ਜੂਨ 84 ਦੇ ਘੱਲੂਘਾਰੇ ਵਿੱਚ ਪਤਨੀ ਸ਼ਹੀਦ ਕਰਵਾਉਣ ਵਾਲੇ ਜਗਦੇਵ ਸਿੰਘ ਜੱਗਾ ਨਾਲ ਜੱਸਾ ਸਿੰਘ ਮਾਣਕੀ ਦੀ ਇੰਟਰਵਿਊ
ਸਵਾਲ : ਕਿਵੇਂ ਵਾਪਰਿਆ ਇਹ ਭਾਣਾ ? ਉੱਤਰ : ਅਸੀਂ ਨਵੀ ਸਾਝੀ ਗੱਡੀ ਲਈ ਹੋਣ ਕਰਕੇ ਆਪਣੇ ਘਰ ਦੇ ਸੱਤ ਅੱਠ ਮੈਬਰ ਜਿੰਨਾ ਵਿੱਚ ਮੇਰਾ ਬੇਟਾ ਦੋ ਸਾਲ ਅਤੇ ਭੈਣ ਬਾਰਾ ਸਾਲ ਵੀ ਹਾਜਿਰ ਸਨ ਸਮੇਤ ਪਿੰਡ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ 3 ਜੂਨ ਨੂੰ ਦਿਨੇ ਚਾਲੇ ਪਾ ਦਿੱਤੇ ਤਾਂ ਕਿ ਮੱਥਾ ਟੇਕਿਆ ਜਾਵੇ।
ਸਵਾਲ : ਉਥੇ ਕੀ ਹੋਇਆ ? ਉੱਤਰ : ਅਸੀਂ ਸਾਰੀ ਸੰਗਤ ਪਿੰਡ ਸੰਘੇੜਾ ਤਕਰੀਬਨ 42 ਜਾਣਿਆ ਦੇ ਕਰੀਬ 3 ਜੂਨ ਸਾਮ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਦਰਸਨੀ ਡਿਉਢੀ ਵਿੱਚ ਰਾਤ ਕੱਟੀ, ਵਿੱਚ ਇਹ ਵੀ ਸੋਚਦੇ ਰਹੇ ਕਿ ਐਵੇਂ ਪ੍ਰੀਵਾਰਾਂ ਸਮੇਤ ਆ ਗਏ ਕਿਤੇ ਕੋਈ ਭਾਣਾ ਨਾ ਵਾਪਰ ਜਾਵੇ,ਉਹੀ ਹੋਇਆ ਜਿਸ ਦਾ ਡਰ ਸੀ, ਫਿਰ ਉਸੇ ਰਾਤ 4 ਵਜੇ ਸਵੇਰੇ ਗੋਲੀਬਾਰੀ ਸੁਣੀ ਤਾਂ ਕਾਫੀ ਗਰਦਾ ਉੱਡਿਆ ਹੋਇਆ ਹੋਣ ਕਰਕੇ ਸੰਗਤ ਥੋੜਾ ਸਹਿਮ ਗਈ, ਜਿਵੇ ਕੋਈ ਵੱਡਾ ਗੋਲਾ ਡਿੱਗਿਆ ਹੋਵੇ। ਸਵਾਲ : ਫਿਰ ਕੀ ਕੀਤਾ ? ਉੱਤਰ : ਗੋਲੀ ਚੱਲਣ ਤੱਕ ਕੋਈ ਮੱਥਾ ਟੇਕਣ ਗਿਆ ਸੀ ਕੋਈ ਬਾਥਰੂਮ ਵਿੱਚ ਸੀ ਫਿਰ ਅਸੀਂ ਸਾਰੇ ਜਣੇ 4ਜੂਨ ਨੂੰ ਸਵੇਰੇ 10 ਵਜੇ ਦੇ ਕਰੀਬ ਇਕੱਠੇ ਹੋ ਗਏ, ਲੰਗਰ ਲਿਆਂਦਾ ਜਿੰਨਾ ਜਿੰਨਾ ਲੋੜ ਸੀ ਛੱਕਿਆ ਕਿਉਂਕਿ ਹਾਲਾਤ ਠੀਕ ਨਹੀਂ ਸਨ। ਸਵਾਲ : 4 ਜੂਨ ਨੂੰ ਕੀ ਹੋਇਆ ? ਉੱਤਰ : ਸਾਰਾ ਦਿਨ ਲੰਘਿਆ ਵਾਪਿਸ ਮੁੜਨਾ ਅਸੰਭਵ ਹੋ ਗਿਆ ਸੀ ਪਹਿਲਾਂ ਗੋਲੀ ਉੱਤੋ ਦੀ ਚੱਲਦੀ ਰਹੀ,ਫਿਰ ਨੀਵੀ ਹੋ ਕੇ ਚੱਲੀ ਜਾਣੀ ਖਹਿ ਕੇ ਚੱਲਦੀ ਰਹੀ, ਸਾਮ ਨੂੰ ਕੋਈ ਸਿੰਘ ਆਇਆ ਕਹਿੰਦਾ ਤੁਸੀਂ ਇੱਥੋਂ ਚੱਲ ਜਾਉ ਇਹ ਥਾਂ ਠੀਕ ਨਹੀਂ ਹੈ ਫਿਰ ਅਸੀ ਦੋ ਦੋ ਬੰਦੇ ਹੋ ਕੇ ਗੁਰੂ ਰਾਮਦਾਸ ਸਰਾਂ ਵਿੱਚ ਚਲੇ ਗਏ,ਉਸ ਵਕਤ ਚਾਰ ਪੰਜ ਬੰਦੇ ਹੁੰਦੀ ਗੋਲੀਬਾਰੀ ਵਿੱਚ ਮਾਰੇ ਗਏ ਪਰ ਉਹ ਸਾਡੇ ਨਾਲ ਦੇ ਨਹੀਂ ਸਨ। ਸਵਾਲ : ਅੱਗੋ ਕੀ ਹੋਇਆ ? ਉੱਤਰ : ਗੁਰੂ ਰਾਮਦਾਸ ਸਰਾਂ ਵਿੱਚ ਅਸੀ ਦੋ ਪਾਰਟੀਆਂ ਵਿੱਚ ਵੰਡੇ ਗਏ 20-21 ਬੰਦੇ ਉੱਪਰਲੀ ਮੰਜ਼ਿਲ ਕਮਰਾ ਨੰਬਰ 119 ਵਿੱਚ ਚਲੇ ਗਏ, ਬਾਕੀ ਥੱਲੇ ਕਮਰੇ ਵਿੱਚ ਰਹਿ ਗਏ ਤਾਂ ਕਿ ਨੁਕਸਾਨ ਤੋਂ ਬਚਾਅ ਹੋ ਸਕੇ। 4 ਜੂਨ ਰਾਤ 10 ਵਜੇ ਲੰਗਰ ਲਿਆਂਦਾ ਗਿਆ ਗੱਟਾ ਭਰ ਕੇ ਪਰ ਖਾਧਾ ਥੋੜਾ ਬਹੁਤ, ਉਸ ਵਕਤ ਪਾਣੀ ਬਿਜਲੀ ਸੱਭ ਬੰਦ ਸੀ ਪਾਣੀ ਦੀ ਬੜੀ ਭਾਰੀ ਕਿੱਲਤ ਸੀ,ਗੋਲੀਬਾਰੀ ਹੋ ਰਹੀ ਸੀ ਕੁੱਝ ਸੁਣਾਈ ਨਹੀਂ ਸੀ ਦੇ ਰਿਹਾ। ਸਵਾਲ : ਦੂਜੀ ਪਾਰਟੀ ਦਾ ਕੀ ਬਣਿਆ ? ਉੱਤਰ : ਦੂਜੀ ਪਾਰਟੀ ਵਿੱਚ ਮਿੱਠਾ ਸਿੰਘ, ਉਸਦਾ ਬੇਟਾ, ਮਾਮਾ ਉਸਦਾ ਸਾਲਾ, ਸਹੁਰਾ, ਭਾਣਜਾ, ਦੋ ਕੁੜੀਆ 4ਜੂਨ ਰਾਤ ਨੂੰ ਹੋਈ ਗੋਲੀਬਾਰੀ ਦੌਰਾਨ ਮਾਰ ਦਿੱਤੇ ਗਏ। 5 ਜੂਨ ਰਾਤ 1 ਵਜੇ ਦੇ ਕਰੀਬ ਸਾਡੇ ਕਮਰੇ ਬੰਦ ਕਰਕੇ ਅੰਦਰ ਗ੍ਰਨੇਡ ਛੁੱਟ ਦਿੱਤੇ ਗਏ ਜਿਸ ਨਾਲ ਸਾਡੇ 4ਬੰਦਿਆ ਦੀ ਮੌਤ ਹੋ ਗਈ ਸੀ ਜਿਸ ਵਿੱਚ ਮੇਰੀ ਪਤਨੀ ਮਲਕੀਤ ਕੌਰ, ਬੱਗਾ ਸਿੰਘ ਦੇ ਘਰਵਾਲੀ ਮਲਕੀਤ ਕੌਰ, ਕਰਨੈਲ ਸਿੰਘ ਮੋਗੜ ਦੀ ਲੜਕੀ ਬਿੰਦਰ ਕੌਰ ਦੀ ਮੌਤ ਹੋ ਗਈ ਸੀ,ਚੋਥਾ ਬੰਦਾ ਮਰਨ ਵਾਲਾ ਅਮ੍ਰਿਤਸਰ ਜਿਲੇ ਦਾ ਸੀ।ਮੇਰੀ ਲੱਤ ਚੋਵੀ ਸਰੇ ਗ੍ਰਨੇਡ ਦੇ ਲੱਗਣ ਕਾਰਨ ਮੈਂ ਅਤੇ ਕਰਨੈਲ ਸਿੰਘ ਭੁੱਲਰ ਜ਼ਖਮੀ ਹਾਲਤ ਵਿੱਚ ਸਾ। ਸਵਾਲ : ਅਗਲੇ ਦਿਨ ਕੀ ਹੋਇਆ ? ਉੱਤਰ : 5 ਜੂਨ ਨੂੰ ਸਾਡੇ ਕਮਰਿਆਂ ਦੇ ਮੁਹਰੇ ਵੱਡੀਆ ਗੰਨਾ ਬੀੜੀਆ ਹੋਈਆ ਸਨ,ਫੋਜ ਤਕੜੇ ਬੰਦਿਆਂ ਦੇ ਵੱਟ ਮਾਰ ਮਾਰ ਕੇ ਆਪਣੀ ਕਸਟਡੀ ਵਿੱਚ ਲਈ ਜਾ ਰਹੀ ਸੀ,ਉਸ ਵਕਤ ਸਾਡੀ ਗਿਣਤੀ 18-19 ਦੇ ਕਰੀਬ ਸੀ ਤਾਂ ਸਾਨੂੰ ਪਾਉੜੀਆ ਤੋਂ ਉਤਾਰ ਕੇ ਥੱਲੇ ਲਿਆਂਦਾ ਜਾ ਰਿਹਾ ਸੀ ਦੋ ਸਾਲ ਦਾ ਮੇਰਾ ਬੇਟਾ ਉੱਤੇ ਹੀ ਸੀ, ਅੱਗੋ ਫੱਟੜਾ ਨੂੰ ਫੋਜੀ ਗੋਲੀ ਮਾਰ ਦਿੰਦੇ ਸਨ, ਮੇਰੇ ਵੀ ਲੱਤ ਵਿੱਚ ਗੋਲੀ ਮਾਰੀ ਗਈ ਪਰ ਮੇਰਾ ਸਾਥੀ ਮੈਨੂੰ ਖਿੱਚ ਧੂਹ ਕੇ ਬਾਹਰ ਲੈ ਆਇਆ ਸੀ ਉਸ ਵਕਤ ਸਾਡੇ ਆਲੇ ਦੁਆਲੇ ਲਾਸਾ ਦੇ ਢੇਰ ਸਨ ਖੂਨ ਹੀ ਖੂਨ ਸੀ,ਗੁਰੂ ਘਰ ਦੀ ਇਮਾਰਤ ਜਲ ਕੇ ਕਾਲੀ ਹੋਈ ਪਈ ਸੀ। ਸਵਾਲ : ਅੱਗੇ ਕਿਸ ਪਾਸ ਲੈ ਕੇ ਗਏ ? ਉੱਤਰ : ਅੱਗੇ ਸਾਇਦ ਕੋਈ ਡੀ ਐਸ ਪੀ ਬਾਜਵਾ ਸੀ ਜਿਸਨੂੰ ਇਹ ਕਹਿੰਦਿਆਂ ਸੁਣਿਆ ਕਿ ਇਹਨਾਂ ਨੂੰ ਕਿਉਂ ਮਾਰੀ ਜਾਨੇਓ ਜੋ ਮਾਰਨੇ ਸੀ ਉਹ ਤਾਂ ਤੁਹਾਡੇ ਕੋਲੋਂ ਮਰੇ ਨਹੀਂ, ਫਿਰ ਉਸਦੇ ਕਹਿਣ ਤੇ ਗੋਲੀ ਬੰਦ ਹੋ ਗਈ ਸਾਨੂੰ ਉਸ ਸਿੱਖ ਅਫਸਰ ਨੇ ਭੁੱਜੇ ਛੋਲੇ ਅਤੇ ਪਾਣੀ ਦਿੱਤਾ, ਬੱਚਿਆਂ ਨਾਲ ਵੀ ਪਿਆਰ ਕੀਤਾ ਜੋ ਉਹ ਕਰ ਸਕਦਾ ਸੀ ਕੀਤਾ ਅਸੀਂ ਥੋੜੀ ਰਾਹਤ ਮਹਿਸੂਸ ਕੀਤੀ ,ਅਸੀਂ 6ਜੂਨ ਸਾਰੀ ਦਿਹਾੜੀ ਗੁਰੂ ਰਾਮਦਾਸ ਸਰਾਂ ਦੀਆਂ ਪ੍ਰਕਰਮਾ ਵਿੱਚ ਬੈਠੇ ਰਹੇ। ਸਵਾਲ : ਸਾਮ ਨੂੰ ਕੀ ਹੋਇਆ ? ਉੱਤਰ : 6 ਜੂਨ ਸਾਮ 7 ਵਜੇ ਟਰੱਕ ਅਤੇ ਬੱਸਾਂ ਆਈਆਂ ਬੱਸਾਂ ਵਿੱਚ ਫੱਟੜ ਅਤੇ ਟਰੱਕਾਂ ਵਿੱਚ ਮਰੇ ਹੋਏ ਲੋਕ ਲੱਦਣੇ ਸ਼ੁਰੂ ਕਰ ਦਿੱਤੇ ਮੇਰੇ ਕੋਲੋਂ ਚੜਿਆ ਨਹੀਂ ਸੀ ਜਾ ਰਿਹਾ ਪਰ ਪੁਲੀਸ ਵਾਲੇ ਨੇ ਕਿਹਾ ਕਿ ਗੋਲੀ ਮਾਰ ਦੇਣਗੇ ਤਾਂ ਉਸਨੇ ਥੋੜਾ ਸਹਾਰਾ ਦਿੱਤਾ ਤਾਂ ਮੈ ਬੱਸ ਵਿੱਚ ਅੋਖਾ ਸੋਖਾ ਚੜ ਗਿਆ,ਬੱਸ ਵਿੱਚ ਅਸੀ 65-70 ਬੰਦੇ ਸੀ ਜਿੰਨਾ ਵਿੱਚੋਂ 7 ਜਾਣਿਆ ਦੀ ਬੱਸ ਵਿੱਚ ਹੀ ਮੌਤ ਹੋ ਗਈ। ਸਾਨੂੰ ਗੁਰੂ ਤੇਗ ਬਹਾਦਰ ਹਸਪਤਾਲ ਰੱਖਿਆ ਗਿਆ ਉੱਥੇ ਤਕਰੀਬਨ 900 ਦੇ ਕਰੀਬ ਲੋਕ ਸਨ ਜਿਨ੍ਹਾਂ ਵਿੱਚੋਂ 300 ਮਰ ਗਿਆ ਸੀ ਦੋ ਬੰਦੇ ਵਿੱਚੋਂ ਭੱਜ ਗਏ ਸਨ ਜਿਸ ਕਾਰਨ ਸਾਨੂੰ ਇੱਕ ਹਫਤਾ ਬਿਨਾਂ ਦਵਾਈ ਮੱਲਮ ਪੱਟੀ ਦੇ ਰੱਖਿਆ ਗਿਆ ਅੋਰ ਸਾਡੇ ਜਖਮਾ ਵਿੱਚ ਕੀੜੇ ਪੈ ਗਏ ਫਿਰ ਹਫਤੇ ਬਾਅਦ ਡਾਕਟਰ ਬੀਬੀ ਨੇ ਸਟੈਂਡ ਲੈਂਦਿਆ ਕਿਹਾ ਕਿ ਜੇਕਰ ਮਾਰਨੇ ਹੀ ਹਨ ਫਿਰ ਇੱਧਰ ਕਿਉਂ ਲਿਆਦੇ ਹਨ ਤਾਂ ਜਾ ਕੇ ਸਾਡਾ ਇਲਾਜ਼ ਸ਼ੁਰੂ ਹੋਇਆ। ਸਵਾਲ : ਇਲਾਜ਼ ਕਿੰਨੇ ਦਿਨ ਚੱਲਿਆ ? ਉੱਤਰ : ਤਕਰੀਬਨ 63 ਦਿਨ ਚੱਲਾ ਪਰ ਇੱਕ ਮਹੀਨਾ ਕਿਸੇ ਨੂੰ ਵੀ ਇੱਕ ਦੂਜੇ ਨਾਲ ਬੋਲਣ ਨਹੀਂ ਦਿੱਤਾ ਬਾਹਰਲੀ ਪੁਲੀਸ ਸੀ ਫਿਰ ਰਾਜਸਥਾਨ ਵਾਲੀ ਪੁਲੀਸ ਲੱਗੀ ਤਾਂ ਥੋੜੀ ਨਰਮੀ ਹੋਈ ਪਤਾ ਸਤਾ ਲੱਗਣਾ ਸ਼ੁਰੂ ਹੋਇਆ,ਬੱਚੇ ਲੁਧਿਆਣਾ ਜੇਲ੍ਹ ਵਿੱਚ ਸਨ, 8/8/1984 ਨੂੰ ਮੈਨੂੰ ਗੁਰੂ ਤੇਗ ਬਹਾਦਰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਮੈ ਘਰ ਆਇਆ ਫਿਰ ਬਰਨਾਲਾ ਮਾਲੇਰਕੋਟਲਾ ਆਦਿ ਥਾਵਾਂ ਤੋਂ ਇਲਾਜ਼ ਕਰਵਾਇਆ ਡੇਢ ਸਾਲ ਕੇਸ ਚੱਲਿਆ ਪੰਜ ਕਿੱਲੇ ਜ਼ਮੀਨ ਵਿਕੀ। ਸਵਾਲ : ਕਿਸੇ ਨੇ ਕੋਈ ਸਹਾਇਤਾ ਕੀਤੀ ? ਉੱਤਰ : ਹਾਂ ਇੱਕ ਵਾਰੀ ਐਸ ਜੀ ਪੀ ਸੀ ਨੇ, ਇੱਕ ਵਾਰੀ ਸਰਕਾਰ ਨੇ 10 ਤੋ 20 ਹਜ਼ਾਰ ਦੀ ਮਦਦ ਕੀਤੀ, ਇੰਨੀਆਂ ਫਾਰਮੈਲਿਟੀਆ ਕਰਵਾਈਆ ਕਿ ਜਿੰਨੇ ਪੈਸੇ ਦਿੱਤੇ ਸੀ ਉੰਨੇ ਉੱਤੇ ਲੱਗ ਗਏ। ਸਵਾਲ : ਕੋਈ ਗਿਲਾ ? ਉੱਤਰ : ਚੱਲੋ ! ਵਾਹਿਗੁਰੂ ਜੀ ਦਾ ਭਾਣਾ ਹੈ ਜੋ ਵਾਪਰ ਗਿਆ, ਕੋਈ ਗਿਲਾ ਨਹੀਂ ਕਰਦੇ ਪਰ ਅਫਸੋਸ ਸਾਡੇ ਵਰਗਿਆਂ ਨੂੰ ਤਾਂ ਸ੍ਰੋਮਣੀ ਕਮੇਟੀ ਕਮਰਾ ਵੀ ਨਹੀਂ ਦਿੰਦੀ, ਜਦੋਂ ਕਦੀ ਗੁਰੂ ਦੇ ਦਰਸ਼ਨਾ ਨੂੰ ਜਾਦੇ ਹਾਂ, ਉਸ ਵਕਤ ਚੰਗਾ ਨਹੀਂ ਲੱਗਦਾ। ਬਾਕੀ ਜਦੋਂ ਆਹ ਦਿਨ ਆਂਉਦੇ ਹਨ ਤਾਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆ ਹਨ, ਲੱਤ ਵਿੱਚ ਲੱਗੀ ਗੋਲੀ ਤਾਂ ਸਦਾ ਹੀ ਯਾਦ ਰਹਿਣੀ ਹੈ।