ਡਰਬੀ ਸਥਿਤ ਗੁਰਦੁਆਰਾ ਸਾਹਿਬ ‘ਤੇ ਇੱਕ ਵਿਅਕਤੀ ਵੱਲੋਂ ਹਮਲਾ

205

ਡਰਬੀ, 26 ਮਈ (ਪੰਜਾਬੀ ਨਿਊਜ਼ ਆਨਲਾਇਨ) : ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ 200 ਕਿਲੋਮੀਟਰ ਦੂਰ ਡਰਬੀ ਸਥਿਤ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ‘ਤੇ ਸੋਮਵਾਰ ਸਵੇਰੇ ਇੱਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਜਿਸ ਨੂੰ ਬ੍ਰਿਟਿਸ ਪੁਲਸ ਨੇ ਦੇਰ ਸ਼ਾਮੀਂ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਰੀ ਅਨੁਸਾਰ ਇਸ ਹਮਲਾਵਰ ਨੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਕਾਫ਼ੀ ਭੰਨ–ਤੋੜ ਕੀਤੀ ਸੀ, ਜਿਸ ਕਾਰਨ ਹਜ਼ਾਰਾਂ ਪੌਂਡ ਦਾ ਨੁਕਸਾਨ ਹੋ ਗਿਆ ਹੈ। ਇਹ ਹਮਲਾਵਰ ਜਾਂਦਾ ਹੋਇਆ ਉਹ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਉੱਤੇ ਲਿਖ ਕੇ ਗਿਆ ਸੀ ”ਕਸ਼ਮੀਰ ਦੀ ਜਨਤਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਸਭ ਲਈ ਮੁਸੀਬਤ ਖੜ•ੀ ਹੋ ਜਾਵੇਗੀ”। ਇਸ ਸੁਨੇਹੇ ਦੇ ਨਾਲ ਇੱਕ ਫ਼ੋਨ ਨੰਬਰ ਵੀ ਲਿਖਿਆ ਹੋਇਆ ਸੀ। ਬ੍ਰਿਟਿਸ ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਇਹ ਮੁਲਜ਼ਮ ਪਾਕਿਸਤਾਨੀ ਮੂਲ ਦਾ ਹੈ। ਗੁਰਦੁਆਰਾ ਸਾਹਿਬ ਵੱਲੋਂ ਜਾਰੀ ਇੱਕ ਬਿਆਨ ‘ਚ ਦੱਸਿਆ ਗਿਆ ਸੀ ਕਿ ਸੋਮਵਾਰ ਸਵੇਰੇ 6 ਕੁ ਵਜੇ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ ਤੇ ਉਸ ਨੇ ਹਜ਼ਾਰਾਂ ਪੌਂਡ ਦਾ ਨੁਕਸਾਨ ਕਰ ਕੇ ਰੱਖ ਦਿੱਤਾ। ਪਰ ਇਸ ਹਮਲੇ ‘ਚ ਕਿਸੇ ਦੇ ਜ਼ਖ਼ਮੀ ਹੋਣ ਤੋਂ ਬਚਾਅ ਹੀ ਰਿਹਾ। ਆਮ ਲੋਕ ਇਸ ਨੂੰ ਨਫ਼ਰਤ ਭਰਿਆ ਹਮਲਾ ਮੰਨ ਰਹੇ ਹਨ।ਲੇਬਰ ਪਾਰਟੀ ਦੇ ਐੱਮਪੀ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਧਾਰਮਿਕ ਅਸਥਾਨ ‘ਤੇ ਹਮਲਾ ਬਹੁਤ ਚਿੰਤਾ ਤੇ ਦੁੱਖ ਦਾ ਵਿਸ਼ਾ ਹੈ। ਐੱਮਪੀ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨਾਲ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਜੁੜੀ ਹੋਈ ਹੈ ਤੇ ਇਹ ਗੁਰੂਘਰ ਰੋਜ਼ਾਨਾ ਆਪਣੇ ਲੰਗਰ ਰਾਹੀਂ 500 ਲੋਕਾਂ ਨੂੰ ਖਾਣਾ ਖਵਾਉਂਦਾ ਹੈ।

Real Estate