ਪੰਜਾਬ ‘ਚ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਇਕਾਂਤਵਾਸ ‘ਚ ਰੱਖਿਆ ਜਾਵੇਗਾ : ਕੈਪਟਨ

180

ਚੰਡੀਗੜ, 23 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਫੇਸ ਬੁੱਕ ਉਤੇ ਲਾਈਵ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਨਿਵਾਸੀ ਪ੍ਰੀਆ ਮਹਾਜਨ ਵੱਲੋਂ ਪੁੱਛੇ ਗਏ ਸਵਾਲ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਜੇਕਰ ਪਾਜ਼ਿਟਵ ਆ ਰਹੇ ਤਾਂ ਇਸ ਤੋਂ ਕੋਈ ਖ਼ਤਰਾ ਨਹੀਂ ਦੇ ਉਤਰ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ, ਚਾਹੇ ਉਹ ਜਹਾਜ਼ ਰਸਤੇ ਆ ਰਿਹਾ ਹੋਵੇ, ਰੇਲ ਵਿਚ ਜਾਂ ਬੱਸ ਉਤੇ, ਉਸਨੂੰ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਅਸੀਂ ਪੰਜਾਬ ਤੋਂ ਜਿੰਨੇ ਵੀ ਪ੍ਰਵਾਸੀ ਲੋਕਾਂ ਨੂੰ ਭੇਜਿਆ ਹੈ, ਉਨਾਂ ਦੀ ਸਿਹਤ ਦੀ ਜਾਂਚ ਕੀਤੀ ਹੈ, ਪਰ ਪੰਜਾਬ ਆ ਰਹੇ ਕਈ ਯਾਤਰੀ ਕੋਵਿਡ ਦੇ ਸ਼ਿਕਾਰ ਹਨ, ਸੋ ਸਾਰਿਆਂ ਨੂੰ ਸਾਵਧਾਨੀ ਵਜੋਂ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਜੇਕਰ ਉਹ ਠੀਕ ਰਹਿੰਦਾ ਹੈ ਤਾਂ ਘਰ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਉਸ ਵਿਚ ਕੋਵਿਡ 19 ਦੇ ਲੱਛਣ ਜ਼ਾਹਿਰ ਹੁੰਦੇ ਹਨ, ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਉਸਦਾ ਇਲਾਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ ਹੈ, ਸਾਡੇ ਵਿਦੇਸ਼ਾਂ ਤੇ ਦੂਸਰੇ ਰਾਜਾਂ ਵਿਚ ਆਏ ਵੱਡੀ ਗਿਣਤੀ ਲੋਕ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਗਏ ਹਨ, ਪਰ ਵਾਇਰਸ ਅੱਗੇ ਨਾ ਫੈਲੇ, ਇਸ ਲਈ ਜ਼ਰੂਰੀ ਹੈ ਕਿ ਉਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਸਕ ਸਾਰਿਆਂ ਨੂੰ ਲਈ ਜ਼ਰੂਰੀ ਹੈ ਅਤੇ ਘਰੋਂ ਬਾਹਰ ਜਾਣ ਲੱਗੇ ਮਾਸਕ ਪਾ ਕੇ ਜਾਉ ਤੇ ਜੇਕਰ ਕੋਈ ਮਾਸਕ ਨਹੀਂ ਪਾਉਂਦਾ ਤਾਂ ਪੁਲਿਸ ਉਸਦਾ ਚਲਾਨ ਕਰੇਗੀ।

Real Estate