ਅਕਾਲੀ ਆਗੂ ‘ਤੇ ਠੱਗੀ ਮਾਰਨ ਅਤੇ ਮਰਨ ਲਈ ਮਜਬੂਰ ਕਰਨ ਦਾ ਪਰਚਾ ਦਰਜ

269

ਬਰਨਾਲਾ, 25 ਮਈ (ਜਗਸੀਰ ਸਿੰਘ ਸੰਧੂ) : ਧਨੌਲਾ ਦੇ ਇੱਕ ਅਕਾਲੀ ਆਗੂ ‘ਤੇ ਥਾਣਾ ਧੂਰੀ ਵਿੱਚ ਇੱਕ ਵਿਅਕਤੀ ਨੂੰ ਮਰਨ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਹੋਇਆ ਹੈ। ਥਾਣਾ ਧੂਰੀ ਸਦਰ ਦੇ ਐਸ.ਐਚ.ਓ ਡਾ: ਜਗਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਮਨਜੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਪਿੰਡ ਕੁੰਭੜਵਾਲ ਨੇ ਥਾਣਾ ਸਦਰ ਧੂਰੀ ਵਿਖੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਮੇਰੇ ਸਹੁਰੇ ਤੇਜਾ ਸਿੰਘ ਨੇ 2011 ਵਿੱਚ ਪਿੰਡ ਕੱਟੂ ਵਿਖੇ 14 ਵਿਘੇ ਜਮੀਨ ਬੈਅ ਖਰੀਦੀ ਸੀ, ਜਿਸ ਵਿਚੋਂ ਉਸਨੇ 7 ਵਿਘੇ ਜਮੀਨ ਮੇਰੇ ਘਰਵਾਲੇ ਕੇਵਲ ਸਿੰਘ ਦੇ ਨਾਮ ਕਰ ਦਿੱਤੀ ਸੀ, ਜੋ 2 ਕੁ ਸਾਲ ਬਾਅਦ ਮੇਰੇ ਪਤੀ ਕੇਵਲ ਸਿੰਘ ਨੇ 38 ਲੱਖ ਰੂਪਏ ਵਿੱਚ ਵੇਚ ਦਿੱਤੀ, ਤਾਂ ਉਸ ਸਮੇਂ ਧਨੌਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਨਾਮ ਦੇ ਵਿਅਕਤੀ ਨੇ ਮੇਰੇ ਪਤੀ ਕੇਵਲ ਸਿੰਘ ਨੂੰ ਵਰਗਲਾ ਕੇ ਉਕਤ ਰਕਮ ਵਿਚੋਂ 20 ਲੱਖ ਰੁਪਏ ਦੀ ਪੰਜਾਬ ਨੈਸ਼ਨਲ ਬੈਂਕ ਧਨੌਲਾ ਵਿਖੇ ਐਫ.ਡੀ ਕਰਵਾ ਦਿੱਤੀ।  ਇਸ ਉਪਰੰਤ ਕੁਝ ਸਮੇਂ ਬਾਅਦ ਸਾਡੀ ਲੜਕੀ ਸੀਮਾ ਕੌਰ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਤਾਂ ਇਲਾਜ ਲਈ ਮੇਰੇ ਪਤੀ ਨੇ ਐਫ.ਡੀ ਤੁੜਵਾ ਲਈ, ਪਰ ਗੁਰਪ੍ਰੀਤ ਸਿੰਘ ਗੋਪੀ ਨੇ ਮੇਰੇ ਪਤੀ ਨੂੰ ਵਿਸਵਾਸ ਵਿੱਚ ਲੈ ਕੇ ਸਾਨੂੰ ਸਿਰਫ ਡੇਢ ਲੱਖ ਰੁਪਏ ਦਿੱਤੇ ਅਤੇ ਬਾਕੀ ਪੈਸੇ ਖੁਦ ਹੜੱਪ ਲਏ। ਇਲਾਜ ਦੌਰਾਨ 2016 ਵਿੱਚ ਲੜਕੀ ਸੀਮਾ ਰਾਣੀ ਦੀ ਮੌਤ ਹੋ ਗਈ, ਪਰ ਗੁਰਪ੍ਰੀਤ ਸਿੰਘ ਗੋਪੀ ਨੇ ਸਾਡੇ ਪੈਸੇ ਮੋੜਨ ਦੀ ਥਾਂ ਮੇਰੇ ਪਤੀ ਨੂੰ ਸਸਤੀ ਜਮੀਨ ਦਾ ਲਾਲਚ ਦੇ ਕੇ 3 ਵਿਘੇ ਜਮੀਨ ਦਿਵਾ ਦਿੱਤੀ, ਪਰ ਉਕਤ ਜਮੀਨ ‘ਤੇ ਕਬਜਾ ਗੁਰਪ੍ਰੀਤ ਸਿੰਘ ਗੋਪੀ ਨੇ ਕਰ ਲਿਆ। ਗੁਰਪ੍ਰੀਤ ਸਿੰਘ ਗੋਪੀ ਨੇ ਇਸ ਜਮੀਨ ਦਾ ਸਾਨੂੰ ਠੇਕਾ ਤਾਂ ਕੀ ਦੇਣਾ ਸੀ, ਉਲਟਾ ਮੇਰੇ ਪਤੀ ਨੂੰ ਗੁੰਮਰਾਹ ਕਰਕੇ ਉਸੇ ਜਮੀਨ ‘ਤੇ 1 ਲੱਖ ਰੁਪਏ ਦਾ ਲੋਨ ਕਰਵਾ ਲਿਆ, ਜਿਸ ਵਿੱਚੋਂ ਸਾਨੂੰ ਸਿਰਫ 30 ਹਜਾਰ ਰੁਪਏ ਦਿੱਤਾ ਅਤੇ 70 ਹਜਾਰ ਰੁਪਏ ਗੋਪੀ ਖੁਦ ਹੜੱਪ ਗਿਆ। ਇਸ ਤੋਂ ਬਾਅਦ ਵੀਹ ਲੱਖ ਰੁਪਏ ਦੀ ਠੱਗੀ ਮਾਰਨ ਅਤੇ 3 ਵਿਘੇ ਜਮੀਨ ਦਾ ਕਬਜਾ ਲੈਣ ਲਈ ਅਸੀਂ ਕਰੀਬ 4-5 ਸਾਲ ਬਰਨਾਲਾ ਵਿਖੇ ਦਰਖਾਸ਼ਤ ਬਾਜੀ ਕਰਦੇ ਰਹੇ, ਪਰ ਗੋਪੀ ਦੇ ਸਿਆਸੀ ਅਸਰ ਰਸੂਖ ਸਦਕਾ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਮੇਰਾ ਪਤੀ ਕੇਵਲ ਸਿੰਘ ਬਿਮਾਰ ਰਹਿਣ ਲੱਗ ਪਿਆ। ਹੁਣ ਲਾਕਡਾਊਨ ਦੌਰਾਨ ਜਦੋਂ ਮੈਂ ਤੇ ਮੇਰਾ ਪਤੀ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਪੈਸੇ ਮੰਗਣ ਗਏ ਤਾਂ ਉਸ ਨੇ ਸਾਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੱਤੀਆਂ ਅਤੇ ਦਰਖਾਸਤ ਵਾਪਸ ਲੈਣ ਲਈ ਦਬਾਅ ਪਾਇਆ ਤਾਂ ਮੇਰਾ ਪਤੀ ਬਹੁਤ ਟੈਨਸ਼ਨ ‘ਚ ਆ ਗਿਆ ਅਤੇ 24 ਮਈ ਨੂੰ ਸਵੇਰੇ 3 ਵਜੇ ਉਸਦਾ ਸਰੀਰ ਸੁੰਨ ਹੋ ਗਿਆ, ਜਦੋਂ ਅਸੀਂ ਉਸਨੂੰ ਸਿਵਲ ਹਸਪਤਾਲ ਬਰਨਾਲਾ ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤਰਾਂ ਮੇਰੇ ਪਤੀ ਦੀ ਮੌਤ ਦਾ ਕਾਰਨ ਗੁਰਪ੍ਰੀਤ ਸਿੰਘ ਅਤੇ ਇਸਦੇ ਨਾਲ ਰਹਿੰਦੇ ਤਿੰਨ-ਚਾਰ ਹੋਰ ਨਾਮਲੂਮ ਵਿਅਕਤੀ ਹੈ, ਜਿਹਨਾਂ ਨੇ ਮਿਲ ਕੇ ਮੇਰੇ ਪਤੀ ਨਾਲ ਠੱਗੀ ਮਾਰੀ ਹੈ। ਥਾਣਾ ਸਦਰ ਧੂਰੀ ਦੀ ਪੁਲਸ ਨੇ ਮਨਜੀਤ ਕੌਰ ਦੇ ਇਹਨਾਂ ਬਿਆਨਾਂ ਦੇ ਅਧਾਰ ‘ਤੇ ਐਫ.ਆਈ ਨੰਬਰ 195 ਮਿਤੀ 24 ਮਈ 2020  ਧਾਰਾ 306, 418, 506 ਆਈ.ਪੀ.ਸੀ ਤਹਿਤ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕਸ਼ਮੀਰ ਸਿੰਘ ਵਵਾਸੀ ਧਨੌਲਾ ਸਮੇਤ ਤਿੰਨ-ਚਾਰ ਅਣਪਛਾਤੇ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Real Estate