ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 10 ਗੁਣਾਂ ਵਧਿਆ

242

ਕੋਵਿਡ ਸੰਕਟ ’ਚ ਕਿਸਾਨਾਂ ਨੇ ਝੋਨੇ ਦੀ ਸਿੱਧੀ  ਬਿਜਾਈ ਵੱਲ ਮੋੜਾ ਕੱਟਿਆ

ਬਠਿੰਡਾ/ 09 ਜੂਨ/ ਬਲਵਿੰਦਰ ਸਿੰਘ ਭੁੱਲਰ
ਕੋਵਿਡ ਸੰਕਟ ਦੇ ਇਸ ਦੌਰ ਵਿਚ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਰਗ ਦਰਸ਼ਨ ਵਿੱਚ ਬਠਿੰਡਾ ਦੇ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵੱਲ ਮੋੜਾ ਕਟਦਿਆਂ ਪਿੱਛਲੇ ਸਾਲ ਦੇ ਮੁਕਾਬਲੇ 10 ਗੁਣਾਂ ਜਿਆਦਾ ਰਕਬੇ ਵਿੱਚ ਇਸ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਕਰ ਲਈ ਹੈ, ਜਦ ਕਿ 20 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਹਾਲੇ ਚੱਲਣੀ ਹੈ ਅਤੇ ਉਸਤੋਂ ਬਾਅਦ ਬਾਸਮਤੀ ਦੀ ਸਿੱਧੀ ਬਿਜਾਈ ਵੀ ਹੋਣੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ: ਬਹਾਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਲੇਬਰ ਦੀ ਘਾਟ ਦੇ ਮੱਦੇਨਜਰ ਜ਼ਿਲੇ ਦੇ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਨਾਇਆ ਜੋ ਕਿ ਧਰਤੀ ਹੇਠਲੇ ਪਾਣੀ ਦੀ ਬਚਤ ਦੇ ਨਾਲ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੀ ਘੱਟ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਸਾਲ ਜ਼ਿਲ੍ਹੇ ਵਿੱਚ 2200 ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ, ਜਦ ਕਿ ਇਸ ਵਾਰ ਇਸ ਤੋਂ ਪਹਿਲਾਂ 22 ਹਜਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਦੇ ਪਿੰਡ ਕੋਟ ਸ਼ਮੀਰ ਅਤੇ ਘੁੰਮਣ ਕਲਾਂ ਦੇ ਕਿਸਾਨ ਤਾਂ ਪਹਿਲਾਂ ਤੋਂ ਇਸ ਤਕਨੀਕ ਨਾਲ ਝੋਨਾ ਲਾਉਂਦੇ ਆ ਰਹੇ ਸਨ ਪਰ ਇਸ ਸਾਲ ਵਿਆਪਕ ਪੱਧਰ ਤੇ ਕਿਸਾਨਾਂ ਵਿੱਚ ਇਹ ਤਕਨੀਕ ਲੋਕਪ੍ਰਿਆ ਹੋਈ ਹੈ। ਉਨ੍ਹਾਂ ਨੇ ਇਸ ਤਕਨੀਕ ਦੇ ਲਾਭ ਦੱਸਦਿਆਂ ਕਿਹਾ ਕਿ ਇਸ ਨਾਲ ਪਾਣੀ ਦੀ 30 ਫੀਸਦੀ ਬਚਤ ਹੁੰਦੀ ਹੈ ਜੋ ਕਿ ਬਹੁਤ ਹੀ ਅਹਿਮ ਹੈ। ਇਸ ਤੋਂ ਬਿਨਾਂ ਕਿਸਾਨਾਂ ਦਾ ਪ੍ਰਤੀ ਏਕੜ ਕਰੀਬ 7 ਹਜ਼ਾਰ ਰੁਪਏ ਦੀ ਬਚਤ ਲਾਗਤ ਖਰਚੇ ਵਿਚ ਕਮੀ ਹੋਣ ਨਾਲ ਹੁੰਦੀ ਹੈ।
ਇਸ ਸਬੰਧੀ ਆਰਥਿਕ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਤੀ ਏਕੜ ਪਨੀਰੀ ਨਾ ਉਗਾਉਣ ਤੇ ਇੱਕ ਸੌ ਰੁਪਏ, ਲਵਾਈ ਦੇ 4 ਹਜ਼ਾਰ ਰੁਪਏ ਅਤੇ ਕੱਦੂ ਕਰਨ ਤੇ ਖਰਚ ਹੁੰਦੇ 15 ਸੌ ਰੁਪਏ ਪ੍ਰਤੀ ਏਕੜ ਦੀ ਬਚਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਦਾ ਝਾੜ ਆਮ ਝੋਨੇ ਜਿੰਨ੍ਹਾਂ ਹੀ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਇਸ ਤਕਨੀਕ ਨਾਲ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਤਕਨੀਕ ਵਿਚ ਨਦੀਨਾਂ ਦੀ ਰੋਕਥਾਮ ਸਹੀ ਸਮੇਂ ਤੇ ਕਰਨੀ ਜਰੂਰੀ ਹੁੰਦੀ ਹੈ। ਇਸ ਲਈ ਵਿਭਾਗ ਲਗਾਤਾਰ ਨੁੱਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਕਿਸਾਨ ਵਿਭਾਗ ਨਾਲ ਰਾਬਤਾ ਕਰਨ।

Real Estate