ਪੁਲਸ ਧੱਕੇਸ਼ਾਹੀਆਂ ਵਿਰੁੱਧ ਬਰਨਾਲਾ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਜਬਰਦਸਤ ਰੋਸ ਮੁਜਾਹਰਾ

229

ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ
ਬਰਨਾਲਾ, 27 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਪੁਲਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਅੱਜ ਬਰਨਾਲਾ ਜਿਲੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਬਰਨਾਲਾ ਪ੍ਰੈਸ ਕਲੱਬ ਦੀ ਅਗਵਾਈ ਵਿੱਚ ਇੱਕ ਜਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਬਰਨਾਲਾ ਪ੍ਰੈਸ ਕਲੱਬ ਅਗਵਾਈ ਹੇਠ ਬਰਨਾਲਾ, ਮਹਿਲ ਕਲਾਂ, ਧਨੌਲਾ, ਸ਼ੇਰਪੁਰ, ਤਪਾ ਮੰਡੀ, ਸ਼ਹਿਣਾ, ਭਦੌੜ, ਰੂੜੇਕੇ ਕਲਾਂ ਅਤੇ ਹੰਡਿਆਇਆ ਦੇ ਪੱਤਰਕਾਰਾਂ ਵੱਲੋਂ ‘ਮੈਂ ਵੀ ਹਾਂ ਪੱਤਰਕਾਰ’ ਦੇ ਬਿੱਲੇ ਲਗਾਕੇ ਕਚਹਿਰੀ ਚੌਂਕ ਤੋਂ ਡੀ.ਸੀ ਦਫਤਰ ਤੱਕ ਇੱਕ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਚੇਤਨ ਸ਼ਰਮਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਪੰਜਾਬ ਪੁਲਸ ਸਰੇਆਮ ਧੱਕੇਸ਼ਾਹੀ ਕਰਨ ਲੱਗੀ ਹੋਈ ਹੈ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਪੱਤਰਕਾਰਾਂ ਨਾਲ ਧੱਕੇਸ਼ਾਹੀ ਦੀਆਂ ਗਿਆਰਾਂ ਬਾਰਾਂ ਘਟਨਾਵਾਂ ਹੋ ਚੁੱਕੀਆਂ ਹਨ। ਇਸ ਲਈ ਪੱਤਰਕਾਰਾਂ ਦੀ ਮੰਗ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਲੋਕਤੰਤਰ ਦਾ ਚੌਥਾ ਥੰਮ ਹੋਰ ਮਜਬੂਤੀ ਨਾਲ ਆਾਪਣਾ ਫਰਜ਼ ਨਿਭਾ ਸਕੇ। ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਨੇ ਇਸ ਮੌਕੇ ਕਿਹਾ ਕਿ ਬਰਨਾਲਾ ਜ਼ਿਲੇ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਜਿਥੇ ਪੰਜਾਬ ਵਿੱਚ ਪੁਲਸ ਧੱਕੇਸ਼ਾਹੀ ਦਾ ਸਿਕਾਰ ਹੋਏ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ, ਉਥੇ ਬਰਨਾਲਾ ਪ੍ਰਸਾਸ਼ਨ ਨੂੰ ਵੀ ਤਾੜਨਾ ਕਰਦਾ ਹੈ ਕਿ ਉਹ ਵੀ ਪੱਤਰਕਾਰਾਂ ਪ੍ਰਤੀ ਆਪਣਾ ਰਵੱਈਆ ਠੀਕ ਰੱਖੇ। ਬਰਨਾਲਾ ਪ੍ਰੈਸ ਕਲੱਬ ਦੇ ਸਾਬਕਾ ਜਨਰਲ ਸਕੱਤਰ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਪੁਲਸ ਆਪਣੇ ਵਿਰੋਧੀ ਆਵਾਜਾਂ ਨੂੰ ਦਬਾਉਣ ਲਈ ਪੱਤਰਕਾਰਾਂ ‘ਤੇ ਕੇਸ ਦਰਜ ਕਰਕੇ ਅਤੇ ਉਹਨਾਂ ਦੀ ਕੁੱਟਮਾਰ ਕਰ ਰਹੀ ਹੈ। ਕਈ ਨਾਮੀ ਅਤੇ ਵੱਡੇ ਅਦਾਰਿਆਂ ਦੇ ਪੱਤਰਕਾਰਾਂ ਨੂੰ ਹੱਥ ਪਾ ਕੇ ਪੁਲਸ ਵੱਲੋਂ ਪੱਤਰਕਾਰਾਂ ਨੂੰ ਡਰਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ। ਪੁਲਸ ਕਦੇ ਚੌਰਾਸੀ ਯਾਦ ਕਰਵਾਉਣ ਦੇ ਡਰਾਵੇ ਦਿੰਦੀ ਹੈ ਤੇ ਕਦੇ ਵਿਰੋਧੀ ਆਵਾਜਾਂ ਨੂੰ ਤੋਪਾਂ ਨਾਲ ਉਡਾਉਣ ਦੀਆਂ ਧਮਕੀਆਂ ਦਿੰਦੇ ਹਨ, ਪਰ ਪੁਲਸ ਅਜਿਹੇ ਡਰਾਵੇ ਦੇ ਕੇ ਨਾ ਤਾਂ ਪੱਤਰਕਾਰਾਂ ਦੀ ਏਕਤਾ ਅਤੇ ਦ੍ਰਿੜਤਾ ਤੋੜ ਸਕਦੀ ਹੈ ਅਤੇ ਨਾ ਹੀ ਸੱਚ ਦੀ ਆਵਾਜ ਨੂੰ ਦਬਾਅ ਸਕਦੀ ਹੈ। ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਸ ਧੱਕੇਸ਼ਾਹੀਆਂ ਬਾਰੇ ਹੁਣ ਕੁਲ ਦੁਨੀਆਂ ਨੂੰ ਪਤਾ ਲੱਗ ਚੁਕਿਆ ਹੈ, ਪਰ ਸਰਕਾਰ ਦੇ ਅਜੇ ਵੀ ਕੰਨ ‘ਤੇ ਜੂੰ ਨਹੀਂ ਸਕਰਦੀ। ਅਜੇ ਵੀ ਪੱਤਰਕਾਰਾਂ ਨਾਲ ਸਰਕਾਰ ਦਾ ਰੱਵਈਆ ਠੀਕ ਨਹੀਂ ਹੈ, ਇਸ ਲਈ ਪੱਤਰਕਾਰਾਂ ਨੂੰ ਵੱਡੇ ਸੰਘਰਸ਼ਾਂ ਲਈ ਵੀ ਤਿਆਰ ਰਹਿਣ ਦੀ ਲੋੜ ਹੈ। ਧਨੌਲਾ ਪ੍ਰੈਸ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ, ਮਹਿਲ ਕਲਾਂ ਪ੍ਰੈਸ ਕਲੱਬ ਵੱਲੋਂ ਬਲਜਿੰਦਰ ਸਿੰਘ ਢਿੱਲੋ, ਤਪਾ ਪ੍ਰੈਸ ਕਲੱਬ ਵੱਲੋਂ ਮਦਨ ਲਾਲ ਗਰਗ, ਭਦੌੜ ਪ੍ਰੈਸ ਕਲੱਬ ਵੱਲੋਂ ਰਾਜਿੰਦਰ ਵਰਮਾ, ਸਹਿਣਾ ਪ੍ਰੈਸ ਕਲੱਬ ਵੱਲੋਂ ਸੁਖਵਿੰਦਰ ਸਿੰਘ ਧਾਲੀਵਾਲ, ਸ਼ੇਰਪੁਰ ਪ੍ਰੈਸ ਕਲੱਬ ਵੱਲੋਂ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਸੰਬੋਧਨ ਕੀਤਾ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰ: ਤੇਜ ਪ੍ਰਤਾਪ ਸਿੰਘ ਫੂਲਕਾ ਨੇ ਇਸ ਧਰਨੇ ਵਿੱਚ ਆ ਕੇ ਪੱਤਰਕਾਰਾਂ ਕੋਲੋਂ ਮੁੱਖ ਮੰਤਰੀ ਦੇ ਨਾਂ ਵਾਲਾ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਉਹ ਸਾਰੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਜਾਣੂ ਕਰਵਾ ਦੇਣਗੇ। ਇਸ ਮੌਕੇ ਬਰਨਾਲਾ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਰਾਜੇਸ ਕੁਮਾਰ, ਖਜਾਨਚੀ ਜਗਸੀਰ ਸਿੰਘ ਚਹਿਲ, ਸਰਪ੍ਰਸਤ ਰਾਮਸਰਨ ਗੋਇਲ, ਵਿਵੇਕ ਸਿੰਧਵਾਨੀ, ਯਾਦਵਿੰਦਰ ਸਿੰਘ ਭੁੱਲਰ, ਰਵਿੰਦਰ ਰਵੀ, ਹੇਮੰਤ ਰਾਜੂ, ਰਾਜਿੰਦਰ ਸਰਮਾ, ਗੁਰਮੀਤ ਸਿੰਘ ਬਰਨਾਲਾ, ਗਿਆਨੀ ਬੰਧਨਤੋੜ ਸਿੰਘ, ਸੰਨੀ ਸਦਿਉੜਾ, ਅਵਤਾਰ ਸਿੰਘ ਅਣਖੀ, ਹਰਜਿੰਦਰ ਸਿੰਘ ਪੱਪੂ, ਬਲਦੇਵ ਸਿੰਘ ਗਾਗੇਵਾਲ, ਨਿਰਮਲ ਸਿੰਘ ਪੰਡੋਰੀ, ਜਸਵੀਰ ਸਿੰਘ ਵਜੀਦਕੇ, ਰਾਜ ਪਨੇਸਰ, ਲਖਵੀਰ ਸਿੰਘ ਚੀਮਾਂ, ਮਿੱਠੂ ਖਾਨ, ਗੁਰਸੇਵਕ ਸਹੋਤਾ, ਕਰਨਪ੍ਰੀਤ ਧੰਦਰਾਲ, ਜਸਵੀਰ ਸਿੰਘ ਗਹਿਲ, ਵਿਕਰਮ ਸਿੰਘ ਧਨੌਲਾ, ਪ੍ਰਵੀਨ ਰਿਸ਼ੀ, ਚਮਕੌਰ ਸਿੰਘ ਗੱਗੀ, ਮਹਿੰਦਰ ਸਿੰਘ ਧਨੌਲਾ, ਹਮੀਰ ਸਿੰਘ, ਰਾਮ ਸਿੰਘ ਧਨੌਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਮੌਜੂਦ ਸਨ।

Real Estate