ਰਾਵੀ -ਦਰਿਆ

408

ਨਿਰਮਲ ਸਿੰਘ

 ਰਾਵੀ ਜਿਸ ਨੂੰ ਪੁਰਾਤਨ ਸਮੇਂ ‘ਇਰਾਵਤੀ’ ਤੇ ਕਈ ਥਾਈਂ ‘ਪਰੂਸ਼ਨੀ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪੰਜਾਬ ਤਾ ਤੀਜਾ ਦਰਿਆ ਹੈ। ਹਿਮਾਚਲ ਦੇ ‘ਵੱਡਾ ਭੰਗਾਲ’ (Bada Bhangal) ਤੋਂ ਤੁਰੇ ਰਾਵੀ ਨੂੰ ‘ਖੜ੍ਹਾਮੁਖ’ ਦੇ ਸਥਾਨ ਦੇ ਬੁਧਿਲ ਨਦੀ ਮਿਲਦੀ ਹੈ ਬੁਦਿਲ ਦਾ ਸੋਮਾ ‘ਮਨੀ ਮਹੇਸ਼ ਝੀਲ’ ਨੂੰ ਮੰਨਿਆਂ ਗਿਆ ਹੈ। ਅੱਗੇ ਕੁਝ ਹੋਰ ਨਿੱਕੇ ਵੱਡੇ ਨਾਲਿਆਂ ਨੂੰ ਨਾਲ ਰਲਾਉਂਦਿਆਂ ਰਾਵੀ ‘ਚੰਬਾ’ ਸ਼ਹਿਰ ਵਿੱਚ ਦਾਖਲ ਹੁੰਦਾ ਹੈ । ‘ਸਾਚ ਦਰੇ’ ਕੋਲੋਂ ਚੱਲ ਕੇ ‘ਬੈਰਾ’ ਨਦੀ ‘ਸਿਉਲ’ ਨਾਲ ਮਿਲਦਿਆਂ ਚੰਬੇ ਤੋਂ ਥੋੜ੍ਹਾ ਹੇਠਾਂ ਰਾਵੀ ਵਿੱਚ ਸ਼ਾਮਿਲ ਹੁੰਦੀ ਹੈ। ਇੱਥੋਂ ਅੱਗੇ ‘ਚਮੇਰਾ’ ਝੀਲ ਅਤੇ ਪਣ ਬਿਜਲੀ ਯੋਜਨਾ ਹੈ। ਬਨੀਖੇਤ ਤੋਂ ਪਠਾਨਕੋਟ ਵੱਲ ਆਉਂਦਿਆਂ ਸੱਜੇ ਹੱਥ ਇੱਕ ਵੱਡੀ ਝੀਲ ਦਿਸਦੀ ਹੈ। ਇਹ ਪੰਜਾਬ ਵਿੱਚ ਰਾਵੀ ਦੇ ਪ੍ਰਵੇਸ਼ ਸਥਾਨ ਤੇ ਬਣਾਈ ਗਈ ‘ਰਣਜੀਤ ਸਾਗਰ’ ਝੀਲ ਹੈ ਜਿਸ ਤੇ ‘ਥੀਨ ਡੈਮ’ ਬਿਜਲੀ ਤੇ ਸਿੰਚਾਈ ਯੋਜਨਾ ਚੱਲਦੀ ਹੈ। ਰਾਵੀ ਦਾ ਚੰਬਾ ਤੋਂ ਉੱਪਰ ਵਾਲਾ ਪਾਸਾ ਖਾਸਕਰ ਬੁਧਿਲ ਦੇ ਆਲੇ-ਦੁਆਲੇ ਦਾ ਸਰਸਰੀ ਨਜਰੇ ਵੇਖਣ ਤੇ ਹੀ ਮਹਿਸੂਸ ਹੁੰਦਾ ਹੈ ਕਿ ਇਸ ਇਲਾਕੇ ਵਿੱਚ ਕਦੇ ਜੰਗਲਾਂ ਦੀ ਭਰਮਾਰ ਰਹੀ ਹੋਵੇਗੀ ਪਰ ਹੁਣ ਸਭ ਘੋਨ-ਮੋਨ ਹੈ। ਅਸਲ ਵਿੱਚ ਭਰਮੌਰ ਅਤੇ ਚੰਬਾ ਇਲਾਕੇ ਦੇ ਰਾਜਿਆਂ ਨੇ ਇਸ ਸਾਰੇ ਖੇਤਰ ਦੇ ਦੇਵਦਾਰ ਵੱਢ ਕੇ ਅੰਗਰੇਜ਼ਾਂ ਨੂੰ ਵੇਚ ਦਿੱਤੇ ਸਨ। ਲੰਬਾ ਸਮਾਂ ਇਹ ਰਾਜੇ ਇਹਨਾਂ ਜੰਗਲਾਂ ਨੂੰ ਬੇਰਹਿਮੀ ਨਾਲ ਵੱਢਦੇ ਵੇਚਦੇ ਰਹੇ।

ਬੁਧਿਲ ਨਦੀ

ਰਾਵੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਲਗਭਗ ਵਿੱਚਕਾਰ ਵਹਿੰਦਾ ਸੀ ਤੇ ਅੱਜਕੱਲ੍ਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਹੱਦ ਬਣਾਉਂਦਿਆਂ ਕਈ ਵਾਰ ਭਾਰਤ ਪਾਕਿਸਤਾਨ ਬਾਰਡਰ ਟੱਪਦਾ ਹੋਇਆ ਅਮ੍ਰਿਤਸਰ ਦੇ ਪਿੰਡ ‘ਲੋਪੋਕੇ’ ਦੇ ਸਾਹਮਣਿਓਂ ਸਿੱਧਾ ਲਾਹੌਰ ਨੂੰ ਹੋ ਜਾਂਦਾ ਹੈ। ‘ਰਿਗਵੇਦ’ ਦੇ ਸਮੇਂ ਦਾ ਪ੍ਰਸਿੱਧ ‘ਦਸ ਰਾਜਿਆਂ ਦਾ ਯੁੱਧ’ ਇਸੇ ‘ਪਰੂਸ਼ਨੀ’ ਦੇ ਕੰਢੇ ਹੋਇਆ ਸੀ। ਇਸੇ ਰਾਵੀ ਦੇ ਕੰਢੇ ਤੇ ਬਾਬੇ ਨਾਨਕ ਨੇ ਹਲ ਵਾਹ ਕੇ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਤੇ ਕਰਤਾਰਪੁਰ ਨਗਰ ਵਸਾਇਆ। ਰਾਵੀ ਦੇ ਕੰਢੇ ਤੇ ਹੀ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਸਦੀਆਂ ਤੱਕ ਉੱਤਰੀ ਭਾਰਤ ਦੀ ਰਾਜਨੀਤੀ, ਵਪਾਰ ਅਤੇ ਸੱਭਿਆਚਾਰ ਦਾ ਕੇਂਦਰ ਬਿੰਦੂ ਬਣੀ ਰਹੀ। ਲਹੌਰ ਵਿਖੇ ਇਸੇ ਰਾਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇ ਕੇ ਸਿੱਖ ਧਰਮ ਵਿੱਚ ਸ਼ਹਾਦਤਾਂ ਦੀ ਲੜੀ ਦਾ ਮੁੱਢ ਬੰਨ੍ਹਿਆਂ । ਇਸੇ ਰਾਵੀ ਦੇ ਕੰਢੇ ਤੇ ਪਹਿਲੀ ਵਾਰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕਰਦਿਆਂ ਅੰਗਰੇਜ਼ਾਂ ਨੂੰ ਭਾਰਤ ਛੱਡ ਜਾਣ ਲਈ ਕਿਹਾ। ਲਾਹੌਰ ਤੋਂ ਹੇਠਾਂ ਅਹਿਮਦਪੁਰ ਸਿਆਲ ਦੇ ਨੇੜੇ ਰਾਵੀ ਆਪਣਾ ਆਪਾ ਚਨਾਬ ਨੂੰ ਸੌਂਪ ਚਨਾਬ ਵਿੱਚ ਲੀਨ ਹੋ ਜਾਂਦਾ ਹੈ।

Real Estate