ਦਿੱਲੀ ਕਮੇਟੀ ਵੱਲੋਂ ਸੰਗਤ ਦੇ ਦਰਸ਼ਨਾਂ ਲਈ ਗੁਰਧਾਮ ਖੁਲਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੀਤਾ ਧੰਨਵਾਦ

237

ਨਵੀਂ ਦਿੱਲੀ, 31 ਮਈ (ਪੰਜਾਬੀ ਨਿਊਜ ਆਨਲਾਇਨ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਹਨਾ ਨੇ ਭਾਰਤ ਸਰਕਾਰ ਅੱਗੇ ਲਾਕ ਡਾਊਨ ਦੌਰਾਨ ਧਾਰਮਿਕ ਸਥਾਨਾਂ ਨੂੰ ਖੋਲਣ ਦਾ ਮੁੱਦਾ  ਚੁੱਕਿਆ ਜਿਸਦੀ ਬਦੌਲਤ ਹੁਣ ਗੁਰੂ ਘਰ ਸੰਗਤ ਦੇ ਦਰਸ਼ਨਾਂ ਲਈ ਖੋਲੇ ਜਾ ਰਹੇ ਹਨ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਆਗੂਆਂ  ਨੇ ਕਿਹਾ ਕਿ ਸੰਗਤ ਲੰਬੇ ਸਮੇਂ ਤੋਂ ਗੁਰੂ ਘਰ ਦੇ ਦਰਸ਼ਨਾਂ ਲਈ ਤਰਸੀ ਹੋਈ ਤੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਸਰਕਾਰ ਕੋਲ ਚੁੱਕਿਆ ਸੀ। ਉਹਨਾਂ ਕਿਹਾ ਕਿ ਗੁਰੂ ਘਰ ਦੇ ਦਰਸ਼ਨਾਂ ਬਿਨਾਂ ਸੰਗਤ ਦੀ ਹਾਲਤ ਅਜਿਹੀ ਹੋਈ ਪਈ ਜਿਵੇਂ ਬਰਸਾਤ ਤੋਂ ਬਿਨਾਂ ਬੰਬੀਹਾ ਤਰਸਿਆ ਹੁੰਦਾ ਹੈ। ਉਹਨਾਂ ਕਿਹਾ ਕਿ ਜਿਵੇਂ ਜੀਵਨ ਲਈ ਸਾਹ ਲੈਣੇ ਲਾਜ਼ਮੀ ਹਨ, ਇਸੇ ਤਰਾਂ ਸੰਗਤ ਲਈ ਗੁਰੂ ਘਰਾਂ ਦੇ ਦਰਸ਼ਨ ਕਰਨੇ ਲਾਜ਼ਮੀ ਹਨ।
ਕਮੇਟੀ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਦਲੀਲਾਂ ਸੁਣ ਕੇ ਸਾਰੇ ਧਰਮਾਂ ਦੇ ਧਾਰਮਿਕ ਅਸਥਾਨ ਦਰਸ਼ਨਾਂ ਵਾਸਤੇ ਖੋਲਣ ਦਾ ਜੋ ਫੈਸਲਾ ਲਿਆ ਹੈ, ਉਸ ਤੋਂ ਸਾਰੀ ਸੰਗਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਹਨਾਂ ਕਿਹਾ ਕਿ ਧਾਰਮਿਕ ਅਸਥਾਨਾਂ ਦੇ ਦਰਸ਼ਨ ਲੋਕਾਂ ਵਾਸਤੇ ਜੀਵਨ ਦੀ ਇਕ ਅਹਿਮ ਕੜੀ ਹਨ ਤੇ ਇਹ ਗੱਲ ਸਵੀਕਾਰ ਕਰ ਕੇ ਭਾਰਤ ਸਰਕਾਰ ਨੇ ਲੋਕਾਂ ਨੂੰ ਚੰਗਾ ਜੀਵਨ ਜਿਉਣ ਵਾਸਤੇ ਇਕ ਮੌਕਾ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਲਾਕ ਡਾਊਨ ਨੇ ਲੋਕਾਂ ਦਾ ਜੀਵਨ ਬਿਲਕੁਲ ਠੱਪ ਕਰ ਕੇ ਰੱਖ ਦਿੱਤਾ ਸੀ ਪਰ ਹੁਣ ਲਾਕ ਡਾਊਨ ਖੋਲਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਖੁਲ ਦੇਣ ਦੇ ਫੈਸਲੇ ਦਾ ਹਰ ਧਰਮ ਦੇ ਲੋਕਾਂ ਨੇ ਸਵਾਗਤ ਕੀਤਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲੋਕ ਲੰਬੇ ਸਮੇਂ ਤੋਂ ਤਰਸ ਰਹੇ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਠਾਈ ਮੰਗ ਨੂੰ ਪ੍ਰਵਾਨ ਕਰ ਕੇ ਸਰਕਾਰ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਤਰਾਂ ਦਾ ਨਵਾਂ ਜੀਵਨ ਦਾਨ ਦੇਣ ਵਾਲਾ ਕੰਮ ਕੀਤਾ ਹੈ।

Real Estate