ਦਿੱਲੀ ਕਮੇਟੀ ਲਾਕਡਾਊਨ ਦੌਰਾਨ ਮ੍ਰਿਤਕ ਤਿੰਨ ਸਟਾਫ਼ ਮੈਂਬਰਾਂ ਦੇ ਪਰਿਵਾਰਕ ਮੈਂਬਰ ਨੂੰ ਦੇਵੇਗੀ ਨੌਕਰੀ

222

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਮੀਟਿੰਗ ਵਿਚ ਲਿਆ ਗਿਆ ਫ਼ੈਸਲਾ
ਨਵੀਂ ਦਿੱਲੀ, 26 ਮਈ (ਪੰਜਾਬੀ ਨਿਊਜ਼ ਆਨਲਾਇਨ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਸਮੇਤ ਹੋਰਨਾ ਮੈਂਬਰਾਂ ਵੱਲੋਂ ਸਰਬਸਮਤੀ ਨਾਲ ਪ੍ਰਸਤਾਵ ਪਾਸ ਕਰਦੇ ਹੋਏ ਫ਼ੈਸਲਾ ਲਿਆ ਗਿਆ ਕਿ ਬੀਤੇ ਦਿਨੀਂ ਲਾਕਡਾਊਨ ਦੇ ਚੱਲਦੇ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਜਿਨ੍ਹਾਂ ਸਟਾਫ਼ ਮੈਂਬਰਾਂ ਦੀ ਲਾਕਡਾਊਨ ਦੌਰਾਨ ਮੌਤ ਹੋਈ ਹੈ ਉਨ੍ਹਾਂ ਦੇ ਪਰਿਵਾਰ ਵਿਚੋਂ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨਾਂ ਵਿਚ ਗੁਰੂ ਤੇਗ ਬਹਾਦੁਰ ਇੰਜੀਨਿਅਰਿੰਗ ਇੰਸਟੀਚਿਊਟ ਰਾਜੌਰੀ ਗਾਰਡਨ ਵਿਚ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਲੱਕੀ, ਹੇਮਕੁੰਟ ਕਲੌਨੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ਼ ਹਰੀਸ਼ ਕੁਮਾਰ ਅਤੇ ਕਰੋਲ ਬਾਗ ਸਕੂਲ ਦੇ ਤਰਨਜੀਤ ਸਿੰਘ ਦੀ ਮੌਤ ਲਾਕਡਾਊਨ ਦੌਰਾਨ ਹੋਈ ਇਸ ਲਈ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਤਿੰਨਾਂ ਦੇ ਪਰਿਵਾਰ ‘ਚੋਂ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਸ. ਸਿਰਸਾ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਜਦੋਂ ਤੋਂ ਲਾਕਡਾਊਨ ਹੋਇਆ ਕਮੇਟੀ ਵੱਲੋਂ ਸੰਗਤ ਦੇ ਸਹਯੋਗ ਨਾਲ ਨਿਰੰਤਰ ਲੰਗਰ ਸੇਵਾ ਚਲਾਈ ਜਾ ਰਹੀ ਸੀ ਜਿਸ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਸੀ। ਉਸ ਦੇ ਬਾਅਦ ਪ੍ਰਵਾਸੀ ਮਜਦੂਰ ਜੋ ਕਿ ਆਪਣੇ ਘਰਾਂ ਨੂੰ ਜਾ ਰਹੇ ਹਨ, ਉਨ੍ਹਾਂ ਨੂੰ ਵੀ ਭੋਜਨ ਆਦਿ ਦੀ ਸਮੱਸਿਆ ਆਉਂਦੀ ਵੇਖ ਕਮੇਟੀ ਨੇ ”ਲੰਗਰ ਆਨ ਵੀਹਲ” ਸੇਵਾ ਸ਼ੁਰੂ ਕੀਤੀ ਜਿਸ ਵਿਚ ਸੜਕਾਂ ‘ਤੇ ਜਾ ਕੇ ਕਮੇਟੀ ਦੀਆਂ ਗੱਡੀਆਂ ਉਨ੍ਹਾਂ ਮਜਦੂਰਾ ਨੂੰ ਲੰਗਰ ਮੁਹੱਈਆ ਕਰਵਾ ਰਹੀ ਹੈ। ਅੱਜ ਦੀ ਮੀਟਿੰਗ ਵਿਚ ਇਹ ਵੀ ਪ੍ਰਸਤਾਵ ਪਾਸ ਕੀਤਾ ਗਿਆ ਕਿ ਇਹ ਸੇਵਾ ਅੱਗੇ ਵੀ ਚੱਲਦੀ ਰਹੇਗੀ ਕਿਉਂਕਿ ਹਾਲੇ ਵੀ ਵੱਡੀ ਗਿਣਤੀ ਵਿਚ ਮਜਦੂਰ ਆਪਣੇ ਘਰਾਂ ਵੱਲ ਨੂੰ ਕੂਚ ਰਹੇ ਹਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਵੀ ਕਮੇਟੀ ਨੇ ਇਸ ਸੇਵਾ ਨੂੰ ਚਲਾਇਆ ਹੋਇਆ ਹੈ। ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਕਮੇਟੀ ਦੇ ਸਾਬਕਾ ਮੈਂਬਰ ਦਵਿੰਦਰ ਸਿੰਘ ਕਵਾਤਰਾ ਦੀ ਮੌਤ ‘ਤੇ ਸੋਗ ਪ੍ਰਸਤਾਵ ਪੇਸ਼ ਕੀਤਾ ਗਿਆ।

Real Estate