ਤਪਾ ਵਾਲੇ ਬਬਲੀ ਮਹੰਤ ਦੀ ਭੇਦਭਰੀ ਹਾਲਤ ‘ਚ ਮੌਤ

144

ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਅਤੇ ਉਸਦੇ ਭਰਾਵਾਂ ‘ਤੇ ਪਰਚਾ ਦਰਜ
ਬਰਨਾਲਾ, 25 ਮਈ (ਜਗਸੀਰ ਸਿੰਘ ਸੰਧੂ) : ਤਪਾ ਦੇ ਚਰਚਿਤ ਮਹੰਤ ਹੁਕਮ ਦਾਸ ਬਬਲੀ ਦੀ ਅਚਾਨਕ ਹੋਈ ਮੌਤ ਮਾਮਲਾ ਉਸ ਸਮੇਂ ਹੋਰ ਰੂਪ ਧਾਰ ਗਿਆ, ਜਦੋਂ ਬਬਲੀ ਮਹੰਤ ਦੇ ਪਰਵਾਰਿਕ ਮੈਂਬਰ ਨੇ ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਅਤੇ ਉਸਦੇ ਭਰਾਵਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ। ਇਥੇ ਜਿਕਰਯੋਗ ਹੈ ਕਿ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਅਤੇ ਬਬਲੀ ਮਹੰਤ ਦੀ ਕਾਫੀ ਪੁਰਾਣੀ ਨੇਤੜਤਾ ਸੀ ਅਤੇ ਇਹਨਾਂ ਨਜਦੀਕੀਆਂ ਨੂੰ ਲੈ ਕੇ ਬਬਲੀ ਮਹੰਤ ਦੇ ਪਰਵਾਰ ਅਤੇ ਬੀਬੀ ਜਸਵਿੰਦਰ ਕੌਰ ਦਾ ਕਈ ਵਾਰ ਹਿੰਸਕ ਝਗੜੇ ਵੀ ਹੋ ਚੁੱਕੇ ਹਨ ਅਤੇ ਝਗੜੇ ਵਿੱਚ ਇਸਤਰੀ ਅਕਾਲੀ ਆਗੂ ਦੇ ਕਪੜੇ ਉਤਾਰ ਕੇ ਕੀਤੀ ਮਾਰਕੁਟਾਈ ਦਲ ਵਿਡੀਓਜ਼ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਜਿਹਨਾਂ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਇੱਕ ਦੂਸਰੇ ਖਿਲਾਫ਼ ਫੌਜਦਾਰੀ ਕੇਸ ਵੀ ਅਦਾਲਤਾਂ ਵਿੱਚ ਚੱਲ ਰਹੇ ਹਨ।
ਹੁਣ ਤਾਜ਼ਾ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬਬਲੀ ਮਹੰਤ ਬੀਤੀ ਰਾਤ ਤਪਾ ਨੇੜੇ ਕਿਸੇ ਢਾਬੇ ਤੋਂ ਰੋਟੀ ਖਾਣ ਗਿਆ, ਜਿਥੇ ਉਸਦੀ ਤਬੀਅਤ ਅਚਾਨਕ ਵਿਗੜ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ, ਜਿਥੇ ਉਹ ਦਮ ਤੋੜ ਗਿਆ। ਇਹ ਵੀ ਚਰਚਾ ਹੈ ਕਿ ਢਾਬੇ ‘ਤੇ ਰੋਟੀ ਖਾਂਦੇ ਸਮੇਂ ਬਬਲੀ ਮਹੰਤ ਨਾਲ ਬੀਬੀ ਜਸਵਿੰਦਰ ਕੌਰ ਤੋਂ ਇਲਾਵਾ ਪੁਲਸ ਦਾ ਇੱਕ ਥਾਣੇਦਾਰ ਵੀ ਮੌਜੂਦ ਸੀ। ਉਧਰ ਮ੍ਰਿਤਕ ਬਬਲੀ ਮਹੰਤ ਦੀ ਪਤਨੀ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਕਤ ਅਕਾਲੀ ਆਗੂ ਲੋਕਾਂ ਨਾਲ ਠੱਗੀਆਂ ਮਾਰ ਕੇ ਉਸ ਦੇ ਪਤੀ ਤੋਂ ਚੈੱਕ ਆਦਿ ਦਿਵਾ ਦਿੰਦੀ ਸੀ ਜਿਸ ਕਾਰਨ ਅਕਸਰ ਹੀ ਲੋਕ ਉਨ੍ਹਾਂ ਦੇ ਘਰ ਆ ਕੇ ਉਸ ਦੇ ਪਤੀ ਨੂੰ ਪੈਸੇ ਦੀ ਵਾਪਸੀ ਲਈ ਤੰਗ ਕਰਦੇ ਸਨ। ਇਸ ਆੜ ‘ਚ ਇਸਤਰੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਉਸ ਦੇ ਪਤੀ ਨੂੰ ਬਲੈਕਮੇਲ ਕਰਦੀ ਰਹੀ ਹੈ ਜਿਸ ਕਾਰਨ ਉਹ ਅਕਸਰ ਹੀ ਡਿਪਰੈਸ਼ਨ ‘ਚ ਰਹਿੰਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਆਪਣੇ ਮ੍ਰਿਤਕ ਪਤੀ ਦਾ ਸੰਸਕਾਰ ਨਹੀਂ ਕਰਨ ਦੇਣਗੇ। ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਐੱਸਪੀ ਰੁਪਿੰਦਰ ਭਾਰਦਵਾਜ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ ‘ਤੇ ਪੁਲਿਸ ਥਾਣਾ ਤਪਾ ਵਿਖੇ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਤੇ ਉਸ ਦੇ ਦੋ ਭਰਾਵਾਂ ‘ਤੇ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਡੇਰੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਉਥੇ ਵੱਡੀ ਤੱਦਾਦ ਵਿੱਚ ਪੁਲਿਸ ਤਾਇਨਾਤ ਸੀ। ਇਹ ਵੀ ਪਤਾ ਲੱਗਿਆ ਹੈ ਕਿ ਬਬਲੀ ਮਹੰਤ ਦੀ ਮੌਤ ਤੋਂ ਬਾਅਦ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਵੀ ਸਿਵਲ ਹਸਪਤਾਲ ‘ਚ ਵਿੱਚ ਦਾਖਲ ਹੋ ਗਈ ਹੈ ਅਤੇ ਪਰਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਬੇਹੋਸ਼ੀ ਦੀ ਹਾਲਾਤ ਵਿੱਚ ਹੈ।

Real Estate