ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਐਸ.ਐਸ.ਪੀ ਬਰਨਾਲਾ ਸਮੇਤ 40 ਪੁਲਸ ਵਾਲੇ ਇਕਾਂਤਵਾਸ ਕੀਤੇ

141

ਬਰਨਾਲਾ, 4 ਜੂਨ (ਜਗਸੀਰ ਸਿੰਘ ਸੰਧੂ)  : ਬਰਨਾਲਾ ਪੁਲਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਫੜੇ ਗਏ ਜੁਲਫਕਾਰ ਅਲੀ ਮਲੇਰਕੋਟਲਾ ਦੀ ਜਾਂਚ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਬਰਨਾਲਾ ਦੇ ਐਸ.ਐਸ.ਪੀ ਸਮੇਤ ਕਰੀਬ 40 ਪੁਲਸ ਮੁਲਾਜਮਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੀ ਪੁਸਟੀ ਕਰਦਿਆਂ ਸਿਵਲ ਸਰਜਨ ਬਰਨਾਲਾ ਸ੍ਰ: ਗੁਰਿੰਦਰਬੀਰ ਸਿੰਘ ਨੇ ਦੱਸਿਆ ਹੈ ਕਿ ਜੁਲਫਕਾਰ ਅਲੀ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉੁਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ ਸਾਰੇ ਪੁਲਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਇਤਿਆਤ ਵੱਜੋਂ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਸਾਰਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਹਨਾਂ ਦੱਸਿਆ ਹੈ ਕਿ ਐਸ.ਐਸ.ਪੀ ਬਰਨਾਲਾ ਸੰਦੀਪ ਗੋਇਲ ਸਮੇਤ ਐਸ.ਪੀ ਅਤੇ ਡੀ.ਐਸ.ਪੀ ਰੈਂਕ ਦੇ ਕੁਝ ਅਧਿਕਾਰੀਆਂ ਸਮੇਤ ਸੀ.ਆਈ.ਏ ਸਟਾਫ ਹੰਡਿਆਇਆ ਅਤੇ ਥਾਣਾ ਮਹਿਲ ਕਲਾਂ ਦੇ 40 ਦੇ ਕਰੀਬ ਪੁਲਸ ਅਧਿਕਾਰੀਆਂ ਅਤੇ ਹੋਰ ਮੁਲਾਜਮਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਪਾਜੇਟਿਵ ਪਾਏ ਗਏ ਜੁਲਫਕਾਰ ਅਲੀ ਨੂੰ ਬਰਨਾਲਾ ਅਦਾਲਤ ਵਿੱਚ ਪੇਸ਼ ਕਰਨ ਸਮੇਂ ਮੈਜਿਸਟਰੇਟ ਸਮੇਤ ਜੋ ਵੀ ਲੋਕ ਉਸ ਦੇ ਸੰਪਰਕ ਵਿੱਚ ਆਏ ਹਨ, ਸਿਹਤ ਵਿਭਾਗ ਵੱਲੋਂ ਉਹਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਜੁਲਫਕਾਰ ਅਲੀ ਦੇ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਇਕਾਂਤਵਾਸ ਕੀਤੇ ਜਾਣ ਦੀ ਚਰਚਾ ਨਾਲ ਬਰਨਾਲਾ ਜ਼ਿਲੇ ਵਿੱਚ ਕੋਰੋਨਾ ਨੂੰ ਲੈ ਕੇ ਇੱਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ ਹੈ।

Real Estate