ਗੁਜਰਾਤ- ਕਾਂਗਰਸ ਦਾ ਕਾਫੀਆ ਤੰਗ- ਰਾਜ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵਿਧਾਇਕ ਨੇ ਛੱਡੀ ਪਾਰਟੀ

193

ਗੁਜਰਾਤ ਵਿੱਚ ਰਾਜ ਸਭਾ ਦੀ ਚਾਰ ਸੀਟਾਂ ਲਈ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਡਰਾਮਾ ਸੁਰੂ ਹੋ ਗਿਆ ਹੈ। ਮੁੱਖ ਵਿਰੋਧੀ ਦਲ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ, ਹੁਣ ਤੱਕ ਇਸਦੇ 8 ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰਸਿੱਪ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਮਾਰਚ ਵਿੱਚ ਕਾਂਗਰਸ ਨੇ 5 ਵਿਧਾਇਕਾਂ ਪ੍ਰਵੀਨ ਮਾਰੂ , ਮੰਗਲ ਗਾਵਿਤ , ਸੋਮਾਭਾਈ ਪਟੇਲ ਜੇ ਵੀ ਕਾਕੜੀਆ ਅਤੇ ਪ੍ਰਦੂਯਮ ਜਡੇਜਾ ਨੇ ਅਸਤੀਫਾ ਦਿੱਤਾ ਸੀ । ਵੀਰਵਾਰ ਨੂੰ ਦੋ ਹੋਰ ਵਿਧਾਇਕ ਅਕਸ਼ੈ ਪਟੇਲ ਅਤੇ ਜੀਤੂ ਚੌਧਰੀ ਨੇ ਅਸਤੀਫਾ ਦਿੱਤਾ ਸੀ ।
ਸ਼ੱਕਰਵਾਰ ਨੂੰ ਇੱਕ ਵਿਧਾਇਕ ਬ੍ਰਿਜੇਸ਼ ਮੇਰਜਾ ਨੇ ਅਸਤੀਫਾ ਦੇ ਦਿੱਤਾ । ਜਦੋਂ ਮਾਰਚ ਵਿੱਚ ਪਹਿਲੀ ਵਾਰ ਕਾਂਗਰਸ ਵਿੱਚ ਬਗਾਵਤ ਹੋਈ ਤਾਂ ਪਾਰਟੀ ਨੇ ਵਿਧਾਇਕਾਂ ਨੂੰ ਰਾਜਸਥਾਨ ਦੇ ਇੱਕ ਰਿਜਾਰਟ ਵਿੱਚ ਰੱਖਿਆ ਸੀ । ਉਦੋਂ ਮੱਧ ਪ੍ਰਦੇਸ ਵਿੱਚ ਸਿਆਸੀ ਦਲਬਦਲੀ ਚੱਲ ਰਹੀ ਸੀ ਅਤੇ ਜਯੋਤਿਰਾਦਿੱਤਿਆ ਸਿੰਧੀਆ ਦੇ ਧੜੇ ਦੇ ਅਲੱਗ ਹੋ ਜਾਣ ਨਾਲ ਕਮਲ ਨਾਥ ਸਰਕਾਰ ਡਿੱਗ ਗਈ ਸੀ ।
ਸੂਬੇ ਵਿੱਚੋਂ 4 ਰਾਜ ਸਭਾ ਮੈਂਬਰ ਚੁਣੇ ਜਾਣੇ ਹਨ। ਇਸ ਦੇ ਲਈ ਭਾਜਪਾ ਦੇ ਤਿੰਨ ਅਤੇ ਕਾਂਗਰਸ ਦੇ ਦੋ ਉਮੀਦਵਾਰਾਂ ਨੇ ਕਾਗਜ ਦਾਖਲ ਕੀਤੇ ਹਨ। ਹੁਣ ਤੱਕ ਗਿਣਤੀ ਦੇ ਹਿਸਾਬ ਨਾਲ ਭਾਜਪਾ ਵਿੱਚ ਸਿਰਫ ਦੋ ਸੀਟਾਂ ਹੀ ਜਿੱਤ ਸਕਦੀ ਸੀ । ਕਾਂਗਰਸ ਦੇ 8 ਵਿਧਾਇਕਾਂ ਦੇ ਅਸਤੀਫੇ ਮਗਰੋਂ ਹੁਣ ਤੀਜੀ ਸੀਟ ‘ਤੇ ਬੀਜੇਪੀ ਦਾ ਪਲੜਾ ਭਾਰੀ ਹੋ ਰਿਹਾ ਹੈ।
ਵਿਧਾਨ ਸਭਾ ਦੇ ਸਪੀਕਰ ਰਾਜਿੰਦਰ ਦਿਵੇਦੀ ਨੇ ਵੀਰਵਾਰ ਨੂੰ ਆਖਿਆ ਕਿ ਕਰਜਨ ਸੀਟ ਤੋਂ ਕਾਂਗਰਸ ਵਿਧਾਇਕ ਅਕਸ਼ੈ ਪਟੇਲ ਅਤੇ ਕਪਰਾੜਾ ਦੇ ਵਿਧਾਇਕ ਜੀਤੂ ਚੌਧਰੀ ਨੇ ਬੁੱਧਵਾਰ ਸ਼ਾਂਮ ਨੂੰ ਨਿੱਜੀ ਤੌਰ ‘ਤੇ ਮਿਲ ਕੇ ਉਹਨਾਂ ਨੂੰ ਆਪਣੇ ਅਸਤੀਫੇ ਸੌਂਪੇ ਹਨ, ਜਿਸ ਨੂੰ ਮਨਜੂਰ ਵੀ ਕਰ ਲਿਆ ਗਿਆ ਹੈ। ਸਪੀਕਰ ਨੇ ਦੋਵੇ ਵਿਧਾਇਕਾਂ ਦੇ ਚਿਹਰਿਆਂ ਤੋਂ ਮਾਸਕ ਉਤਾਰ ਕੇ ਉਹਨਾਂ ਦੀ ਪਛਾਣ ਕੀਤੀ ਸੀ। ਦੋਵਾਂ ਨੇ ਆਪਣੀ ਮਰਜ਼ੀ ਨਾਲ ਬਿਨਾ ਕਿਸੇ ਦਬਾਅ ਦੇ ਅਸਤੀਫਾ ਦੇਣ ਦੀ ਗੱਲ ਆਖੀ ਸੀ ।
ਗੁਜਰਾਤ ਦੀ 182 ਮੈਂਬਰੀ ਵਿਧਾਨ ਸਭਾ ਵਿੱਚ 103 ਵਿਧਾਇਕ ਭਾਜਪਾ ਅਤੇ ਕਾਂਗਰਸ ਦੇ 66 ਵਿਧਾਇਕ ਚੁਣੇ ਗਏ ਸਨ। 9 ਸੀਟਾਂ ਖਾਲੀ ਹਨ। ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਦੇ 2 ਅਤੇ ਐਨਸੀਪੀ ਦਾ ਇੱਕ ਵਿਧਾਇਕ ਹੈ। ਇਹਨਾਂ ਤਿੰਨ੍ਹਾਂ ਵਿਧਾਇਕਾਂ ਦਾ ਵੀ ਹਾਲੇ ਤੱਕ ਕਾਂਗਰਸ ਨੂੰ ਸਾਥ ਸੀ । ਜਿਸ ਕਰਕੇ ਕਾਂਗਰਸ ਕੋਲ 69 ਵਿਧਾਇਕ ਸਨ ।
ਰਾਜ ਸਭਾ ਦੀ ਇੱਕ ਸੀਟ ਜਿੱਤਣ ਦੇ ਲਈ 37 ਵੋਟ ਚਾਹੀਦੇ ਹੋਣਗੇ । ਕਾਂਗਰਸ ਨੂੰ ਦੋ ਸੀਟਾਂ ਆਸਾਨੀ ਨਾਲ ਜਿੱਤਣ ਦੀ ਉਮੀਦ ਦੀ । ਪਰ ਮਾਰਚ ਤੋਂ ਹੀ ਕਾਂਗਰਸ ਨੂੰ ਖੋਰਾ ਲੱਗਣਾ ਸੁਰੂ ਹੋ ਗਿਆ । ਤਾਲਾਬੰਦੀ ਤੋਂ ਪਹਿਲਾਂ ਕਾਂਗਰਸ ਦੇ 5 ਵਿਧਾਇਕਾਂ ਨੇ ਸਾਥ ਛੱਡ ਦਿੱਤਾ ਸੀ । ਹੁਣ 3 ਹੋਰ ਵਿਧਾਇਕ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ। ਹੁਣ ਕਾਂਗਰਸ ਦੀ ਝੋਲੀ ਵਿੱਚ 61 ਵਿਧਾਇਕ ਬਚੇ ਹਨ ਅਤੇ ਇਸੇ ਦੌਰਾਨ ਐਨਸੀਪੀ ਅਤੇ ਬੀਟੀਪੀ ਦੇ ਵਿਧਾਇਕਾਂ ਦਾ ਰਵੱਈਆ ਵੀ ਬਦਲਣ ਲੱਗਾ ਹੈ।

Real Estate