ਦਲਿਤ ਲੜਕੇ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ

202

ਐਸ.ਸੀ ਕਮਿਸ਼ਨ ਮੈਂਬਰ ਪੂਨਮ ਕਾਂਗੜਾ ਨੇ ਸੁਣੀ ਪੀੜਤ ਦੀ ਫਰਿਆਦ
ਐਸ.ਡੀ.ਐਮ ਬਰਨਾਲਾ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼, 17 ਜੂਨ ਤੱੱਕ ਰਿਪੋਰਟ ਮੰਗੀ
ਬਰਨਾਲਾ, 1 ਜੂਨ (ਜਗਸੀਰ ਸਿੰਘ ਸੰਧੂ) : ਭਦੌੜ ਨੇੜਲੇ ਪਿੰਡ ਕੋਠੇ ਭਾਨ ਸਿੰਘ ਦੇ ਦਲਿਤ ਲੜਕੇ ਦੀ ਕਥਿਤ ਤੌਰ ’ਤੇ ਨਾਜਾਇਜ਼ ਕੁੱਟਮਾਰ ਬਾਰੇ ਪੁਲਿਸ ਖ਼ਿਲਾਫ਼ ਮਿਲੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਵੱਲੋਂ ਅੱਜ ਪਿੰਡ ਕੋਠੇ ਭਾਨ ਸਿੰਘ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੀੜਤ ਪਰਿਵਾਰ ਦੀ ਵਿੱਥਿਆ ਸੁਣੀ ਅਤੇ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੀੜਤ ਲੜਕੇ ਦੀ ਮਾਤਾ ਜਸਵਿੰਦਰ ਕੌਰ ਨੇ ਸ੍ਰੀਮਤੀ ਪੂਨਮ ਕਾਂਗੜਾ ਨੂੰ ਦੱਸਿਆ ਕਿ ਉਸ ਦੇ ਪੁੱਤ ਗੁਰਪ੍ਰੀਤ ਸਿੰਘ ਦੀ ਉਨ੍ਹਾਂ ਦੇ ਗੁਆਂਢੀ ਵੱਲੋਂ ਐਲਈਡੀ ਚੋਰੀ ਦੀ ਇੱਕ ਕਥਿਤ ਝੂਠੀ ਸ਼ਿਕਾਇਤ ਥਾਣਾ ਭਦੌੜ ਵਿਖੇ ਕੀਤੀ ਗਈ, ਜਿਸ ਮਾਮਲੇ ਵਿਚ ਪੁਲੀਸ ਵੱਲੋਂ ਉਸ ਦੇ 17 ਸਾਲਾ ਪੁੱਤ ਨੂੰ 9 ਮਈ ਨੂੰ ਥਾਣਾ ਭਦੌੜ ਲਿਜਾਇਆ ਗਿਆ। ਜਸਵਿੰਦਰ ਕੌਰ ਦੀ ਸ਼ਿਕਾਇਤ ਅਨੁਸਾਰ ਪੁਲਿਸ ਵੱਲੋਂ ਉਸ ਦੇ ਪੁੱਤ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਸੀ.ਆਈ.ਏ ਸਟਾਫ ਵਿਖੇ ਲਿਜਾਇਆ ਗਿਆ, ਜਿੱਥੇ ਉਸ ’ਤੇ ਕਥਿਤ ਤੌਰ ’ਤੇ ਅਣਮਨੁੁੱਖੀ ਤਸ਼ੱਦਦ ਕੀਤਾ ਗਿਆ। ਸ਼ਿਕਾਇਤਕਰਤਾ ਨੇ ਆਖਿਆ ਕਿ ਉਸ ਦੇ ਪੁੱਤ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ 10 ਮਈ ਸ਼ਾਮ ਨੂੰ ਬੇਕਸੂਰ ਕਰਾਰ ਦਿੰਦਿਆਂ ਲੜਕੇ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਲੜਕੇ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹ ਅੱਠ ਦਿਨ ਦਾਖਲ ਰਿਹਾ। ਮਹਿਲਾ ਨੇ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਐਸ.ਸੀ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਐਸ.ਡੀ.ਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੂੰ ਮਾਮਲੇ ਦੀ ਜਾਂਚ ਕਰ ਕੇ ਮੁਕੰਮਲ ਰਿਪੋਰਟ 17 ਜੂਨ ਨੂੰ ਐਸ.ਸੀ ਕਮਿਸ਼ਨ ਪੰਜਾਬ ਦੇ ਦਫਤਰ ਵਿਖੇ ਪੇਸ਼ ਕਰਨ ਲਈ ਆਖਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦਲਿਤਾਂ ’ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਅਤੇ ਤਸ਼ੱਦਦ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਕਸੂਰਵਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ ਅਨਮੋਲ ਸਿੰਘ ਧਾਲੀਵਾਲ, ਡੀ.ਡੀ.ਪੀ.ਓ ਸ੍ਰੀ ਸੰਜੀਵ ਸ਼ਰਮਾ, ਡੀ.ਐਸ.ਪੀ ਬਰਨਾਲਾ ਪਰਮਿੰਦਰ ਸਿੰਘ, ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ, ਨਾਇਬ ਤਹਿਸੀਲਦਾਰ ਭਦੌੜ ਹਮੀਸ਼ ਕੁਮਾਰ, ਬੀ.ਡੀ.ਪੀ.ਓ ਸ਼ਹਿਣਾ ਯੋਗਰਾਜ ਸਿੰਘ ਸੋਹੀ, ਦਰਸ਼ਨ ਸਿੰਘ ਗੁਰੂ ਕਾਨੂੰਗੋ ਤੋਂ ਇਲਾਵਾ ਪਿੰਡ ਦੇ ਸਰਪੰਚ-ਪੰਚ ਹਾਜ਼ਰ ਸਨ।

Real Estate