ਕੋਰੋਨਾ ਮਹਾਮਾਰੀ ‘ਚ ਫਿਰੋਜ਼ਪੁਰ ਦੇ ਨੌਜਵਾਨਾਂ ਦੀ ਟੀਮ ਨੇ ਚਲਾਇਆ ਪੂਰੇ ਦੋ ਮਹੀਨੇ ਲੰਗਰ

– ਖਾਣੇ ਤੋਂ ਇਲਾਵਾ ਦੁੱਧ, ਦੁਆਈਆਂ ਆਦਿ ਵੀ ਵੰਡਦੇ ਸਨ
ਫਿਰੋਜ਼ਪੁਰ 31 ਮਈ (ਬਲਬੀਰ ਸਿੰਘ ਜੋਸਨ)- : ਕੋਰੋਨਾ ਵਾਇਰਸ ਦੇ ਕਾਰਨ ਜਦੋਂ ਸਕੇ ਸਬੰਧੀ ਆਪਣਿਆਂ ਦੇ ਸਸਕਾਰ ਤੱਕ ਕਰਨੋਂ ਭੱਜ ਰਹੇ ਸਨ ਤਾਂ ਸੰਕਟ ਦੀ ਇਸ ਘੜੀ ਮੌਕੇ ਅਸਲ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੁਝ ਸਮਾਜ ਸੇਵੀ ਸੰਸਥਾਵਾਂ ਸਾਹਮਣੇ ਆਈਆਂ ਜੋ ਬਿਨਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਕੀਤੇ ਦਿਨ ਰਾਤ ਸਮਾਜ ਸੇਵਾ ਵਿਚ ਜੁੱਟ ਗਈਆਂ ਅਤੇ ਲੋੜਵੰਦ ਗਰੀਬਾਂ, ਮਜ਼ਦੂਰ ਲੋਕਾਂ ਲਈ ਰਾਸ਼ਨ/ਲੰਗਰ ਆਦਿ ਦਾ ਪ੍ਰਬੰਧ ਕਰਦੀਆਂ ਨਜ਼ਰੀਂ ਆਉਣ ਲੱਗੀਆਂ।
  ਅਜਿਹੀ ਹੀ ਇੱਕ ਟੀਮ ਫਿਰੋਜ਼ਪੁਰ ਦੀਆਂ ਸੰਸਥਾਵਾਂ ਦੇ  ਨੌਜਵਾਨ ਦੀ ਹੈ ਜੋ ਕੋਰੋਨਾ ਵਾਇਰਸ ਦੇ ਕਾਰਨ ਬੇ ਸਹਾਰਾ ਹੋਏ ਦਿਹਾੜੀ ਮਜ਼ਦੂਰੀ ਕਰਦੇ ਪ੍ਰਵਾਸੀ ਲੋਕਾਂ ਨੂੰ ਲਗਾਤਾਰ 60 ਦਿਨ ਭਾਵ ਦੋ ਮਹੀਨੇ ਦੋ ਟਾਈਮ ਲੰਗਰ ਵੰਡਦੀ ਰਹੀ। ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਆਤਮ ਸੁਰੱਖਿਆ ਲਈ ਪੀ.ਪੀ.ਈ ਕਿੱਟਾਂ ਪਾਕੇ ਲੰਗਰ ਵੰਡਣ ਵਾਲੀ 10 ਨੌਜਵਾਨਾਂ ਦੀ ਇਸ ਟੀਮ ਵਿਚ ਫ਼ਿਲਮੀ ਅਦਾਕਾਰ, ਕਾਰੋਬਾਰੀ, ਸਾਬਕਾ ਫੌਜੀ, ਪੱਤਰਕਾਰ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਤੇ ਵੱਖ ਵੱਖ ਵਿਚਾਰਧਾਵਾਂ ਹੋਣ ਦੇ ਬਾਵਜੂਦ ਇਹ ਨੌਜਵਾਨ ਇੱਕ ਮੰਚ ‘ਤੇ ਇਕੱਠੇ ਹੋਕੇ ਲਗਾਤਾਰ ਸੇਵਾ ਵਿਚ ਜੁਟੇ ਰਹੇ। ਪੂਰੇ ਦੋ ਮਹੀਨੇ ਬਿਨਾਂ ਕਿਸੇ ਸਰਕਾਰੀ ਤੇ ਬਾਹਰੀ ਮਦਦ ਦੇ ਲੰਗਰ ਚਲਾਉਣ ਵਾਲੇ ਇਹਨਾਂ ਨੌਜਵਾਨਾਂ ਦੀ ਨਿਰਥੱਕ ਤੇ ਨਿਸ਼ਕਾਮ ਸੇਵਾ ਦੀ ਹੌਸਲਾ ਅਫਜ਼ਾਈ ਲਈ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਖੁਦ ਇਕ ਦਿਨ ਫਿਰੋਜ਼ਪੁਰ ਆਏ ਤੇ ਨੌਜਵਾਨਾਂ ਸੰਗ ਲੰਗਰ ਵੰਡਾ ਕੇ ਜਿੱਥੇ ਟੀਮ ਨੂੰ ਹੋਰ ਉਤਸ਼ਾਹਿਤ ਕੀਤਾ ਉੱਥੇ ਖੁਦ ਸੇਵਾ ਦਾ ਹਿੱਸਾ ਬਣ ਕੇ ਫਖਰ ਮਹਿਸੂਸ ਕੀਤਾ।
ਦੱਸਣਾ ਬਣਦਾ ਹੈ ਕਿ ਗਰੀਨ ਫੀਲਡ ਰਿਜ਼ੋਰਟਸ, ਗਲੋਬਲ ਟਰੇਡਿੰਗ ਕੰਪਨੀ ਤੇ ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸ਼ਨ ਨਾਲ ਸਬੰਧਤ ਨੌਜਵਾਨਾਂ ਦੀ ਇਸ ਟੀਮ ਵੱਲੋਂ ਕਰਫ਼ਿਊ ਸ਼ੁਰੂ ਹੋਣ ਤੋਂ ਲੈਕੇ ਲਗਾਤਾਰ ਦੋ ਟਾਈਮ ਤਿਆਰ ਕੀਤਾ ਖਾਣਾ ਦੇਣ ਤੋਂ ਇਲਾਵਾ ਲੋੜਵੰਦਾਂ ਨੂੰ ਦੁੱਧ, ਤੇਲ, ਸਾਬਣ, ਮੱਛਰਾਂ ਤੋਂ ਬਚਾਅ ਲਈ ਕਛੂਆ ਛਾਪ ਅਗਰਬੱਤੀ, ਲੋੜ ਅਨੁਸਾਰ ਦਵਾਈਆਂ ਆਦਿ ਵੀ ਦਿੱਤੀਆਂ ਗਈਆਂ। ਲੰਗਰ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੀਮ ਮੈਂਬਰ ਮਨਵਿੰਦਰ ਸਿੰਘ ਮਨੀ ਸੰਧੂ ਨੇ ਦੱਸਿਆ ਕਿ ਅਸੀਂ ਕੁਝ ਦੋਸਤਾਂ ਨੇ ਰਲ ਕੇ ਬਿਨਾ ਕਿਸੇ ਸਰਕਾਰੀ ਸਹਿਯੋਗ ਦੇ ਆਪਣੇ ਬਲ ਬੂਤੇ ਤੇ ਨਿਰੰਤਰ ਲੰਗਰ ਸੇਵਾ ਚਲਾਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਉਹਨਾਂ ਦੇ ਨਾਲ ਰਹੀ ਹੈ। ਨੈਸ਼ਨਲ ਯੂਥ ਐਵਾਰਡੀ ਅਤੇ ਟੀ ਵੀ ਐਂਕਰ ਗੁਰਨਾਮ ਸਿੱਧੂ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਪੀ.ਪੀ.ਈ ਕਿੱਟਾਂ ਪਾਕੇ ਲੰਗਰ ਵੰਡਦੇ ਸਨ ਤਾਂ ਜੋ ਆਪਣੀ ਅਤੇ ਸਾਹਮਣੇ ਵਾਲੇ ਦੀ ਸੁਰੱਖਿਆ ਕਰ ਸਕੀਏ। ਅੰਤਰਰਾਸ਼ਟਰੀ ਭੰਗੜਾ ਕਲਾਕਾਰ ਤੇ ਸਟੇਟ ਯੂਥ ਅਵਾਰਡੀ ਗੁਰਿੰਦਰ ਸਿੰਘ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਉਹ ਇਸ ਕਾਰਜ ਨੂੰ ਅੱਗੇ ਤੋਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰੱਖਣਗੇ। ਏਨਾ ਲੰਮਾਂ ਸਮਾਂ ਲੰਗਰ ਲਗਾ ਕੇ ਪ੍ਰਵਾਸੀ ਲੋਕਾਂ ਦੀ ਮਦਦ ਕਰਨ ਵਾਲੇ ਇਹਨਾਂ ਨੌਜਵਾਨਾਂ ਦੀ ਚੁਫੇਰਿਓਂ ਤਾਰੀਫਾਂ ਹੋ ਰਹੀਆਂ ਹਨ। ਟੀਮ ਵਿਚ ਫ਼ਿਲਮੀ ਅਦਾਕਾਰ ਹਰਿੰਦਰ ਭੁੱਲਰ, ਗੁਰਭੇਜ ਸਿੰਘ ਟਿੱਬੀ, ਜਸਬੀਰ ਸਿੰਘ ਜੋਸਨ, ਕੈਪਟਨ ਅੰਗਰੇਜ ਸਿੰਘ, ਜਸ਼ਨਬੀਰ ਢਿੱਲੋਂ, ਬੱਬੂ ਸਮਰਾ ਅਤੇ ਸੁਨੀਲ ਸ਼ਰਮਾ ਸ਼ਾਮਿਲ ਸਨ।
Real Estate