ਚਿੜੀ ! ਹੁਣ ਠੰਢਾ ਪਾਣੀ ਪੀ ਕੇ ਨਹੀਂ ਮਰੇਗੀ..!

232

ਨਿਰਮਲ ਸਿੰਘ ਪੰਡੋਰੀ

“ਲੋਕਾਂ ਦਾ ਕੱਠ.. ਲੋਹੇ ਦੀ ਲੱਠ” ਸਿਰ ਵਿੱਚ ਜ਼ਾਲਮ ਦੇ…
2 ਜੁੂਨ (ਬਰਨਾਲਾ) : ਨਕਲ ਅਤੇ ਲਿਆਕਤ ਦੋਵੇਂ ਇੱਕ ਦੂਜੇ ਦੀਆਂ ਦੁਸ਼ਮਣ ਹਨ।ਲਿਆਕਤ ਵਾਲੇ ਵਿਅਕਤੀ ਨੂੰ ਨਕਲ ਦੀ ਜ਼ਰੂਰਤ ਨਹੀਂ ਪੈਂਦੀ। ਇਹ ਦੋਵੇਂ ਅਜਿਹੀਆਂ ਤਲਵਾਰਾਂ ਹਨ ਜਿਨ੍ਹਾਂ ਨੂੰ ਇੱਕ ਮਿਆਨ ਵਿੱਚ ਨਹੀਂ ਰੱਖਿਆ ਜਾ ਸਕਦਾ। ਲਿਆਕਤ, ਜਿੱਥੇ ਵਿਅਕਤੀ ਦੇ ਆਪਣੇ ਵਿਅਕਤੀਤਵ ਨੂੰ ਨਿਖਾਰਦੀ ਹੈ ਉੱਥੇ ਦੂਜਿਆਂ ਦਾ ਵੀ ਭਲਾ ਕਰਦੀ ਹੈ ਪਰ ਨਕਲ ਆਮ ਲੋਕਾਂ ਦੀ ਜ਼ਿੰਦਗੀ ਤੇ ਤਾਂ ਬੁਰਾ ਪ੍ਰਭਾਵ ਪਾਉਂਦੀ ਹੀ ਹੈ ਤੇ ਨਾਲ ਹੀ ਨਕਲ ਕਰਨ ਵਾਲੇ ਦੀ ਜ਼ਿੰਦਗੀ ਵੀ ਖਰਾਬ (ਖਤਮ) ਹੋ ਜਾਂਦੀ ਹੈ।ਮੌਜੂਦਾ ਦੌਰ ‘ਚ ਨਕਲ ਨੇ ਪੰਜਾਬ ਦੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ।ਹਰ ਖੇਤਰ ‘ਚ ਨਕਲ ਦਾ ਹੀ ਬੋਲਬਾਲਾ ਹੈ। ਨਕਲੀ ਦਵਾਈਆਂ, ਨਕਲੀ ਦੁੱਧ, ਨਕਲੀ ਖਾਧ ਪਦਾਰਥ, ਨਕਲੀ ਰੇਹ, ਸਪਰੇਅ, ਕੀਟਨਾਸ਼ਕ, ਨਕਲੀ ਬੀਜ….ਹਰ ਚੀਜ਼ ਨਕਲੀ। ਨਕਲ ਦੇ ਇਸ ਗੋਰਖ ਧੰਦੇ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਮਾਨਸਿਕ, ਆਰਥਿਕ ਅਤੇ ਸਰੀਰਕ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਕੱਲ ਪੰਜਾਬ ‘ਚ ਨਕਲੀ ਸ਼ਰਾਬ ਅਤੇ ਨਕਲੀ ਬੀਜਾਂ ਦਾ ਘੁਟਾਲਾ ਚਰਚਾ ‘ਤੇ ਹੈ। ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਖੇਤੀ ਦੇ ਕਾਰੋਬਾਰ ‘ਚ ਵਰਤੋਂ ‘ਚ ਆਉਣ ਵਾਲੀਆਂ ਚੀਜ਼ਾਂ ‘ਚ ਮਿਲਾਵਟ (ਨਕਲ) ਨੇ ਕਿਸਾਨਾਂ ਦਾ ਬਹੁਤ ਆਰਥਿਕ ਨੁਕਸਾਨ ਕੀਤਾ ਹੈ। ਨਕਲੀ ਸ਼ਰਾਬ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਨਕਲੀ ਦੁੱਧ ਕਾਰਨ ਬੱਚਿਆਂ ਦਾ ਸਰੀਰਕ ਵਿਕਾਸ ਪੂਰੀ ਤਰ੍ਹਾਂ ਨਹੀਂ ਹੋ ਰਿਹਾ। ਨਕਲੀ ਦਵਾਈਆਂ ਕਾਰਨ ਭਿਆਨਕ ਬਿਮਾਰੀਆਂ ਅਮਰਵੇਲ ਵਾਂਗ ਵਧ ਰਹੀਆਂ ਹਨ ਅਤੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਹੀਆਂ ਹਨ।ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕੀਤੀ ਜਾ ਰਹੀ ਮਿਲਾਵਟ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਆਖਰ ਕਦੋਂ ਤੱਕ ਚੱਲਦਾ ਰਹੇਗਾ ਨਕਲ (ਮਿਲਾਵਟ) ਦਾ ਇਹ ਗੋਰਖ ਧੰਦਾ..ਸ਼ਾਇਦ ਉਦੋਂ ਤੱਕ.. ਜਦੋਂ ਤੱਕ ਨੇਤਾਵਾਂ ਅਤੇ ਅਫ਼ਸਰਸ਼ਾਹੀ ਦੇ ਸਿਰ ‘ਤੇ ਪੈਸੇ ਇਕੱਠੇ ਕਰਨ ਦਾ ਫਤੂਰ ਚੜ੍ਹਿਆ ਰਹੇਗਾ। ਇਹ ਗੋਰਖ ਧੰਦਾ ਉਦੋਂ ਹੀ ਖਤਮ ਹੋਵੇਗਾ ਜਦੋਂ ਸਾਡੇ ਨੇਤਾ ਰਾਜਨੀਤੀ ਨੂੰ ਸਮਾਜ ਸੇਵਾ ਸਮਝਣਗੇ। ਜਦੋਂ ਤੱਕ ਸਵਾਰਥੀ, ਲਾਲਚੀ ਅਤੇ ਕੁਰਪਸ਼ਨ ਭਰੀ ਰਾਜਨੀਤੀ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਨਕਲ (ਮਿਲਾਵਟ) ਦਾ ਇਹ ਗੋਰਖ ਧੰਦਾ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਰਹੇਗਾ।ਅਫ਼ਸਰਸ਼ਾਹੀ ਦਾ ਵੱਡਾ ਹਿੱਸਾ ਵੀ ਨਕਲ ਦੇ ਇਸ ਗੋਰਖ ਧੰਦੇ ਲਈ ਜ਼ਿੰਮੇਵਾਰ ਹੈ। ਜੇ ਹੇਠਲੇ ਕਰਮਚਾਰੀ ਤੋਂ ਲੈ ਕੇ ਵੱਡੇ ਅਫ਼ਸਰ ਤੱਕ ਮੁਲਾਜ਼ਮ ਵਰਗ ਦਾ ਵੱਡਾ ਹਿੱਸਾ ਆਪਣੀ ਮਹੀਨਾਵਾਰ ਤਨਖ਼ਾਹ ਉੱਪਰ ਸਬਰ ਕਰਨਾ ਸਿੱਖ ਲਵੇ ਤਾਂ ਹਰ ਤਰ੍ਹਾਂ ਦੇ ਗੋਰਖ ਧੰਦੇ ਖ਼ਤਮ ਹੋ ਜਾਣਗੇ ਜਾਂ ਫਿਰ ਦੂਜੇ ਸ਼ਬਦਾਂ ‘ਚ ਇੰਝ ਕਹਿ ਲਵੋ ਕਿ ਨੇਤਾਗਿਰੀ ਅਤੇ ਅਫ਼ਸਰਸ਼ਾਹੀ ਦੀ ਇਮਾਨਦਾਰੀ ਆਮ ਲੋਕਾਂ ਨੂੰ ਮਿਲਾਵਟਖੋਰਾਂ ਤੋਂ ਬਚਾ ਸਕਦੀ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਬਹੁਤਾ ਸਮਾਂ ਮਿਲਾਵਟ ਖੋਰਾਂ ਦਾ ਇਹ ਗੋਰਖ ਧੰਦਾ ਹੁਣ ਨਹੀਂ ਚੱਲੇਗਾ। ਸਰਕਾਰਾਂ ਚਲਾਉਣ ਵਾਲੇ “ਚੌਧਰੀਆਂ” ਨੂੰ ਵਿੱਚ ਬੈਠੀਆਂ “ਕਾਲੀਆਂ ਬਿੱਲੀਆਂ” ਖਿਲਾਫ ਐਕਸ਼ਨ ਲੈਣ ਦੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ….ਆਮ ਲੋਕਾਂ ਦੇ ਜੀਵਨ ਪੱਧਰ ਨੂੰ ਬੁਰੀ ਤਰ੍ਹਾਂ ਖਤਮ ਕਰ ਰਹੀ ਨਕਲ (ਮਿਲਾਵਟ )ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨੇਤਾ, ਅਫ਼ਸਰਸ਼ਾਹੀ ਅਤੇ ਲਾਲਚੀ ਵਪਾਰੀ.. ਸਾਵਧਾਨ ! “ਚਿੜੀ ਹੁਣ ਠੰਢਾ ਪਾਣੀ ਪੀ ਕੇ ਨਹੀਂ ਮਰੇਗੀ”.. ਉਹ ਸਮਾਂ ਦੂਰ ਨਹੀਂ ਜਦੋਂ ਹਰ ਖੇਤਰ ਵਿੱਚ ਮਿਲਾਵਟਖੋਰੀ (ਨਕਲ) ਤੋਂ ਸਤਾਏ ਹੋਏ “ਲੋਕਾਂ ਦਾ ਕੱਠ…ਬਣ ਕੇ ਲੋਹੇ ਦੀ ਲੱਠ” ਇਨ੍ਹਾਂ ਜ਼ਾਲਮਾਂ ਦਾ ਸਿਰ ਭੰਨੇਗਾ

Real Estate