ਟਿੱਕਟੋਕ ਵਿਡੀਓ ਬਣਾਉਂਦੇ ਪੰਜ ਬੱਚੇ ਗੰਗਾ ਨਦੀ ‘ਚ ਡੁੱਬੇ

219

ਚੰਡੀਗੜ, 29 ਮਈ (ਜਗਸੀਰ ਸਿੰਘ ਸੰਧੂ) : ਯੂ.ਪੀ ਦੇ ਵਾਰਾਣਸੀ ਵਿੱਚ ਟਿਕਟੋਕ ਵਿਡੀਓ ਬਣਾਉਂਦੇ 5 ਬੱਚੇ ਗੰਗਾ ਨਦੀ ਡੁੱਬ ਗਏ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ 8 ਵਜੇ 19 ਸਾਲਾ ਤੌਸੀਫ਼ ਪੁੱਤਰ ਰਫੀਕ, 14 ਸਾਲਾ ਫ਼ਰਦੀਨ ਪੁੱਤਰ ਮੁਮਤਾਜ਼, 15 ਸਾਲਾ ਸ਼ੈਫ ਪੁੱਤਰ ਇਕਬਾਲ, 15 ਸਾਲਾ ਰਿਜ਼ਵਾਨ ਪੁੱਤਰ ਸ਼ਾਹਿਦ ਅਤੇ 14 ਸਾਲਾ ਸਕੀ ਪੁੱਤਰ ਗੁੱਡੂ ਸਮੇਤ 7 ਬੱਚੇ ਟਿਕਟੋਕ ਵੀਡੀਓ ਬਣਾਉਣ ਲਈ ਗੰਗਾ ਨਦੀ ‘ਤੇ ਗਏ ਸਨ। ਰਵੀਦਾਸ ਪਾਰਕ ਤੇ ਰਾਮਨਗਰ ਦੇ ਸਿਪਹਿਆ ਘਾਟ ਦੇ ਵਿਚਕਾਰ ਇਨ•ਾਂ ਦਿਨਾਂ ‘ਚ ਗੰਗਾ ਨਦੀ ‘ਚ ਕਾਫ਼ੀ ਰੇਤ ਹੁੰਦੀ ਹੈ। ਦੋ ਬੱਚੇ ਨਦੀ ਕੰਢੇ ਬੈਠ ਗਏ ਅਤੇ 5 ਬੱਚੇ ਤੌਸੀਫ਼, ਫ਼ਰਦੀਨ, ਸ਼ੈਫ, ਰਿਜ਼ਵਾਨ ਅਤੇ ਸਕੀ ਨਦੀ ‘ਚ ਵਿਖਾਈ ਦੇ ਰਹੇ ਰੇਤ ਦੇ ਟਿੱਲੇ ‘ਤੇ ਪਹੁੰਚ ਗਏ। ਵੀਡੀਓ ਬਣਾਉਣ ਸਮੇਂ ਇੱਕ ਬੱਚਾ ਡੁੱਬਣ ਲੱਗਿਆ ਤਾਂ ਦੂਜੇ ਨੇ ਉਸ ਨੂੰ ਬਚਾਉਣ ਲਈ ਨਦੀ ‘ਚ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਹ ਸਾਰੇ ਡੁੱਬ ਗਏ। ਨਦੀ ਕੰਢੇ ਬੈਠੇ ਦੋਹਾਂ ਬੱਚਿਆਂ ਦਾ ਸ਼ੌਰ ਸੁਣ ਕੇ ਕੁੱਝ ਮਛੇਰੇ ਆਪਣੀਆਂ ਕਿਸ਼ਤੀਆਂ ਲੈ ਕੇ ਬੱਚਿਆਂ ਨੂੰ ਬਚਾਉਣ ਲਈ ਪਹੁੰਚੇ। ਜਦੋਂ ਤਕ ਉਹ ਬੱਚਿਆਂ ਨੂੰ ਬਚਾ ਪਾਉਂਦੇ, ਉਦੋਂ ਤਕ ਉਨ•ਾਂ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਦੇ ਨਾਲ ਰਾਮਨਗਰ ਤੋਂ ਅੱਧੀ ਦਰਜਨ ਗੋਤਾਖੋਰਾਂ ਦੀ ਟੀਮ ਵੱਲੋਂ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੰਜਾਂ ਬੱਚਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ। ਇੱਥੇ ਪੰਜਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕੋ ਮੁਹੱਲੇ ਦੇ 5 ਬੱਚਿਆਂ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

Real Estate