ਪੁਲਸ ਨੇ ਬੰਗਾਲ ਤੋਂ ਬਿਨਾਂ ਮਨਜੂਰੀ ਸਵਾਰੀਆਂ ਲਿਆਉਣ ਵਾਲੀ ਬੱਸ ਫੜੀ

222

ਬਰਨਾਲਾ, 2 ਜੂਨ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਹੋਏ ਲਾਕਡਾਊਨ ਦਾ ਫਾਇਦਾ ਲੈਂਦਿਆਂ ਬੰਗਾਲ ਤੋਂ ਗੈਰਕਾਨੂੰਨੀ ਤੌਰ ‘ਤੇ ਸਵਾਰੀਆਂ ਲਿਆ ਕੇ ਮੋਟੀ ਕਮਾਈ ਕਰਨ ਵਾਲੀ ਆਹਲੂਵਾਲੀਆ ਟਰਾਂਸਪੋਰਟ ਦੀ ਇੱਕ ਬੱਸ ਨੂੰ ਬਰਨਾਲਾ ਪੁਲਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਪੁਲਸ ਦੇ ਥਾਣੇਦਾਰ ਸੇਵਾ ਸਿੰਘ ਨੇ ਦੱਸਿਆ ਹੈ ਕਿ ਇੱਕ ਮੁਖਬਰੀ ਦੇ ਆਧਾਰ ‘ਤੇ ਟੀ. ਪੁਆਇੰਟ ਬਰਨਾਲਾ ਵਿੱਚ ਆਹਲੂਵਾਲੀਆਂ ਟਰਾਂਸਪੋਰਟ ਦੀ ਬੱਸ ਨੰਬਰ ਪੀ.ਬੀ. 19 ਐਮ 1811 ਨੂੰ ਕਾਬੂ ਕੀਤਾ ਗਿਆ ਹੈ, ਜਿਸ ਵਿੱਚ 25 ਤੋਂ ਵੱਧ ਸਵਾਰੀਆਂ ਸਨ, ਜਿਹਨਾਂ ਨੂੰ ਵੈਸਟ ਬੰਗਾਲ ਤੋਂ ਲਿਆਂਦਾ ਗਿਆ ਸੀ। ਥਾਣੇਦਾਰ ਸੇਵਾ ਸਿੰਘ ਮੁਤਾਬਿਕ ਪੁਲਸ  ਕੋਲ ਇਤਲਾਹ ਸੀ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਇਹ ਬੱਸ ਬਠਿੰਡਾ ਤੋਂ ਮਨਜੂਰੀ ਹਾਸਲ ਕਰਕੇ ਬੰਗਾਲ ਵਿੱਚ ਮਜਦੂਰਾਂ ਨੂੰ ਛੱਡਣ ਗਈ ਸੀ, ਪਰ ਆਹਲੂਵਾਲੀਆਂ ਟਰਾਂਸਪੋਰਟ ਦੇ ਪ੍ਰਬੰਧਕ, ਡਰਾਇਵਰ ਅਤੇ ਕੰਡਕਟਰ ਨੇ ਵੈਸਟ ਬੰਗਾਲ ਦੇ ਜਿਲਾ ਵਰਧਮਾਨ ਦੇ ਕਿਸੇ ਹੋਟਲ ਵਾਲੇ ਨਾਲ ਤਾਲਮੇਲ ਕਰਕੇ ਬੰਗਾਲ ਵਿੱਚ ਲਾਕਡਾਊਨ ਦੌਰਾਨ ਰੁਕੇ ਹੋਏ ਪੰਜਾਬੀ ਵਿਅਕਤੀਆਂ ਨੂੰ ਵੱਧ ਕਰਾਇਆ ਵਸੂਲਣ ਦੇ ਲਾਲਚ ਵਿੱਚ ਬਿਨਾਂ ਕਿਸੇ ਮਨਜੂਰੀ ਚੋਰੀ ਛਿਪੇ ਆਪਣੀ ਬੱਸ ਵਿੱਚ ਲਿਆਂਦਾ ਗਿਆ ਸੀ, ਜਿਸ ਨੂੰ ਪੁਲਸ ਨੇ ਬਰਨਾਲਾ ਦੇ ਟੀ.ਪੁਆਇੰਟ ਤੋਂ ਕਾਬੂ ਕਰ ਲਿਆ ਹੈ, ਪਰ ਇਸ ਦੌਰਾਨ ਬੱਸ ਦੇ ਡਰਾਇਵਰ, ਕੰਡਕਟਰ ਤੇ ਪ੍ਰਬੰਧਕ ਮੌਕੇ ਤੋਂ ਫਰਾਰ ਹੋ ਗਏ। ਪੁਲਸ ਮੁਤਾਬਿਕ ਬਰਨਾਲਾ ਤੋਂ ਇਲਾਵਾ ਫਾਜਲਿਕਾ, ਜਗਰਾਓਂ, ਮੋਗਾ, ਅਬੋਹਰ ਸਮੇਤ 9 ਜਿਲਿਆਂ ਦੀ ਸਵਾਰੀਆਂ ਇਸ ਬੱਸ ਵਿੱਚ ਆਈਆਂ ਹਨ, ਜਿਹਨਾਂ ਵਿਚੋਂ ਕੁਝ ਤਾਂ ਇਹਨਾਂ ਨੇ ਵੱਖ ਵੱਖ ਥਾਂਈ ਉਤਾਰ ਦਿੱਤੀਆਂ ਸਨ, ਪਰ ਬਰਨਾਲਾ ਟੀ ਪੁਆਇੰਟ ਵਿੱਖੇ ਬੱਸ ਵਿਚੋਂ 25 ਸਵਾਰੀਆਂ ਬਰਾਮਦ ਹੋਈਆਂ ਹਨ, ਜਿਹਨਾਂ ਵਿੱਚ 8 ਸਵਾਰੀਆਂ ਬਰਨਾਲਾ ਦੀਆਂ ਸਨ। ਪੁਲਸ ਵੱਲੋਂ ਸਵਾਰੀਆਂ ਤੋਂ ਕੀਤੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਪ੍ਰਤੀ ਸਵਾਰੀ 5 ਹਜਾਰ ਰੁਪਏ ਕਿਰਾਇਆ ਵਸੂਲਿਆ ਗਿਆ ਹੈ। ਪੁਲਸ ਨੇ ਇਹਨਾਂ ਨਾ-ਮਲੂਮ ਵਿਅਕਤੀਆਂ ਖਿਲਾਫ਼ ਥਾਣਾ ਸਿਟੀ-2 ਵਿੱਚ ਐਫ.ਆਈ.ਆਰ ਨੰਬਰ 299 ਮਿਤੀ 1 ਜੂਨ 2020 ਧਾਰਾ 269, 188 ਡਿਸਾਟਰ ਮੈਨੇਜਮੈਂਟ ਐਕਟ 2005 ਸੈਕਸ਼ਨ 51 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Real Estate