਾਜ ਸੇਵੀ ਅਤੇ ਬਜ਼ੁਰਗ ਆਗੂ ਬਲਵੰਤ ਸਿੰਘ ਖੇੜਾ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਦੇ ਧਰਮ ਅਤੇ ਰਾਜਨੀਤੀ ਵਾਲੇ ਦੋਹਰੇ ਮੁਖੌਟੇ ਵਿਰੁੱਧ ਕਾਨੂੰਨੀ ਲੜਾਈ ਲੜਦੇ ਆ ਰਹੇ ਹਨ, ਜਿਸ ਤਹਿਤ ਅਕਾਲੀ ਦਲ (ਬਾਦਲ) ਦੇ 2 ਸੰਵਿਧਾਨਾਂ ਨੂੰ ਦਿੱਲੀ ਹਾਈਕੋਰਟ ਅਤੇ ਹੁਸ਼ਿਆਰਪੁਰ ਦੀ ਅਦਾਲਤ ‘ਚ ਚੁਨੌਤੀ ਮਿਲੀ ਹੋਈ ਹੈ। ਇਸ ਦੇ ਨਾਲ ਹੀ ਪ੍ਰੋ।ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਅਕਾਲੀ ਦਲ ਦੇ ਇਸ ਕਦਮ ਦਾ ਨੋਟਿਸ ਲੈਂਦਿਆਂ ਅਕਾਲੀ ਦਲ (ਬਾਦਲ) ਦੀ ਇੱਕ ਸਿਆਸੀ ਪਾਰਟੀ ਵਜੋਂ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਆਮ ਆਦਮੀ ਪਾਰਟੀ ਦਾ ਵਫ਼ਦ ਬਾਦਲ ਦਲ ਵਿਰੁੱਧ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇਵੇਗਾ।
ਪ੍ਰੋ।ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਨੇ ਸਪਸ਼ਟ ਕਿਹਾ ਆਮ ਆਦਮੀ ਪਾਰਟੀ ਕਿਸੇ ਧਰਮ ਜਾਤ, ਰੰਗ ਭੇਦ ਜਾਂ ਖ਼ਿੱਤੇ ਦੀ ਰਾਜਨੀਤੀ ‘ਚ ਵਿਸ਼ਵਾਸ ਨਹੀਂ ਰੱਖਦੀ, ਪਰੰਤੂ ਬਾਦਲਾਂ ਦੇ ਇਸ ਗੈਰ ਸੰਵਿਧਾਨਕ ਅਤੇ ਅਨੈਤਿਕ ਕਦਮ ਦੇ ਖ਼ਿਲਾਫ਼ ਅਵਾਜ ਬੁਲੰਦ ਕਰਨਾ ਪੰਥ ਅਤੇ ਪੰਜਾਬੀਆਂ ਦਾ ਫਰਜ਼ ਬਣਦਾ ਹੈ, ਕਿਉਂਕਿ ਐਸਜੀਪੀਸੀ ਸਮੁੱਚੀ ਸਿੱਖ ਕੌਮ ਦੀਆਂ ਅਥਾਹ ਕੁਰਬਾਨੀਆਂ ਅਤੇ ਸੰਘਰਸ਼ ਨਾਲ ਹੋਂਦ ‘ਚ ਆਈ ਸਿਰਮੌਰ ਸੰਸਥਾ ਹੈ। ਜਿਸਦਾ ਮਨੋਰਥ ਜਿੱਥੇ ਸਿੱਖ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦੀ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਸਾਂਭ-ਸੰਭਾਲ ਕਰਨਾ ਹੈ, ਉਥੇ ‘ਸਰਬੱਤ ਦੇ ਭਲੇ’ ਦੇ ਫਲਸਫੇ ਤਹਿਤ ਪਾਰਟੀਬਾਜੀ ਤੋਂ ਉਪਰ ਉਠ ਕੇ ਸਮੁੱਚੀ ਮਾਨਵਤਾ ਦੀ ਸੇਵਾ ਕਰਨਾ ਹੈ, ਪਰੰਤੂ ਭਾਈ ਲੌਂਗਵਾਲ ਦੇ ਸੁਖਬੀਰ ਸਿੰਘ ਬਾਦਲ ਦੀ ਅਧੀਨਗੀ ਹੇਠ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਬਣਨ ਨਾਲ ਐਸਜੀਪੀਸੀ ਸਮੁੱਚੀ ਸਿੱਖ ਕੌਮ ਦੀ ਨਹੀਂ ਸਿਰਫ ਬਾਦਲ ਪਰਿਵਾਰ ਦੀ ਅਧਿਕਾਰਤ ਤੌਰ ‘ਤੇ ‘ਸੇਵਾਦਾਰ‘ ਸੰਸਥਾ ਬਣ ਗਈ ਹੈ, ਜੋ ਕਿਸੇ ਨੂੰ ਵੀ ਮਨਜੂਰ ਨਹੀਂ ਹੋਣੀ ਚਾਹੀਦੀ।
ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ 1920 ‘ਚ ਜਦ ਸ਼੍ਰੋਮਣੀ ਅਕਾਲੀ ਦਲ ਹੋਂਦ ‘ਚ ਆਇਆ ਤਾਂ ਇਸ ਪਾਰਟੀ ਦੇ ਸੰਵਿਧਾਨ ਮੁਤਾਬਿਕ ਇਸ ਪਾਰਟੀ ਦਾ ਮਕਸਦ ਨਿਰੋਲ ਧਾਰਮਿਕ ਅਤੇ ਗੁਰਦੁਆਰਾ ਸੁਧਾਰ ਲਹਿਰ ਤੋਂ ਜਮਹੂਰੀ ਢੰਗ ਨਾਲ ਗੁਰਦੁਆਰਾ ਚੋਣਾਂ ਲੜਨਾ ਸੀ, ਪਰੰਤੂ ਆਜ਼ਾਦ ਭਾਰਤ ਦਾ ਸੰਵਿਧਾਨ ਕਿਸੇ ਵੀ ਧਾਰਮਿਕ ਪਾਰਟੀ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੰਦਾ। ਭਾਰਤੀ ਸੰਵਿਧਾਨ ਅਨੁਸਾਰ ਧਰਮ ਨਿਰਪੱਖ ਪਾਰਟੀ ਹੀ ਵਿਧਾਨ ਸਭਾ ਜਾਂ ਸੰਸਦੀ ਚੋਣਾਂ ਲੜ ਸਕਦੀਆਂ ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਸਪਸ਼ਟ ਕਰਨ ਕਿ ਉਨ੍ਹਾਂ ਦੀ ਪਾਰਟੀ ਧਾਰਮਿਕ ਪਾਰਟੀ ਹੈ ਜਾਂ ਧਰਮ ਨਿਰਪੱਖ ਪਾਰਟੀ ਹੈ? ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਹਲਕਾ ਇੰਚਾਰਜ ਅੰਮ੍ਰਿਤਪਾਲ ਅਗਰਵਾਲ, ਵਪਾਰ ਵਿੰਗ ਦੇ ਸੂਬਾ ਸਹਿ ਪ੍ਰਧਾਨ ਅਨਿਲ ਠਾਕੁਰ, ਹਲਕਾ ਭੁੱਚੋ ਦੇ ਇੰਚਾਰਜ ਮਾਸਟਰ ਜਗਸੀਰ ਸਿੰਘ ਮਹਿੰਦਰ ਸਿੰਘ ਫੁਲੋਮਿੱਠੀ ਮੌਜੂਦ ਸਨ।

Real Estate