ਅਲਵਿਦਾ ਸ. ਬਲਬੀਰ ਸਿੰਘ ਦੁਸਾਂਝ (ਸੀਨੀਅਰ)

137

(31 ਦਸੰਬਰ 1923—25 ਮਈ 2020)
ਕਿਸਮਤ ਵਾਲਾ ਸੀ ਸਰਦਾਰ ਬਲਬੀਰ ਸਿਓਂ ਜਿਸਨੂੰ ਵਿਦਿਆਰਥੀ ਜੀਵਨ ਦੌਰਾਨ ਸ. ਹਰਬੇਲ ਸਿੰਘ ਵਰਗਾ ਕੋਚ ਮਿਲਿਆ ਜਿਹੜਾ ਉਸਨੂੰ 1942 ਸਾਲ ਵਿੱਚ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਧੱਕੇ ਨਾਲ ਲੈ ਆਇਆ ਜਿੱਥੇ ਹਰਬੇਲ ਸਿੰਘ ਹਾਕੀ ਕੋਚ ਸੀ। ਇਹ ਓਹੀ ਹਰਬੇਲ ਸਿੰਘ ਸੀ ਜਿਹੜਾ 1952 ਅਤੇ 1956 ਵਿੱਚ ਹਿਦੋਸਤਾਨੀ ਉਲਿੰਪਕ ਟੀਮ ਦਾ ਕੋਚ ਸੀ।
ਪੰਜਾਬ ਯੂਨੀਵਰਸਿਟੀ(ਜਿਹੜੀ ਉਦੋਂ ਅਣਵੰਡੇ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਸਿੰਧ ਅਤੇ ਰਾਜਸਥਾਨ ਤੱਕ ਫੈਲੀ ਹੋਈ ਸੀ) ਦੀ ਕਪਤਾਨੀ ਕਰਦਿਆਂ ਬਲਬੀਰ ਸਿੰਘ ਨੇ ਲਗਾਤਾਰ 1943, 1944 ਅਤੇ 1945 ਵਿੱਚ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ। 1947 ਵਿੱਚ ਸਾਂਝੇ ਪੰਜਾਬ ਦੀ ਬਲਬੀਰ ਸਿੰਘ ਵਾਲੀ ਹਾਕੀ ਟੀਮ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ।
1948 ਵਿੱਚ ਬਲਬੀਰ ਸਿੰਘ ਲੰਡਨ ਉਲਿੰਪਕ ਖੇਡਣ ਗਿਆ ਤਾਂ ਫਾਈਨਲ ਮੈਚ ਵਿੱਚ ਗੋਰਿਆਂ ਨੂੰ ਉਹਨਾਂ ਦੇ ਘਰੇ ਹੀ 4-1 ਨਾਲ ਰਗੜਿਆ ਜਿਸ ਵਿੱਚ ਪਹਿਲੇ ਦੋ ਗੋਲ ਬਲਬੀਰ ਸਿੰਘ ਦੀ ਹਾਕੀ ‘ਚੋਂ ਨਿਕਲੇ।
1952 ਦੀਆਂ ਹੈਲਸਿੰਕੀ ਉਲਿੰਪਕ ਖੇਡਾਂ ਵਿੱਚ ਬਲਬੀਰ ਸਿੰਘ ਨਾਂ ਸਿਰਫ਼ ਹਾਕੀ ਟੀਮ ਦਾ ਉਪ-ਕਪਤਾਨ ਸੀ ਬਲਕਿ ਉਹ ਸਾਰੇ ਖੇਡ ਦਲ ਦਾ ਝੰਡਾ ਬਰਦਾਰ ਵੀ ਬਣਿਆ। ਸੈਮੀ- ਫਾਈਨਲ ਵਿੱਚ ਫਿਰ ਗੋਰਿਆਂ ਨਾਲ ਪੇਚਾ ਪਿਆ ਤਾਂ ਬਲਬੀਰ ਸਿਓਂ ਦੀ ਹੈਟ੍ਰਿਕ ਨਾਲ 3-1 ਦੀ ਫਤਹਿ ਨਸੀਬ ਹੋਈ। ਫਾਈਨਲ ਮੈਚ ਤਾਂ ਬਲਬੀਰ ਸਿਓਂ ਦੀ ਜਿਵੇਂ ਉੜੀਕ ਹੀ ਕਰਦਾ ਸੀ। ਨੀਦਰਲੈਂਡ ਨੂੰ 6-1 ਨਾਲ ਰਗੜਿਆ। ਇਸ ਫਾਈਨਲ ਮੈਚ ਵਿੱਚ ਬਲਬੀਰ ਸਿਓਂ ਦੀ ਹਾਕੀ ਨੇ ਕਹਿਰ ਦਰਸਾਉਂਦੇ ਹੋਏ ਤਾੜ ਤਾੜ ਕਰਕੇ 5 ਗੋਲ ਠੋਕੇ ਜੋ ਅੱਜ ਤੱਕ ਵੀ 68 ਸਾਲ ਬਾਅਦ ਵੀ ਉਲਿੰਪਕ ਰਿਕਾਰਡ ਹੈ।
ਮੈਲਬੋਰਨ (1956) ਦੀਆਂ ਉਲਿੰਪਕ ਵਿੱਚ ਉਹ ਟੀਮ ਦਾ ਕਪਤਾਨ ਸੀ ਪਰ ਅਫਗਾਨਿਸਤਾਨ ਨਾਲ ਪਹਿਲੇ ਹੀ ਮੈਚ ਵਿੱਚ ਫੱਟੜ ਹੋ ਗਿਆ ਪਰ ਫਾਈਨਲ ਤੱਕ ਤੰਦਰੁਸਤ ਹੋਕੇ ਗੁਆਂਢੀ ਪਾਕਿਸਤਾਨ ਤੋਂ ਮੈਚ ਜਿੱਤ ਲਿਆ।
1957 ਵਿੱਚ ਪਦਮ ਸ੍ਰੀ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ, ਉਸੇ ਸਾਲ ਡੋਮਿਨੀਕਣ ਰਿਪਬਲਿਕ ਨੇ ਬਲਬੀਰ ਸਿੰਘ ਦੀ ਫੋਟੋ ਵਾਲੀ ਡਾਕ ਟਿਕਟ ਜਾਰੀ ਕੀਤੀ।
1975 ਵਿੱਚ ਬਲਬੀਰ ਸਿੰਘ ਮੁਲਕ ਦੀ ਉਸ ਹਾਕੀ ਟੀਮ ਦਾ ਮੈਨੇਜਰ ਜਿਸਨੇ ਕੁਆਲਾਲੰਪਰ(ਮਲੇਸ਼ੀਆ) ਹੋਏ ਹੁਣ ਤੱਕ ਦਾ ਇੱਕੋ ਇੱਕ ਵਰਲਡ ਕੱਪ ਮੁਲਕ ਦੀ ਝੋਲੀ ਪਾਇਆ।
2012 ਦੀਆਂ ਲੰਡਨ ਉਲਿੰਪਕ ਵਿੱਚ ਜਿੱਥੇ ਬਲਬੀਰ ਸਿੰਘ ਹੁਣ ਤੱਕ ਦੇ ਸਰਵ ਸ਼ਰੇਸਠ( Olympic Icons) 16 ਖਿਡਾਰੀਆਂ ਵਿੱਚ ਚੁਣਿਆ ਗਿਆ ਉੱਥੇ ਉਸੇ ਉਲਿੰਪਕ ਵਿੱਚ ਹਾਕੀ ਮੁਕਾਬਲਿਆਂ ਵਿਚ ਭਾਰਤ ਨਮੋਸ਼ੀ ਜਨਕ 11ਵੇਂ ਤੇ ਰਿਹਾ!!

ਸ. ਬਲਬੀਰ ਸਿੰਘ ਫੁੱਟਬਾਲ ਦੇ ਤਿੰਨ ਮਹਾਂਰਥੀਆਂ ਵਾਂਗੂੰ ਉਹ ਖਿਡਾਰੀ ਜਿਸਨੇ ਬਤੌਰ ਖਿਡਾਰੀ ਅਤੇ ਮੈਨੇਜਰ ਗੋਲਡ ਮੈਡਲ ਜਿਤਾਏ।

ਉਹ ਖਿਡਾਰੀ ਸਨ;
1) ਬਰਾਜ਼ੀਲ ਦਾ Mario Zagllo ਜਿਸਨੇ 1958(ਸਵੀਡਨ) ਵਿੱਚ ਬਤੌਰ ਖਿਡਾਰੀ ਅਤੇ 1970(ਮੈਕਸੀਕੋ) ਵਿੱਚ ਬਤੌਰ ਮੈਨੇਜਰ ।
2) ਜਰਮਨੀ ਦਾ Franz Beckenbour ਜਿਸਨੇ 1974 ( ਜਰਮਨੀ) ਬਤੌਰ ਖਿਡਾਰੀ ਅਤੇ 1990(ਇਟਲੀ) ਵਿੱਚ ਬਤੌਰ ਮੈਨੇਜਰ।
3) ਫਰਾਂਸ ਦਾ Didier Deschamps ਜਿਸਨੇ 1998 (ਫਰਾਂਸ) ਬਤੌਰ ਖਿਡਾਰੀ ਅਤੇ 2018(ਰੂਸ) ਵਿੱਚ ਬਤੌਰ ਮੈਨੇਜਰ ਖਿਤਾਬ ਜਿਤਾਏ ਹਨ।
ਉਪਰੋਕਤ ਤਿੰਨਾਂ ਨੂੰ ਉਹਨਾਂ ਦੇ ਮੁਲਕਾਂ ਦੇ ਵੱਡੇ ਤੋਂ ਵੱਡੇ ਸਨਮਾਨ ਦਿੱਤੇ ਗਏ। ਸਰਦਾਰ ਬਲਬੀਰ ਸਿੰਘ ਦੁਸਾਂਝ ਲਈ ਵੀ ਭਾਰਤ ਰਤਨ ਦੀ ਕਦੇ ਕਦੇ ਗੱਲ ਚੱਲਦੀ ਰਹੀ ਪਰ ਵਤਨ ਦੇ ਰਹਿਬਰਾਂ ਦੀ ਸਵੱਲੀ ਨਜ਼ਰ ਨਾਂ ਪੈ ਸਕੀ।
ਆਮੀਨ

                                                                     ਡਾ: ਜਸਵੀਰ ਔਲਖ ਦੀ ਵਾਲ ਤੋਂ
Real Estate