ਤਨਖਾਹ ਦੇ ਰੂਪ ‘ਚ ਮਿਲੀਆਂ ਭਾਨ ਦੀਆਂ ਪੰਡਾਂ ਲੈ ਕੇ ਦਰ ਦਰ ਭਟਕ ਰਹੇ ਹਨ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ

174

ਸ੍ਰੀ ਅਨੰਦਪੁਰ ਸਾਹਿਬ, 9 ਜੂਨ (ਸੁਰਿੰਦਰ ਸਿੰਘ ਸੋਨੀ) : ਕੋਰੋਨਾ ਮਹਾਮਾਰੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਲਈ ਗੁਰੂ ਕੇ ਲੰਗਰ ਲਗਾ ਕੇ ਸੇਵਾ ਨਿਭਾਈ ਗਈ, ਜਿਸ ਦੀ ਭਰਵੀਂ ਸ਼ਲਾਘਾ ਹੋ ਰਹੀ ਹੈ। ਇਸ ਸੇਵਾ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਜ਼ਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦਿਨ-ਰਾਤ ਇਕ ਕਰ ਕੇ ਸੇਵਾ ਕੀਤੀ ਪਰ ਹੁਣ ਉਹੀ ਮੁਲਾਜ਼ਮ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋਏ ਪਏ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ ਸੇਵਾ ਨਿਭਾ ਰਹੇ ਕੁਝ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਸਾਨੂੰ ਤਨਖਾਹ ਦੇ ਰੂਪ ਵਿਚ ਭਾਨ ਦਿੱਤੀ ਜਾ ਰਹੀ ਹੈ, ਜਿਸ ਕਰ ਕੇ ਉਹ ਬਹੁਤ ਪਰੇਸ਼ਾਨੀ ਦੇ ਆਲਮ ‘ਚੋਂ ਲੰਘ ਰਹੇ ਹਨ। ਇਕ ਰਾਗੀ ਨੇ ਦੱਸਿਆ ਕਿ ਉਸ ਨੂੰ 20 ਹਜ਼ਾਰ ਰੁਪਏ ਦੀ ਭਾਨ ਦਿੱਤੀ ਗਈ, ਜਿਸ ਦੀ ਪੰਡ ਚੁੱਕ ਕੇ ਉਹ ਕਈ ਜਗ੍ਹਾ ਗਿਆ ਪਰ ਕਿਸੇ ਨੇ ਭਾਨ ਨਹੀਂ ਲਈ। ਇਕ ਸੇਵਾਦਾਰ ਨੂੰ 15 ਹਜ਼ਾਰ ਦੀ ਭਾਨ ਮਿਲੀ ਪਰ ਜਦੋਂ ਉਹ ਬਾਜ਼ਾਰ ਦੁਕਾਨਦਾਰਾਂ ਕੋਲ ਸਾਮਾਨ ਲੈਣ ਗਿਆ ਤਾਂ ਉਸ ਕੋਲੋਂ ਭਾਨ ਨਹੀਂ ਲਈ ਗਈ ਤੇ ਮਜ਼ਬੂਰਨ ਸਮਾਨ ਤੋਂ ਬਗੈਰ ਹੀ ਵਾਪਸ ਜਾਣਾ ਪਿਆ। ਇਕ ਮਹਿਲਾ ਮੁਲਾਜ਼ਮ ਨੇ ਰੋਂਦਿਆਂ ਦੱਸਿਆ ਕਿ ਉਹ ਭਾਨ ਲੈ ਕੇ ਬੈਂਕ ਗਈ ਪਰ ਬੈਂਕ ਅਧਿਕਾਰੀ ਵੱਲੋਂ ਉਸ ਨੂੰ ਘਟੀਆ ਵਰਤਾਉ ਕਰਦਿਆਂ ਭਾਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਇਕ ਹੋਰ ਮੁਲਾਜ਼ਮ ਨੇ ਦੱਸਿਆ ਕਿ ਇਕ ਬੈਂਕ ਅਧਿਕਾਰੀ ਨੇ ਉਸ ਦੀ ਭਾਨ ਲੈ ਕੇ ਇਕ ਹਜ਼ਾਰ ਰੁਪਏ ਮਗਰ 170 ਰੁਪਏ ਦਾ ਕੱਟ ਲਗਾ ਕੇ ਪੈਸੇ ਜਮ੍ਹਾਂ ਕੀਤੇ। ਮੁਲਾਜ਼ਮਾਂ ਨੇ ਕਿਹਾ ਕਿ ਉਹ ਜਦੋਂ ਭਾਨ ਲੈ ਕੇ ਦੁਕਾਨਾਂ ਜਾਂ ਬੈਂਕ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਆਪਣੇ ਪੈਸੇ ਹੋਣ ਦੇ ਬਾਵਜੂਦ ਅਸੀਂ ਮਾਰੇ ਮਾਰੇ ਮਿੰਨਤਾਂ ਕਰਦੇ ਫਿਰਦੇ ਹਾਂ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇਸ ਸਬੰਧੀ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜੋ ਭਾਨ ਪਈ ਹੈ ਉਹ ਵੰਡ ਕੇ ਦੇ ਰਹੇ ਹਨ। ਉਨ੍ਹਾਂ ਕਿਹਾ ਮੁਲਾਜ਼ਮਾਂ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਤਨਖਾਹ ਮਿਲ ਰਹੀ ਹੈ ਨਹੀ ਤਾਂ ਕਈ ਪਾਸੇ ਲਾਕਡਾਊਨ ਕਾਰਨ ਤਨਖਾਹ ਹੀ ਨਹੀਂ ਦਿੱਤੀ ਜਾ ਸਕੀ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਹੁਤ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਣਗੇ ਤੇ ਇਸ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਕਿਢਆ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ 510 ਦੇ ਕਰੀਬ ਮੁਲਾਜ਼ਮ ਹਨ। ਇਨ੍ਹਾਂ ‘ਚ ਰਾਗੀ, ਗ੍ਰੰਥੀ ਸਿੰਘ, ਪਾਠੀ, ਪ੍ਰਚਾਰਕ ਤੇ ਸੇਵਾਦਾਰ ਆਦਿ ਸ਼ਾਮਲ ਹਨ। ਇਨ੍ਹਾਂ ਦੀ ਤਨਖਾਹ ਪਹਿਲਾਂ ਬੈਂਕ ਖਾਤੇ ਵਿਚ ਆ ਜਾਂਦੀ ਸੀ ਪਰ ਇਸ ਵਾਰ ਅਪ੍ਰੈਲ ਅਤੇ ਮਈ ਮਹੀਨੇ ਵਿਚ ਮਿਲੀ ਭਾਨ ਕਾਰਨ ਬਹੁਤ ਸਾਰੇ ਮੁਲਾਜ਼ਮ ਪਰੇਸ਼ਾਨੀ ਵਿਚ ਹਨ ਤੇ ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ।

Real Estate