ਹੱਥਕੜੀ ‘ਚ ਜਕੜੇ ਕਾਲੇ ਮੂਲ ਦੇ ਵਿਅਕਤੀ ਦੀ ਧੌਂਣ ‘ਤੇ ਗੋਡਾ ਰੱਖਣ ਵਾਲੇ ਗੋਰੇ ਪੁਲਸ ਅਧਿਕਾਰੀ ‘ਤੇ ਮੁਕੱਦਮਾ ਚੱਲਣਾ ਚਾਹੀਦਾ ਹੈ – ਮੇਅਰ

268

ਅਮਰੀਕਾ (ਮਿਨੀਪੋਲਿਸ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਮਿਨੀਪੋਲਿਸ ਦੇ ਮੇਅਰ ਨੇ ਬੁੱਧਵਾਰ ਨੂੰ ਆਖਿਆ ਕਿ ਹੱਥਕੜੀ ਪਾਏ ਕਾਲੇ ਮੂਲ ਦੇ ਵਿਅਕਤੀ ਦੀ ਧੌਂਣ ‘ਤੇ ਗੋਢਾ ਰੱਖਣ ਵਾਲੇ ਗੋਰੇ ਪੁਲਸ ਅਧਿਕਾਰੀ ‘ਤੇ ਮੁਕੱਦਮਾ ਚੱਲਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਇਕ ਵੀਡੀਓ ਵਿਚ ਸਬੰਧਿਤ ਕਾਲੇ ਵਿਅਕਤੀ ਦੀ ਧੌਂਣ ‘ਤੇ ਗੋਢਾ ਰੱਖਦੇ ਦੇਖਿਆ ਜਾ ਸਕਦਾ ਹੈ। ਇਸ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸ ਨੇ ਕਿਹਾ ਸੀ ਉਹ ਸਾਹ ਨਹੀਂ ਆ ਰਿਹਾ। ਮੇਅਰ ਜੈਕਬ ਫ੍ਰੇਅ ਨੇ ਵੀਡੀਓ ਦੇ ਆਧਾਰ ‘ਤੇ ਕਿਹਾ ਹੈ ਕਿ ਪੁਲਸ ਅਧਿਕਾਰੀ ਡੈਰੇਕ ਚਾਓਵਿਨ ‘ਤੇ ਜਾਰਜ ਫਲੋਇਡ ਦੀ ਮੌਤ ਦੇ ਮਾਮਲੇ ਵਿਚ ਮੁਕੱਦਮਾ ਚੱਲਣਾ ਚਾਹੀਦਾ ਹੈ।
ਵੀਡੀਓ ਇਕ ਰਾਹਗੀਰ ਨੇ ਬਣਾਈ, ਜਿਸ ਵਿਚ ਫਲੋਇਡ ਦੀ ਧੌਂਣ ‘ਤੇ ਚਾਓਵਿਨ ਗੋਢਾ ਰੱਖਿਆ ਦਿਖਾਈ ਦਿੰਦਾ ਹੈ। ਵਿਅਕਤੀ ਦਾ ਮੂੰਹ ਜ਼ਮੀਨ ਵੱਲ ਸੀ ਅਤੇ ਉਸ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ। ਅਧਿਕਾਰੀ ਨੇ ਉਸ ਦੀ ਧੌਂਣ ‘ਤੇ ਘਟੋਂ-ਘੱਟ 8 ਮਿੰਟ ਤੱਕ ਗੋਢਾ ਰੱਖੀ ਰੱਖਿਆ, ਉਦੋਂ ਤੱਕ ਕਾਲੇ ਵਿਅਕਤੀ ਨੇ ਬੋਲਣਾ ਅਤੇ ਸਾਹ ਲੈਣਾ ਬੰਦ ਕਰ ਦਿੱਤਾ। ਸਾਹ ਨਾ ਲੈਣ ‘ਤੇ ਉਸ ਨੂੰ ਹਸਪਤਾਲ ਲਿਜਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜੈਕੇਬ ਨੇ ਕਿਹਾ ਕਿ ਮੈਂ ਪਿਛਲੇ 36 ਘੰਟੇ ਤੋਂ ਇਸ ਸਵਾਲ ਨਾਲ ਨਜਿੱਠ ਰਿਹਾ ਹਾਂ ਕਿ ਜਾਰਜ ਫਲੋਇਡ ਨੂੰ ਮਾਰਨ ਵਾਲਾ ਵਿਅਕਤੀ ਜੇਲ ਵਿਚ ਕਿਉਂ ਨਹੀਂ ਹੈ। ਉਨ੍ਹਾਂ ਨੇ ਅਧਿਕਾਰੀ ‘ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਅਮਰੀਕਾ ਵਿਚ ਕਾਲੇ ਮੂਲ ਦੇ ਲੋਕਾਂ ‘ਤੇ ਹਮਲੇ ਵਧਣ ਕਾਰਨ ਪੂਰੇ ਅਮਰੀਕਾ ਵਿਚ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Real Estate