ਐਮਾਜ਼ੋਨ ਪ੍ਰਾਈਮ ‘ਪਾਤਾਲ ਲੋਕ’ ਸੀਰੀਜ਼ ਵਾਪਸ ਲਵੇ ਜਾਂ ਫਿਰ ਕਾਨੂੰਨੀ ਕਾਰਵਾਈ ਤਿਆਰ ਰਹੇ : ਸਿਰਸਾ

223
ਜਾਵੜੇਕਰ ਨੂੰ ਅਜਿਹੀਆਂ ਆਨਲਾਈਨ ਸਾਈਟਸ ਖਿਲਾਫ ਕਾਰਵਾਈ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ, 24 ਮਈ (ਪੰਜਾਬੀ ਨਿਊਜ਼ ਆਨਲਾਇਨ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਆਨਲਾਈਨ ਵੀਡੀਓ ਪ੍ਰੋਮੋਟਰ ਐਮਾਜ਼ੋਨ ਪ੍ਰਾਈਮ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪ੍ਰਸਿੱਧ ਅਦਾਕਾਰਾ ਅਨੁਸ਼ਕਾ ਸ਼ਰਮਾ ਵੱਲੋਂ ਬਣਾਈ ‘ਪਾਤਾਲ ਲੋਕ’ ਸੀਰੀਜ਼ ਤੁਰੰਤ ਹਟਾਵੇ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਕਿਉਂਕਿ ਇਸ ਵਿਚ ਸਿੱਖਾਂ ਨੂੰ ਉਹਨਾਂ ਦੇ ਅਸਲ ਚਰਿੱਤਰ ਦੇ ਬਿਲਕੁਲ ਉਲਟ ਵਿਖਾਇਆ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸਿੱਖ ਹਮੇਸ਼ਾ ਮਹਿਲਾਵਾਂ ਨੂੰ ਬਚਾਉਣ ਲਈ ਜਾਣੇ ਜਾਂਦੇ ਹਨ ਤੇ ਸਾਰੀ ਦੁਨੀਆਂ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਜਾਣਦੀ ਹੈ ਪਰ ਅਨੁਸ਼ਕਾ ਸ਼ਰਮਾ ਵੱਲੋਂ ਬਣਾਈ ਇਸ ਸੀਰੀਜ਼ ਵਿਚ ਸਿੱਖਾਂ ਨੂੰ ਬਲਾਤਕਾਰੀ ਵਿਖਾਇਆ ਗਿਆ ਹੈ।  ਉਹਨਾਂ ਕਿਹਾ ਕਿ ਇਸ ਤੋਂ ਵੀ ਵੱਧ ਸਾਜ਼ਿਸ਼ੀ ਗੱਲ ਇਹ ਹੈ ਕਿ ਇਕ ਅੰਮ੍ਰਿਤਧਾਰੀ ਸਿੱਖ ਨੂੰ ਵਿਖਾਇਆ ਗਿਆ ਹੈ ਜੋ ਕਿ ਬਲਾਤਕਾਰ ਹੁੰਦਾ ਵੇਖ ਰਿਹਾ ਹੈ ਪਰ ਬੋਲ ਕੁਝ ਨਹੀਂ ਰਿਹਾ। ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿੱਖ ਕਦੇ ਵੀ ਮਹਿਲਾਵਾਂ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦੇ ਤੇ ਅੰਮ੍ਰਿਤਧਾਰੀ ਸਿੱਖ ਅਜਿਹਾ ਕਰ ਸਕਦਾ ਹੈ, ਨਿਰਮਾਤਾਵਾਂ ਨੂੰ ਇਸਦੀ ਕਲਪਨਾ ਵੀ ਨਹੀਂ ਕਰਨੀ ਚਾਹੀਦੀ।  ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਤਾਂ ਦੁਸ਼ਮਣਾਂ ਦੀਆਂ ਮਹਿਲਾਵਾਂ ਦੀ ਵੀ ਰਾਖੀ ਕੀਤੀ ਹੈ ਤੇ ਉਹਨਾਂ ਨੂੰ ਬਚਾਇਆ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾ ਮਹਿਲਾਵਾਂ ਦੀ ਉਸਤਤ ਕੀਤੀ ਹੈ ਤੇ ਕਿਹਾ ਹੈ ਕਿ ਉਸ ਮਹਿਲਾ ਨੂੰ ਕਿਉਂ ਮੰਦਾ ਆਖਿਆ ਜਾਵੇ ਜੋ ਰਾਜਿਆਂ ਨੂੰ ਜਨਮ ਦਿੰਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਸਿੱਖ ਕਿਸੇ ਵੀ ਮਹਿਲਾ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਸ ਸੀਰੀਜ਼ ਵਿਚ ਸਿੱਖਾਂ ਨੂੰ ਜਾਂ ਤਾਂ ਮਹਿਲਾਵਾਂ ਦਾ ਬਲਾਤਕਾਰੀ ਵਿਖਾਇਆ ਗਿਆ ਹੈ ਜਾਂ ਫਿਰ ਬਲਾਤਕਾਰ ਵੇਲੇ ਚੁੱਪ ਬੈਠਾ ਵਿਖਾਇਆ ਗਿਆ ਹੈ ਤੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਅਸੀਂ ਐਮਾਜ਼ੋਨ ਨੂੰ ਸਾਡੀਆਂ ਭਾਵਨਾਵਾਂ ਤੇ ਧਰਮ ‘ਤੇ ਵਾਰ ਵਾਰ ਨੂੰ ਸੱਟ ਮਾਰਨ ਦੀ ਆਗਿਆ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਸਾਡੇ ਧਰਮ ਖਿਲਾਫ ਇਹ ਨਫਰਤ ਭਰਿਆ ਤੇ ਮਾੜਾ ਵਤੀਰਾ ਤੁਰੰਤ ਬੰਦ ਹੋਣਾ ਚਾਹੀਦਾ ਹੈ।
ਸ੍ਰੀ ਸਿਰਸਾ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੀਰੀਜ਼ ਦੇ ਖਿਲਾਫ ਸਖ਼ਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਇਸ ਸੀਰੀਜ਼ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਐਮਾਜ਼ੋਨ ਨੂੰ ਵਾਰ ਵਾਰ ਧਾਰਮਿਕ ਭਾਈਚਾਰੇ ‘ਤੇ ਸੱਟ ਮਾਰਨ ਬਦਲੇ ਜ਼ੁਰਮਾਨਾ ਹੋਣਾ ਚਾਹੀਦਾ ਹੈ।
Real Estate