ਕਾਂਗਰਸੀ ਆਗੂਆਂ ਦਾ ਹਰਸਿਮਰਤ ਕੌਰ ਬਾਦਲ ‘ਤੇ ਪਲਟਵਾਰ

193

ਹਰਸਿਮਰਤ ਬਾਦਲ ਪਹਿਲਾ ਈ.ਡੀ ਕੋਲੋਂ ਆਪਣੇ ਭਰਾ ਦੀ ਡਰੱਗ ਤਸਕਰੀ ਕੇਸ ਵਿੱਚ ਜਾਂਚ ਮੁੜ ਸ਼ੁਰੂ ਕਰਵਾਏ : ਕਾਂਗਰਸੀ ਆਗੂ
ਚੰਡੀਗੜ, 30 ਮਈ (ਜਗਸੀਰ ਸਿੰਘ ਸੰਧੂ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਥਿਤ ਬੀਜ ਘੋਟਾਲੇ ਬਾਰੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਉਤੇ ਪਲਟਵਾਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਜੇ ਸੱਚੇ ਦਿਲੋਂ ਪੰਜਾਬ ਤੇ ਪੰਜਾਬੀਆਂ ਦੀ ਹਿਤੈਸ਼ੀ ਹੈ ਤਾਂ ਡਰੱਗ ਤਸਕਰੀ ਕੇਸ ਵਿੱਚ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਦੀ ਬੰਦ ਪਈ ਜਾਂਚ ਮੁੜ ਸ਼ੁਰੂ ਕਰਵਾਏ ਤਾਂ ਜੋ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਿਆਂ ਦਾ ਚਿਹਰਾ ਨੰਗਾ ਹੋ ਸਕੇ।
ਅੱਜ ਇਥੇ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਰਵਿੰਦਰ ਸਿੰਘ ਆਵਲਾ, ਦਵਿੰਦਰ ਸਿੰਘ ਘੁਬਾਇਆ (ਸਾਰੇ ਐਮ.ਐਲ.ਏਜ਼) ਤੇ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਕੇਂਦਰ ਵਿੱਚ ਮੰਤਰੀ ਬਣਾਈ ਹਰਸਿਮਰਤ ਕੌਰ ਬਾਦਲ ਦੀ ਯਾਦਸ਼ਾਤ ਵੀ ਬੜੀ ਕਮਜ਼ੋਰ ਹੈ। ਅੱਜ ਉਹ ਕਥਿਤ ਬੀਜ ਘੋਟਾਲੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਪਰ ਇਹ ਭੁੱਲ ਗਈ ਹੈ ਕਿ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਤਸਕਰੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਨੂੰ ਆਪਣਾ ਰਸੂਖ ਵਰਤ ਤੇ ਬੰਦ ਕਰਵਾਇਆ ਸੀ। ਹਰਸਿਮਰਤ ਕੌਰ ਬਾਦਲ ਦੇ ਦੋਹਰੇ ਮਾਪਦੰਡ ਨੂੰ ਉਜਾਗਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਤੌਰ ‘ਤੇ ਪੰਜਾਬ ਨੂੰ ਇਕ ਪੈਸੇ ਦਾ ਵੀ ਫਾਇਦਾ ਨਹੀਂ ਕੀਤਾ। ਉਲਟਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਰਾ ਦੀ ਈ.ਡੀ.ਜਾਂਚ ਬੰਦ ਕਰਵਾਈ ਅਤੇ ਪੰਜਾਬ ਖਿਲਾਫ ਹਰ ਕੇਂਦਰ ਸਰਕਾਰ ਦੇ ਫੈਸਲੇ ਵਿੱਚ ਵਧ-ਚੜ ਕੇ ਭੂਮਿਕਾ ਨਿਭਾਈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ‘ਤੇ ਕਾਬਜ਼ ਬਾਦਲ-ਮਜੀਠੀਆ ਪਰਿਵਾਰ ਆਪਣੀ ਖੁੱਸਿਆ ਸਿਆਸੀ ਵੱਕਾਰ ਮੁੜ ਬਹਾਲ ਕਰਨ ਲਈ ਨਿੱਤ ਦਿਨ ਬਿਨਾਂ ਸਿਰ ਪੈਰ ਦੇ ਕਾਂਗਰਸੀ ਆਗੂਆਂ ਉਤੇ ਤੱਥ ਰਹਿਤ ਦੋਸ਼ ਲਾਉਂਦਾ ਰਹਿੰਦਾ ਹੈ। ਉਨਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਅਕਾਲੀ ਦਲ ਆਪਣਾ ਗੁਆਚਿਆ ਲੋਕ ਆਧਾਰ ਨਹੀਂ ਬਹਾਲ ਕਰ ਸਕੇਗਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਝੂਠ ਅਤੇ ਫਰੇਬ ਤੋਂ ਭਲੀਭਾਂਤ ਜਾਣੂੰ ਹਨ ਅਤੇ ਉਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।

Real Estate