ਕਬੱਡੀ ਖਿਡਾਰੀ ਅਰਵਿੰਦਰਜੀਤ ਦੀ ਮੌਤ ਤੇ ਕੈਪਟਨ ਅਮਰਿੰਦਰ ਨੇ ਤੋੜੀ ਚੁੱਪ 

186
 ਰਾਣਾ ਗੁਰਜੀਤ ਸਿੰਘ ਨੇ ਲਿਖੀ ਸੀ ਮੁੱਖ ਮੰਤਰੀ ਨੂੰ ਚਿੱਠੀ 
ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ” ਮੈਂ ਹਾਂ ਅਰਵਿੰਦਰਜੀਤ ਭਲਵਾਨ” ਦੀ ਮੁਹਿੰਮ ਵੀ ਆਰੰਭੀ ਗਈ ਸੀ
 ਕਪੂਰਥਲਾ , 4 ਜੂਨ (ਕੌੜਾ) –ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਲੰਘੀ 29 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਸਬੰਧੀ ਲਿਖੀ ਚਿੱਠੀ ਦੇ ਜਵਾਬ ਵਿੱਚ  ਮੁੱਖ ਮੰਤਰੀ ਨੇ ਆਖਿਆ ਕਿ ਉਹ ਅਰਵਿੰਦਰਜੀਤ ਸਿੰਘ ਦੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਹੋਰ ਕਬੱਡੀ ਖਿਡਾਰੀ ਪ੍ਰਦੀਪ ਸਿੰਘ ਦੇ ਮਾਮਲੇ ਦੀ ਰਿਪੋਰਟ ਮੰਗਵਾ ਰਹੇ ਹਨ।   ਜਲਦੀ ਇਸ ਮਾਮਲੇ ਤੇ ਵਿਚਾਰ ਕਰਕੇ ਯੋਗ ਫ਼ੈਸਲਾ ਲਿਆ ਜਾਵੇਗਾ । ਇਸ ਸਬੰਧੀ ਰਾਣਾ ਗੁਰਜੀਤ ਸਿੰਘ ਨੇ ਲਿਖਿਆ ਸੀ ਕਿ ਪੁਲਿਸ ਦੇ ਏ ਐੱਸ ਆਈ ਪਰਮਜੀਤ ਸਿੰਘ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ  ਅਰਵਿੰਦਰਜੀਤ ਸਿੰਘ ਉਰਫ਼ ਭਲਵਾਨ ਦੀ ਕਥਿਤ ਤੌਰ ਤੇ ਹੱਤਿਆ ਕਰ ਦਿੱਤੀ ਸੀ। ਉਹ ਪਿਛਲੇ ਤੇਰਾਂ ਸਾਲਾਂ ਤੋਂ ਕਿਸੇ ਬਿਮਾਰੀ ਕਾਰਨ ਮੰਜੇ ਤੇ ਪਏ ਪਿਤਾ ਬਲਵੀਰ ਸਿੰਘ ਦਾ ਇਕਲੌਤਾ ਪੁੱਤਰ ਸੀ। ਕਿਉਂਕਿ ਇਸ ਵੇਲੇ ਉਸ ਦੀ ਦੇਖਭਾਲ ਕਰਨ ਲਈ ਕੋਈ ਵੀ ਨਹੀਂ ਹੈ । ਉਨ੍ਹਾਂ ਦੀ ਵਿੱਤੀ ਹਾਲਤ ਵੀ ਤਰਸਯੋਗ ਹੈ। ਇਸੇ ਹੀ ਘਟਨਾ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵੀ ਦੋ ਗੋਲੀਆਂ ਲੱਗਣ ਨਾਲ ਅਪਾਹਜ ਹੋ ਗਿਆ ਸੀ। ਉਸ ਦੇ ਗ਼ਰੀਬ ਪਰਿਵਾਰ ਨੇ ਉਸ ਨੂੰ  ਖੇਡਣ ਅਤੇ ਕਮਾਉਣ ਵਿੱਚ ਸਮਰੱਥ ਬਣਾਇਆ ਸੀ। ਉਨ੍ਹਾਂ ਮੰਗ ਕੀਤੀ ਕਿ ਉਕਤ ਪਰਿਵਾਰਾਂ ਨੂੰ ਲੋੜੀਂਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਤੇ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਦੂਜੇ ਪਾਸੇ ਮੁੱਖ ਮੰਤਰੀ ਨੇ ਹਾਂ ਪੱਖੀ ਹੁੰਗਾਰੇ ਦੇ ਬਾਅਦ ਦੋਹਾਂ  ਪਰਿਵਾਰਾਂ ਲਈ ਕਿਸੇ ਸਰਕਾਰੀ ਨੌਕਰੀ ਦੀ ਆਸ ਬੱਝੀ ਹੈ। ਇਸ ਸਬੰਧੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ” ਮੈਂ ਹਾਂ ਅਰਵਿੰਦਰਜੀਤ ਭਲਵਾਨ” ਦੀ ਮੁਹਿੰਮ ਵੀ ਆਰੰਭੀ ਸੀ ਅਤੇ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਵੀ
 ਮੰਗਿਆ ਗਿਆ ਸੀ ।ਪਿੰਡ ਵਾਸੀਆਂ ਕਬੱਡੀ ਪ੍ਰੇਮੀਆਂ ਪ੍ਰਵਾਸੀ ਵੀਰਾਂ ਵੱਲੋਂ ਜਿੱਥੇ ਪਰਿਵਾਰਾਂ ਦੀ ਵਿੱਤੀ ਮਦਦ ਕੀਤੀ ਗਈ ਸੀ। ਉੱਥੇ ਸਰਕਾਰੀ ਚੁੱਪ ਤੇ ਵੀ ਸ਼ੰਕੇ ਜਤਾਏ ਜਾ ਰਹੇ ਸਨ । ਹੁਣ ਰਾਣਾ ਗੁਰਜੀਤ ਸਿੰਘ ਦੀ ਪਹਿਲਕਦਮੀ ਨਾਲ ਪਰਿਵਾਰਾਂ ਨੂੰ ਥੋੜ੍ਹੀ ਢਾਰਸ ਜ਼ਰੂਰ ਮਿਲੇਗੀ।
Real Estate