ਬੀ.ਜੀ.ਐਸ ਸਕੂਲ ਦੀਆਂ ਟੀਚਰਾਂ ਤੇ ਪ੍ਰਿੰਸੀਪਲ ਦਰਮਿਆਨ ਵਿਵਾਦ ਹੋਰ ਉਲਝਿਆ

174

ਪ੍ਰਿੰਸੀਪਲ ਵਿਰੁੱਧ ਅਧਿਆਪਕਾਵਾਂ ਦੂਸਰੇ ਦਿਨ ਵੀ ਟੈਂਕੀ ‘ਤੇ ਡਟੀਆਂ, ਕਈ ਜਥੇਬੰਦੀ ਆਈਆਂ ਹਮਾਇਤ ‘ਤੇ
ਦੂਸਰੇ ਪਾਸੇ ਮੈਂਨੇਜਮੈਂਟ ਨੇ ਪ੍ਰਿੰਸੀਪਲ ਦੇ ਹੱਕ ‘ਚ ਭੁਗਤਾਇਆ ਸਕੂਲ ਦਾ ਸਟਾਫ
ਬਰਨਾਲਾ, 9 ਜੂਨ (ਜਗਸੀਰ ਸਿੰਘ ਸੰਧੂ)  : ਸਥਾਨਿਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਵਿਚਕਾਰ ਪੈਦਾ ਹੋਇਆ ਵਿਵਾਦ ਸੁਲਝਣ ਦੀ ਥਾਂ ਹੋਰ ਉਲਝਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਪ੍ਰਿੰਸੀਪਲ ‘ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਕੂਲ ਦੀਆਂ ਕੁਝ ਅਧਿਕਆਪਕਾਵਾਂ ਸਕੂਲ ਦੇ ਸਾਹਮਣੇ ਆਈਟੀਆਈ ਚੌਂਕ ਵਿੱਚ ਪਾਣੀ ਵਾਲੀ ਟੈਂਕੀ ‘ਤੇ ਡਟੀਆਂ ਹੋਈਆਂ ਹਨ ਅਤੇ ਕਈ ਜਨਤਕ ਜਥੇਬੰਦੀਆਂ ਉਹਨਾਂ ਦੇ ਹੱਕ ਵਿੱਚ ਨਿਤਰ ਆਈਆਂ ਹਨ, ਉਥੇ ਹੀ ਦੂਸਰੇ ਪਾਸੇ ਸਕੂਲ ਦੀ ਮੈਨੇਜਮੈਂਟ ਵੱਲੋਂ ਅੱਜ ਪ੍ਰਿੰਸੀਪਲ ਦੇ ਹੱਕ ਵਿੱਚ ਨਿਤਰਦਿਆਂ ਸਕੂਲ ਦੇ ਸਟਾਫ ਤੋਂ ਪ੍ਰਿੰਸੀਪਲ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕਰਵਾਈ ਗਈ। ਸਕੂਲ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਕੇਵਲ ਕ੍ਰਿਸ਼ਨ ਅਤੇ ਐਮ.ਡੀ ਰਣਪ੍ਰੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਸਕੂਲ ਦੇ ਸਟਾਫ ਵੱਲੋਂ ਇੱਕ ਲਿਖਤੀ ਪੱਤਰ ਰਾਹੀਂ ਪ੍ਰਿੰਸੀਪਲ ਦੇ ਹੱਕ ਵਿੱਚ ਪੁਸ਼ਟੀ ਕੀਤੀ ਗਈ ਕਿ ਸਕੂਲ ਦਾ ਪ੍ਰਿੰਸੀਪਲ ਸਾਡੇ ਬੁਜਰਗ ਸਮਾਨ ਹੈ ਅਤੇ ਉਹਨਾਂ ਵੱਲੋਂ ਸਕੂਲ ਸਟਾਫ ਨਾਲ ਬਹੁਤ ਚੰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਸਕੂਲ ਦੀਆਂ ਕੁਝ ਅਧਿਆਪਕਾਵਾਂ ਵੱਲੋਂ ਕਿਸੇ ਦੇ ਗੁੰਮਰਾਹ ਕਰਨ ‘ਤੇ ਪ੍ਰਿੰਸੀਪਲ ਕਰਨਲ ਸ੍ਰੀ ਨਿਵਾਸਲੂ ‘ਤੇ ਗਲਤ ਆਰੋਪ ਲਗਾਏ ਜਾ ਰਹੇ ਹਨ। ਇਸ ਮੌਕੇ ਮੈਡਮ ਨਛੱਤਰ ਕੌਰ, ਅਲਕਾ ਗੁਪਤਾ, ਸ੍ਰੀਮਤੀ ਦੀਪਨਾ, ਬਲਜੀਤ ਕੌਰ ਅਸ਼ਟ, ਰਜਨੀ ਬਾਲਾ, ਮੋਨਿਕਾ, ਨੀਨਾ ਗੁਪਤਾ, ਸਾਧਨਾ ਉਬਰਾਏ, ਪ੍ਰਦੀਪ ਕੁਮਾਰ, ਰਾਜੇਸ ਕੁਮਾਰ, ਕਿਰਨਾ ਰਾਣੀ, ਭਾਰਤੀ ਸੇਵਕ, ਰਜਨੀ ਬਾਂਸਲ ਸਮੇਤ ਸਕੂਲ ਦਾ ਕਾਫੀ ਸਟਾਫ ਹਾਜਰ ਸੀ। ਉਧਰ ਟੈਂਕੀ ‘ਤੇ ਡਟੀਆਂ ਹੋਈਆਂ ਅਧਿਆਪਕਾਵਾਂ ਅੰਮ੍ਰਿਤਪਾਲ ਕੌਰ, ਕਿਰਨਦੀਪ ਕੌਰ, ਪ੍ਰਭਜੀਤ ਕੌਰ ਅਤੇ ਸੀਮਾ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਦੀ ਇੱਕ ਸਾਥੀ ਅੱਜ ਗਰਮੀ ਕਾਰਨ ਬੇਹੋਸ ਵੀ ਹੋ ਗਈ ਸੀ, ਪਰ ਉਹ ਆਪਣੀ ਮੰਗਾਂ ਮੰਨੇ ਜਾਣ ਤੱਕ ਟੈਂਕੀ ‘ਤੇ ਡਟੀਆਂ ਰਹਿਗੀਆਂ। ਇਹਨਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀਨਵਾਸਲੂ ਵੱਲੋਂ ਅਧਿਆਪਕਾਵਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਛੁੱਟੀ ਮੰਗਣ ਜਾਂ ਕਿਸੇ ਹੋਰ ਕੰਮ ਲਈ ਗਈਆਂ ਅਧਿਆਪਕਾਵਾਂ ਕੋਲੋਂ ਸਰਮਸ਼ਾਰ ਕਰਨ ਵਾਲੇ ਸਵਾਲ ਪੁਛੇ ਜਾਂਦੇ ਹਨ। ਪਿਛਲੇ ਦਿਨੀਂ ਸਕੂਲ ਦੀ ਇੱਕ ਅÎਧਿਆਪਕਾ ਰਵਿੰਦਰ ਕੌਰ ਨਾਲ ਵੀ ਪ੍ਰਿੰਸੀਪਲ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ। ਇਸ ਉਪਰੰਤ ਜਦੋਂ ਰਵਿੰਦਰ ਕੌਰ ਅਤੇ ਉਸਦੇ ਨਾਲ ਕੁਝ ਹੋਰ ਅਧਿਆਪਕਾਂਵਾਂ ਪਿੰ੍ਰਸੀਪਲ ਦੇ ਖਿਲਾਫ ਪੁਲਸ ਕੋਲ ਸਿਕਾਇਤ ਲੈ ਕੇ ਗਈਆਂ ਤਾਂ ਪੁਲਸ ਪ੍ਰਸਾਸ਼ਨ ਵੱਲੋਂ ਕਈ ਘੰਟੇ ਬਿਠਾਉਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਇਸ ਦੌਰਾਨ ਥਾਣੇ ਵਿੱਚ ਹੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਵਿੰਦਰ ਕੌਰ ਦੀ ਹਾਲਤ ਵਿਗੜ ਗਈ, ਜੋ ਸਥਾਨਿਕ ਸਿਵਲ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਹੈ, ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਸ ਪ੍ਰਸਾਸ਼ਨ ਨੇ ਪ੍ਰਿੰਸੀਪਲ ‘ਤੇ ਕੋਈ ਕਾਰਵਾਈ ਕਰਨ ਦੀ ਥਾਂ ਅੱਜ ਫਿਰ ਉਹਨਾਂ ਨੂੰ ਹੰਡਿਆਇਆ ਸੀ.ਆਈ.ਏ ਸਟਾਫ ਵਿਖੇ ਬੁਲਾਇਆ ਸੀ ਅਤੇ ਉਥੇ ਵੀ ਪੁਲਸ ਪ੍ਰਸਾਸਨ ਦਾ ਰਵੱਈਆ ਪ੍ਰਿੰਸੀਪਲ ਦੇ ਹੱਕ ਵਿੱਚ ਹੀ ਰਿਹਾ, ਜਿਸ ਤੋਂ ਅੱਕ ਕੇ ਉਹਨਾਂ ਨੂੰ ਬਾਬਾ ਗਾਂਧਾ ਸਿੰਘ ਸਕੂਲ ਦੇ ਸਾਹਮਣੇ ਆਈ.ਟੀ.ਆਈ ਚੌਕ ਵਿੱਚ ਪਾਣੀ ਵਾਲੀ ਟੈਂਕੀ ‘ਤੇ ਚੜਨਾ ਪਿਆ ਹੈ, ਪਰ ਕੱਲ ਦਾ ਦਿਨ ਅਤੇ ਇੱਕ ਰਾਤ ਟੈਂਕੀ ‘ਤੇ ਕੱਟਣ ਦੇ ਬਾਵਜੂਦ ਵੀ ਕੋਈ ਪ੍ਰਸਾਸਨਿਕ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਤੱਕ ਨਹੀਂ ਆਇਆ। ਇਹਨਾਂ ਅਧਿਆਪਕਾਵਾਂ ਨੇ ਔਰਤਾਂ ਦੀ ਸੁਣਵਾਈ ਨਾ ਹੋਣ ਕਰਕੇ ਪੰਜਾਬ ਸਰਕਾਰ ‘ਤੇ ਵੀ ਕਈ ਤਰਾਂ ਦੇ ਸਵਾਲ ਖੜੇ ਕੀਤੇ ਹਨ। ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ‘ਤੇ ਡਟੀਆਂ ਇਹਨਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਉਹ ਮੰਗ ਮੰਨੇ ਜਾਣ ਡੱਟੀਆਂ ਰਹਿਗੀਆਂ, ਪਰ ਜੇਕਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਉਹ ਕੁਝ ਵੀ ਕਰ ਸਕਦੀਆਂ ਹਨ। ਟੈਂਕੀ ‘ਤੇ ਡਟੀਆਂ ਇਹਨਾਂ ਅਧਿਆਪਕਾਵਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ, ਸੁਧਾਰ ਕਮੇਟੀ ਧਨੌਲਾ, ਇੰਨਕਲਾਬੀ ਮੋਰਚਾ ਪੰਜਾਬ ਸਮੇਤ ਕਈ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਟੈਂਕੀ ਹੇਠ ਲਗਾਏ ਧਰਨੇ ਵਿੱਚ ਸਮੂਲੀਅਤ ਕੀਤੀ ਗਈ।

Real Estate