ਨਵਜੋਤ ਸਿੱਧੂ ਦੀ “ਆਪ” ‘ਚ ਆਮਦ ਨੂੰ ਲੈ ਕੇ ਭਗਵੰਤ ਮਾਨ ਨੂੰ ਨਾਖੁਸ਼

156

ਚੰਡੀਗੜ, 7 ਜੂਨ (ਜਗਸੀਰ ਸਿੰਘ ਸੰਧੂ) : ਤੇਜਤਰਾਰ ਆਗੂ ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਉਥਲਪੁੱਥਲ ਦੇਖਣ ਨੂੰ ਮਿਲ ਰਹੀ ਹੈ, ਜਿਥੇ ਨਵਜੋਤ ਸਿੱਧੂ ਦੀ ਮੌਜੂਦਾ ਪਾਰਟੀ ਕਾਂਗਰਸ ਵੱਲੋਂ ਕਈ ਤਰਾਂ ਦੇ ਸਪੱਸਟੀਕਰਨ ਦੇ ਕੇ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਅਨਿੱਖੜਵਾਂ ਅੰਗ ਦੱਸਿਆ ਜਾ ਰਿਹਾ ਹੈ, ਉਥੇ ਆਮ ਆਦਮੀ ਪਾਰਟੀ ਵਿੱਚ ਨਵਜੋਤ ਸਿੱਧੂ ਨੂੰ ਲੈ ਕੇ ਕਾਫੀ ਘੁਸਰ ਮੁਸਰ ਸੁਰੂ ਹੋ ਗਈ ਹੈ। ਜਿਥੇ ਆਮ ਆਦਮੀ ਪਾਰਟੀ ਦਾ ਹੇਠਲਾ ਕੇਡਰ ਅਤੇ ਕੁਝ ਆਗੂ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਖੁਸਆਮਦੀਦ ਕਹਿਣ ਲਈ ਪੱਬਾਂਭਾਰ ਦਿਖਾਈ ਦੇ ਰਹੇ ਹਨ, ਉਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਪਾਰਟੀ ਦੇ ਇਕਲੌੌਤੇ ਐਮ.ਪੀ ਭਗਵੰਤ ਮਾਨ ਇਸ ਮਾਮਲੇ ਵਿੱਚ ਨਾਖੁਸ ਦਿਖਾਈ ਦੇ ਰਹੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਵਿੱਚ ਆਵੇ ਅਤੇ ਪਾਰਟੀ ਉਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਵੱਜੋਂ ਪੇਸ ਕਰੇ। ਇਸੇ ਲਈ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਨੇਤਾ ਨਵਜੋਤ ਸਿੱਧੂ ਦੇ ਸਪੰਰਕ ‘ਚ ਨਹੀਂ ਹੈ। ਭਗਵੰਤ ਮਾਨ ਨੇ ਤਾਂ ਸਿੱਧੂ ਨੂੰ ਇਹ ਕਹਿ ਦਿੱਤਾ ਕਿ ਉਹ ਸਥਿਤੀ ਸਾਫ ਕਰਨ ਜੋ ਚਰਚਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਿੱਧੂ ਨੂੰ ਆਪ ‘ਚ ਸਾਮਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਹੈ।ਪਰ ਭਗਵੰਤ ਮਾਨ ਨੂੰ ਅਜੇ ਵੀ ਯਕੀਨ ਨਹੀਂ, ਇਸ ਲਈ ਉਨ੍ਹਾਂ ਖੁਦ ਸਿੱਧੂ ਨੂੰ ਇਸ ‘ਤੇ ਆਪਣਾ ਰੁਖ਼ ਸਾਫ ਕਰਨ ਲਈ ਕਿਹਾ ਹੈ। ਭਗਵੰਤ ਮਾਨ ਨੇ ਕਿਹਾ ਸਾਡੇ ਕਿਸੇ ਲੀਡਰ ਦਾ ਸਿੱਧੂ ਨਾਲ ਫਿਲਹਾਲ ਕੋਈ ਸੰਪਰਕ ਨਹੀਂ ਹੋਇਆ ਪਰ ਜੇਕਰ ਕੋਈ ਬਿਨਾਂ ਸ਼ਰਤ ਆਉਣਾ ਚਾਹੁੰਦਾ ਹੈ ਤਾਂ ਉਸ ਦਾ ਪਾਰਟੀ ‘ਚ ਸੁਆਗਤ ਹੈ। ਯਾਨੀ ਉਨ੍ਹਾਂ ਸਾਫ ਤੌਰ ‘ਤੇ ਕਹਿ ਦਿੱਤਾ ਕਿ ਜੇਕਰ ਸਿੱਧੂ ਆਉਣਾ ਵੀ ਚਾਹੁਣ ਤਾਂ ਉਨ੍ਹਾਂ ਦੀ ਕੋਈ ਖ਼ਾਸ ਸ਼ਰਤ ਨਹੀਂ ਮੰਨੀ ਜਾਵੇਗੀ।ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਪ੍ਰਸ਼ਾਤਤ ਕਿਸ਼ੋਰ ਨੇ ਖੁਦ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਿੱਧੂ ਨਾਲ ਅਜਿਹੀ ਕੋਈ ਗੱਲ ਨਹੀਂ ਹੋਈ। ਕੈਪਟਨ ਨੇ ਇਹ ਵੀ ਕਿਹਾ ਕਿ ਸਿੱਧੂ ਕਾਂਗਰਸ ਦਾ ਹਿੱਸਾ ਹਨ ਤੇ ਪਾਰਟੀ ਨਾਲ ਬਣੇ ਰਹਿਣਗੇ।

Real Estate