ਪੰਜਾਬ ਵਿਚ ਤੀਸਰੇ ਬਦਲ ਦੀ ਤਿਆਰੀ ਜੋਰਾਂ ‘ਤੇ : ਭਾਈ ਹਰਸਿਮਰਨ ਸਿੰਘ

241

ਬੈਂਸ ਭਰਾਵਾਂ, ਖਹਿਰਾ, ਗਾਂਧੀ ਤੇ ਸੇਖਵਾਂ ਨਾਲ ਮੀਟਿੰਗ ਹੋਈ, ਸਾਰਿਆਂ ਨੇ 2022 ਦੀਆਂ ਚੋਣਾਂ ਇੱਕਠਿਆਂ ਲੜਨ ਦੀ ਹਾਮੀ ਭਰੀ

ਢੀਂਡਸਾ, ਬ੍ਰਹਮਪੁਰਾ, ਭਗਵੰਤ ਮਾਨ, ਹਰਪਾਲ ਚੀਮਾ, ਕਾਮਰੇਡਾਂ, ਬਸਪਾ ਤੇ ਕੁਝ ਹੋਰ ਆਗੂਆਂ ਨਾਲ ਮੀਟਿੰਗਾਂ ਛੇਤੀ

ਸ੍ਰੀ ਅਨੰਦਪੁਰ ਸਾਹਿਬ, 23 ਮਈ (ਸੁਰਿੰਦਰ ਸਿੰਘ ਸੋਨੀ) :”ਅੱਜ ਦੇ ਵਰਤਮਾਨ ਹਾਲਾਤ ਵਿਚ ਪੰਜਾਬ ਨੂੰ ਨਵੀਂ ਸਾਸ਼ਨ ਵਿਵਸਥਾ ਅਤੇ ਨਵੀਂ ਅਗਵਾਈ ਦੇਣ ਵਾਲੇ ਸੰਯੁਕਤ ਤੀਸਰੇ ਬਦਲ ਦੀ ਅਤਿਅੰਤ ਲੋੜ ਹੈ ਜਿਸ ਦੀ ਪੰਜਾਬ ਵਾਸੀ ਕਈ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।” ਇਹ ਵਿਚਾਰ ਅੱਜ ਇਥੇ ਪੰਜਾਬ ਤੀਸਰਾ ਬਦਲ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਉੱਭਰ ਕੇ ਸਾਹਮਣੇ ਆਇਆ। ਮੀਟਿੰਗ ਵਿਚ ਪਿਛਲੇ ਮਹੀਨਿਆਂ ਵਿਚ ਕਾਂਗਰਸ, ਅਕਾਲੀ ਦਲ ਅਤੇ ਬੀ.ਜੇ.ਪੀ ਨੂੰ ਛੱਡ ਕੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਤੇ ਧਿਰਾਂ ਨਾਲ ਇਸ ਸਬੰਧੀ ਕੀਤੀਆਂ ਗਈਆਂ ਵੀਚਾਰਾਂ ਦੀ ਸਮੀਖਿਆ ਕੀਤੀ ਗਈ ਅਤੇ ਨਵੇਂ ਫੈਸਲੇ ਲਏ ਗਏ। ਤਾਲਮੇਲ ਕਮੇਟੀ ਦੇ ਪ੍ਰਮੁੱਖ ਮੈਂਬਰ ਭਾਈ ਹਰਿਸਿਮਰਨ ਸਿੰਘ ਨੇ ਦੱਸਿਆ ਕਿ ਇਸ ਕਮੇਟੀ ਨੇ ਪਹਿਲੇ ਪੜਾਅ ਵਿਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਤੋਂ ਇਲਾਵਾ ਜਥੇਦਾਰ ਸੇਵਾ ਸਿੰਘ ਸੇਖਵਾਂ ਮੌਜੂਦਾ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਘਰਾਂ ਵਿਚ ਬੈਠੇ ਹੋਏ ਟਕਸਾਲੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ । ਇਨਾਂ ਮੀਟਿੰਗਾਂ ਵਿਚ ਬੜੀਆਂ ਹੀ ਸਾਰਥਕ ਗੱਲਾਂ ਹੋਈਆਂ ਅਤੇ ਸਾਰਿਆਂ ਨੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੀਸਰੇ ਬਦਲ ਦੇ ਰੂਪ ਵਿਚ 2022 ਦੀਆਂ ਇਲੈਕਸ਼ਨਾਂ ਲੜਨ ਦੀ ਹਾਮੀ ਭਰੀ। ਇਸ ਤੋਂ ਬਾਅਦ ਦੂਸਰੇ ਪੜਾਅ ਵਿਚ ਕਮੇਟੀ ਮੈਂਬਰਾਂ ਨੇ ਜਥੇਦਾਰ ਸੁਖਦੇਵ ਸਿੰਘ ਭੌਰ, ਜਥੇਦਾਰ ਜਗਜੀਤ ਸਿੰਘ ਗਾਬਾ, ਜਨਤਾ ਦਲ ਸੈਕੂਲਰ, ਭਾਰਤੀ ਰਿਪਬਲੀਕਨ ਪਾਰਟੀ ਆਦਿ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਨਾਂ ਸਾਰਿਆਂ ਨੇ ਵੀ ਤੀਸਰਾ ਮੋਰਚਾ ਬਣਾਉਣ ਦੀ ਹਾਮੀ ਭਰੀ।
ਭਾਈ ਹਰਿਸਿਮਰਨ ਸਿੰਘ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਕਿਹਾ ਕਿ 31 ਮਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ
ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੋਲੀ, ਸੀ.ਪੀ.ਆਈ, ਸੀ.ਪੀ.ਐਮ ਅਤੇ ਬਹੁਜਨ ਸਮਾਜ ਪਾਰਟੀ ਨਾਲ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਤੀਸਰੇ ਪੜਾਅ ਦੀਆਂ ਮੀਟਿੰਗਾਂ ਤੋਂ ਬਾਅਦ ਕਰਤਾਰਪੁਰ ਲਾਂਘੇ ਦੀ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿਖੇ ਕਮੇਟੀ ਵੱਲੋਂ ਕੁਲਦੀਪ ਸਿੰਘ ਵਡਾਲਾ ਦੀ ਸੰਸਥਾ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਪਰੋਕਤ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਧਿਰਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ ਅਤੇ ਤੀਸਰੇ ਬਦਲ ਦੀ ਰੂਪ-ਰੇਖਾ ਬਾਰੇ ਖੁਲ ਕੇ ਵਿਚਾਰ ਹੋਣਗੇ। ਪੰਜਾਬ ਤੀਸਰਾ ਮੋਰਚਾ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਭਾਈ ਹਰਿਸਿਮਰਨ ਸਿੰਘ, ਗੁਰਿੰਦਰ ਸਿੰਘ ਬਾਜਵਾ, ਜਥੇਦਾਰ ਬੂਟਾ ਸਿੰਘ ਰਣਸ਼ੀਂਹ, ਰਾਜਵਿੰਦਰ ਸਿੰਘ ਹਿੱਸੋਵਾਲ ਅਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼ਰੋਮਣੀ ਕਮੇਟੀ ਹਾਜ਼ਰ ਸਨ।

Real Estate