ਬਰਗਾੜੀ ਮੋਰਚੇ ਵਿਚ ਮੰਨੀਆਂ ਮੰਗਾਂ ਜੇਕਰ ਲਾਗੂ ਨਾ ਕੀਤੀਆਂ, ਤਾਂ ਪੰਥਕ ਜਥੇਬੰਦੀਆਂ ਕਰਨਗੀਆਂ ਤਿੱਖਾ ਸੰਘਰਸ਼

217

ਚੰਡੀਗੜ੍ਹ, 4 ਜੂਨ (ਜਗਸੀਰ ਸਿੰਘ ਸੰਧੂ ) : ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਰਾਹੀ ਯਾਦ-ਪੱਤਰ ਦਿੰਦਿਆ ਮੰਗ ਕੀਤੀ ਕਿ ਜੇਕਰ ਬਰਗਾੜੀ ਮੋਰਚੇ ਵਿਚ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ, ਤਾਂ ਪੰਥਕ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆਂ । ਮੰਗ ਪੱਤਰ ਰਾਹੀਂ ਯਾਦ ਕਰਵਾਇਆ ਗਿਆ ਕਿ ਸਿੱਖ ਕੌਮ ਦੇ ਗੰਭੀਰ ਮੁੱਦਿਆ ਨੂੰ ਲੈਕੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੌਰਾਨ ਜਿਸਦੀਆਂ ਮੁੱਖ ਮੰਗਾਂ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਅਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆ ਖਿਲਾਫ਼ ਤੁਰੰਤ ਕਾਰਵਾਈ ਕਰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਦੀ ਪਹਿਚਾਣ ਕਰਕੇ ਗ੍ਰਿਫ਼ਤਾਰ ਕਰਨ, ਕਈ ਦਹਾਕਿਆ ਤੋਂ ਆਪਣੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਜੇਲ੍ਹ ਤਬਦੀਲੀਆਂ ਆਦਿ ਮੰਗਾਂ ਨੂੰ ਲੈਕੇ ਇਹ ਮੋਰਚਾ ਭਾਈ ਧਿਆਨ ਸਿੰਘ ਮੰਡ ਸਰਬੱਤ ਖ਼ਾਲਸਾ ਵੱਲੋਂ ਚੁਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿਚ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਲਗਭਗ 6 ਮਹੀਨੇ ਚੱਲੇ ਇਸ ਮੋਰਚੇ ਵਿਚ ਹਰ ਇਨਸਾਫ ਪਸ਼ੰਦ, ਹਰ ਧਰਮ ਦੇ ਨੁਮਾਇੰਦਿਆ ਅਤੇ ਹਰ ਸਿਆਸੀ ਪਾਰਟੀ ਦੇ ਆਗੂਆਂ ਨੇ ਸਿਰਕਤ ਕੀਤੀ ਸੀ। ਇਸ ਮੋਰਚੇ ਦੌਰਾਨ ਕੋਈ ਵੀ ਹਿੰਸਕ ਕਾਰਵਾਈ ਨਹੀਂ ਹੋਈ । ਇਹ ਮੋਰਚਾ ਅਮਨ-ਪੂਰਵਕ ਤਰੀਕੇ ਨਾਲ ਚੱਲਿਆ । 09 ਦਸੰਬਰ 2018 ਨੂੰ ਪੰਜਾਬ ਸਰਕਾਰ ਦੇ ਦੋ ਵਜ਼ੀਰਾਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ 3 ਵਿਧਾਇਕਾ ਨੇ ਸਮੂਲੀਅਤ ਕਰਕੇ ਮੋਰਚਾ ਸੰਚਾਲਕਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਿਸ਼ਵਾਸ ਦਿਵਾਇਆ ਸੀ ਕਿ ਇਸ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ, ਜਦੋਂਕਿ ਇਸ ਮੋਰਚੇ ਨੇ ਵੱਡੀਆ ਪ੍ਰਾਪਤੀਆ ਕੀਤੀ । ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਮੁੱਦਿਆ ਤੇ ਕੋਈ ਕਾਰਵਾਈ ਨਾ ਕਰਨਾ ਸਿੱਖ ਕੌਮ ਨਾਲ ਵਿਸ਼ਵਾਸਘਾਤ ਹੈ । ਇਸ ਲਈ ਇਹ ਵਫ਼ਦ ਸਰਕਾਰ ਦੇ ਡੇਢ ਸਾਲ ਬੀਤ ਜਾਣ ਤੇ ਮੁੜ ਯਾਦ ਦਿਵਾਉਣ ਲਈ ਮਿਲਿਆ । ਇਸ ਵਫ਼ਦ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਸ. ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਸ. ਜਸਵੀਰ ਸਿੰਘ ਖਡੂਰ ਜਰਨਲ ਸਕੱਤਰ ਦਲ ਖ਼ਾਲਸਾ ਅਤੇ ਸ. ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਸਿਮਰਨਜੀਤ ਸਿੰਘ ਮਾਨ, ਸ. ਗੁਰਨਾਮ ਸਿੰਘ ਸਿੱਧੂ ਆਦਿ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਬਰਗਾੜੀ ਕਾਂਡ ਦੇ ਮੁਜ਼ਰਿਮ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੁਰਮੀਤ ਰਾਮ ਰਹੀਮ, ਸੁਮੇਧ ਸੈਣੀ ਆਦਿ ਜੋ ਇਸ ਬੇਅਦਬੀ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਨਾਮਜਦ ਕੀਤੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ । ਇਸ ਜਾਂਚ ਕਮਿਸ਼ਨ ਦਾ ਪੰਜਾਬ ਅਸੈਬਲੀ ਵਿਚ ਮਤਾ ਵੀ ਪਾਸ ਹੋ ਚੁੱਕਾ ਹੈ । ਜੇਕਰ ਫਿਰ ਵੀ ਸਾਡੀਆਂ ਮੰਗਾਂ ਤੇ ਅਮਲ ਨਹੀਂ ਹੁੰਦਾ ਤਾਂ ਪੰਥਕ ਜਥੇਬੰਦੀਆਂ ਵੱਲੋਂ ਪਹਿਲਾ ਹੀ ਉਲੀਕੇ ਐਕਸ਼ਨ ਪ੍ਰੋਗਰਾਮ ਲਾਕਡਾਊਨ ਖੁੱਲ੍ਹ ਜਾਣ ਤੋਂ ਬਾਅਦ ਸਰਕਾਰ ਖਿਲਾਫ਼ ਲਾਗੂ ਕਰਨ ਲਈ ਮਜ਼ਬੂਰ ਹੋਵੇਗਾ । ਇਸ ਯਾਦ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ 06 ਜੂਨ ਦੇ ਘੱਲੂਘਾਰੇ ਨੂੰ ਮੁੱਦਾ ਬਣਾਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਪੰਥਕ ਆਗੂਆਂ ਅਤੇ ਵਰਕਰਾਂ ਦੇ ਘਰਾਂ ਵਿਚ ਛਾਪੇਮਾਰੀ ਅਤੇ ਪੁੱਛਗਿੱਛ ਦੇ ਬਹਾਨੇ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕਾਰਵਾਈ ਬੰਦ ਹੋਵੇ । ਇਸ ਵਫ਼ਦ ਦੇ ਆਗੂਆਂ ਨੇ ਪ੍ਰੈਸ ਨੂੰ ਇਹ ਵੀ ਕਿਹਾ ਕਿ ਕਰੋਨਾ ਮਹਾਂਮਾਰੀ ਤਹਿਤ ਮਾਨਵਤਾ ਦੇ ਭਲੇ ਲਈ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਪਾਲਣਾਂ ਕਰਦੇ ਹੋਏ ਉਹ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਇਹ ਅਪੀਲ ਕਰਦੇ ਹਨ ਕਿ ਉਹ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣ ਵਾਲੀ ਅਰਦਾਸ ਸਮਾਗਮ ਵਿਚ ਸਮੂਲੀਅਤ ਕਰਨ ਤੋਂ ਗੁਰੇਜ ਕਰਨ । ਉਨ੍ਹਾਂ ਸਲਾਹ ਦਿੱਤੀ ਕਿ ਉਹ ਆਪਣੇ-ਆਪਣੇ ਘਰਾਂ ਜਾਂ ਆਪਣੇ ਪਿੰਡਾਂ ਦੇ ਗੁਰੂਘਰਾਂ ਵਿਚ ਫਾਸਲਾ ਬਣਾਕੇ ਸਮੁੱਚੇ ਸ਼ਹੀਦਾਂ ਨੂੰ ਯਾਦ ਕਰਨ । 06 ਜੂਨ ਨੂੰ ਸਿਰਫ਼ ਇਨ੍ਹਾਂ ਪੰਥਕ ਧਿਰਾਂ ਵੱਲੋਂ ਨਾਮਜਦ ਕੀਤੇ ਗਏ ਮੁੱਖ ਆਗੂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕੇ ਸ਼ਹੀਦਾਂ ਦੀ ਯਾਦ ਵਿਚ ਨਤਮਸਤਕ ਹੋਣਗੇ ।”

Real Estate