ਪ੍ਰਤਾਪ ਸਿੰਘ ਕੈਰੋਂ ਬਨਾਮ ਮੁਰੱਬੇਬੰਦੀ !

271

ਅਵਤਾਰ ਸਿੰਘ ਧਾਲੀਵਾਲ

ਮੁਰੱਬੇਬੰਦੀ:- ਸਾਡੇ ਪੰਜਾਬ ਵਿਚ ਅਕਸਰ ਇਹ ਸ਼ਿਕਾਇਤ ਰਹਿੰਦੀ ਏ ਕਿ , ਕੇਂਦਰ ਦੀਆਂ ਸਰਕਾਰਾਂ ਪੰਜਾਬ ਦਾ ਹੱਕ਼ ਮਾਰਦੀਆਂ ਨੇ , ਹੋ ਸਕਦਾ ਏ ਕੋਈ ਇਸ ਵਿੱਚ ਸੱਚਾਈ ਵੀ ਹੋਵੇ । ਪਰ ਅੱਜ ਮੈਂ ਜਿਸ ਚੀਜ਼ ਦੀ ਗੱਲ ਕਰਨ ਲੱਗਾ ਹਾਂ ਉਹ ਸਿਰਫ ਸਾਂਝੇ ਪੰਜਾਬ ਵਿਚ ਹੀ ਹੋਈ , ਜਿਸ ਕਰਕੇ ਹਰਿਆਣਾ ਤੇ ਪੰਜਾਬ ਦਾ ਕਿਸਾਨ ਹੋਰ ਜ਼ਮੀਨਾਂ ਦੇ ਮਾਲਕ ਭਾਰਤ ਦੇ ਦੂਜੇ ਸੂਬਿਆਂ ਨਾਲੋਂ ਕਈ ਸਾਲ ਅੱਗੇ ਚਲੇ ਗਏ । ਉਹ ਹੈ ਮੁਰੱਬੇਬੰਦੀ , ਮਤਲੱਬ 25 ਕੀਲਿਆਂ ਦਾ ਜਾਨੀ ਕਿ 200 ਕਨਾਲ ਦਾ ਚੌਰਸ ਜਮੀਨ ਦਾ ਟੁੱਕੜਾ , ਜਿਸ ਦੀਆਂ ਵੱਟਾ ਬਿੱਲਕੁੱਲ ਸਿੱਧਿਆ ਤੇ ਵਿੱਚਲੇ ਕਿੱਲੇ ਵੀ ਸਿੱਧੇ , ਚੋਰਸ ਤੇ ਹਰ ਮੁਰੱਬੇ ਦਾ ਆਪਣਾ ਨੰਬਰ ਤੇ ਹਰ ਕਿੱਲੇ ਦਾ ਆਪਣਾ ਇੱਕ ਨੰਬਰ । ਇਹ ਸਿਰਫ ਭਾਰਤ ਦੇ ਹਰਿਆਣਾ ਤੇ ਪੰਜਾਬ ਦੀ ਜਮੀਨ ਦੀ ਨਪਾਈ ਏ , ਦੂਜਿਆਂ ਸੂਬਿਆਂ ਵਿਚ ਹਾਲੀ ਮੁਰੱਬੇਬੰਦੀ ਨਹੀਂ ਹੋਈ , ਕੀਤੇ ਕੀਤੇ ਟਾਵੀਂ ਟਾਵੀਂ ਹੋਈ ਹੈ।

ਆਜ਼ਾਦੀ ਤੋਂ ਪਹਿਲਾਂ ਕੋਈ ਵੀ ਖੇਤ ਚੋਰਸ ਨਹੀਂ ਸੀ , ਕੋਈ ਵੀ ਵੱਟ ਸਿੱਧੀ ਨਹੀਂ ਸੀ , ਕੋਈ ਖੇਤ ਵੱਡਾ ਤੇ ਕੋਈ ਖੇਤ ਛੋਟਾ ਸੀ , ਜਮੀਨ ਦੀ ਸਹੀ ਨਪਾਈ ਦਾ ਵੀ ਨਹੀਂ ਸੀ ਪਤਾ । ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਮੁਰੱਬੇਬੰਦੀ ਦਾ ਇਸਤੇਮਾਲ ਬਾਰਾਂ ਆਬਾਦ ਕਰਨ ਦੇ ਵਕ਼ਤ , ਲਾਇਲਪੁਰ , ਮਿੰਟਗੁਮਰੀ , ਸ਼ੇਖੂਪੁਰਾ ਦੀਆਂ ਖਾਲੀ ਪਾਈਆਂ ਜਮੀਨਾਂ ਉੱਤੇ ਕੀਤਾ ਸੀ। ਪਹਿਲੀ ਵਾਰ ਜਮੀਨ ਦੀ ਨਪਾਈ ਦੀ ਡਰਾਇੰਗ ਬਣਾਈ ਗਈ , ਤੇ ਕਿਸਾਨਾਂ ਨੂੰ ਜ਼ਮੀਨ ਅਲਾਟ ਕੀਤੀ ਗਈ । ਕਿਸਾਨਾਂ ਨੇ ਪਹਿਲੀ ਵਾਰ ਸਿੱਧੀਆਂ ਵੱਟਾਂ ਵਾਲੇ ਚੋਰਸ ਕਿੱਲੇ ਦੇਖੇ ।

ਇਸ ਤੋਂ ਇਲਾਵਾ ਪਹਿਲਾਂ ਪੰਜਾਬ ਵਿੱਚ ਕਿਸਾਨਾਂ ਦੀ ਜਮੀਨ ਇਕ ਜਗਾ ਇਕੱਠੀ ਨਹੀਂ ਸੀ ਹੁੰਦੀ । ਪੀੜੀ ਦਰ ਪੀੜੀ ਵੰਡ ਹੁੰਦੀ ਤੇ ਕੁਰੇ ਨਾਲ ਕੁਰਾ ਵੰਡਣ ਦੀ ਜਿੱਦ ਨਾਲ ਇਕ ਹੀ ਕਿਸਾਨ ਦੇ ਖੇਤ ਕਈ ਕਈ ਜਗਾਹ ਵੰਡੇ ਜਾਂਦੇ । ਇਸ ਕਰਕੇ ਨਿੱਤ ਦੀਆਂ ਲੜਾਈਆਂ ਝਗੜੇ ਵੀ ਸ਼ੁਰੂ ਹੋ ਗਏ , ਕਈ ਜਗਾ ਖੇਤ ਹੋਣ ਕਰਕੇ ਕੋਈ ਇੱਕ ਜਣਾ ਖੂਹ ਵੀ ਨਹੀਂ ਸੀ ਲਵਾ ਸਕਦਾ ਤੇ ਇਕ ਖੂਹ ਵਿੱਚ ਕਈ ਲੋਕਾਂ ਦਾ ਹਿੱਸਾ ਝਗੜੇ ਦਾ ਕਾਰਨ ਬਣਦਾ ਸੀ । ਫਿਰ ਅੰਗਰੇਜ਼ਾਂ ਨੇ 1920 ਵਿਚ ਸਭ ਤੋਂ ਪਹਿਲਾਂ ਪੰਜਾਬ ਵਿੱਚ ਖੇਤਾਂ ਨੂੰ ਇਕ ਜਗਾਹ ਇਕੱਠੇ ਕਰਨ ਲਈ ਚੱਕਬੰਦੀ ਸ਼ੁਰੂ ਕੀਤੀ । ਕਿਸਾਨਾਂ ਦੇ ਕਈ ਜਗਾਹ ਵੰਡੇ ਖੇਤ ਇੱਕ ਜਗਾਹ ਆ ਗਏ । ਚੱਕਬੰਦੀ ਹੋਣ ਤੋਂ ਬਾਅਦ ਮੁਰੱਬੇਬੰਦੀ ਦਾ ਕੰਮ ਮੁੜ ਤੋਂ ਸ਼ੁਰੂ ਕੀਤਾ ਗਿਆ , ਇਸ ਵਿਚ ਚੋਰਸ ਖੇਤ , ਕਿੱਲਾ , ਮੁਰੱਬੇ ਨੰਬਰ , ਸਿੱਧੀਆਂ ਵੱਟਾ ਹਰ ਖੇਤ ਨੂੰ ਰਸਤਾ ਰੱਖਣਾ , ਹਰ ਖੇਤ ਨੂੰ ਨਹਿਰੀ ਖਾਲ ,ਪਿੰਡ ਵਿੱਚ ਸਕੂਲ , ਹਸਪਤਾਲ ਤੇ ਹੋਰ ਜਰੂਰੀ ਕੰਮਾ ਲਈ ਜ਼ਮੀਨ ਰੱਖਣਾ ਅਹਿਮ ਸੀ । ਇਸ ਨੂੰ ਜਮੀਨੀ ਇਸਤੇਮਾਲ ਵੀ ਕਹਿੰਦੇ ਨੇ ।

ਪਰ 1947 ਦੀ ਵੰਡ ਪਿੱਛੋਂ ਭਾਰਤ ਦੇ ਹਿੱਸੇ ਆਏ ਪੰਜਾਬ ਵਿਚ ਸਾਰੀ ਹੀ ਮੁਰੱਬੇਬੰਦੀ ਬਾਕੀ ਸੀ , ਸਿਰਫ਼ ਅੰਮ੍ਰਿਤਸਰ ਦੇ ਕੁੱਝ ਇਲਾਕਿਆਂ ਵਿੱਚ ਹੋਈ ਸੀ । ਵੰਡ ਮਗਰੋਂ ਸਰਕਾਰ ਕੋਲ ਪਟਵਾਰੀਆਂ , ਡਰਾਇੰਗ ਬਨਾਉਣ ਵਾਲਿਆਂ ਤੇ ਕਾਨੁੰਗੋਆਂ ਦੀ ਭਾਰੀ ਘਾਟ ਪੈ ਗਈ , ਪਾਕਿਸਤਾਨ ਵਾਲੇ ਹਿੱਸੇ ਵਿੱਚੋਂ ਆਏ ਲੋਕਾਂ ਨੂੰ ਏਥੇ ਵਸਾਉਣਾ ਵੀ ਸੀ । ਜੇ ਭਾਰਤ ਸਰਕਾਰ ਚਾਹੁੰਦੀ ਤਾਂ ਮੁਰੱਬੇਬੰਦੀ ਰੋਕ ਵੀ ਸਕਦੀ ਸੀ ਤੇ ਨਾ ਹੀ ਕਿਸੇ ਨੇ ਕੋਈ ਸਵਾਲ ਪੁੱਛਣਾ ਸੀ । ਪਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੁੱਝ ਸਮੇਂ ਵਿੱਚ ਹੀ ਮੁਰੱਬੇਬੰਦੀ ਦੁਬਾਰਾ ਚਾਲੂ ਹੋ ਗਈ । ਮੁਰੱਬੇਬੰਦੀ ਵਾਲੇ ਲਾਲ ਪੱਥਰ ਘੜੇ ਜਾਣ ਲੱਗ ਪਏ , ਉਹ ਬੋਤੀਆਂ ਉੱਤੇ ਲੱਧਕੇ ਜੱਟਾਂ ਦੀਆਂ ਜ਼ਮੀਨਾਂ ਵੱਲ ਤੋਰ ਦਿੱਤੇ ਗਏ । ਜੱਟਾਂ ਨੇ ਵੀ ਲੰਬੇ ਬਾਂਸ ਉੱਤੇ ਲੱਗੇ ਝੰਡੇ ਪਟਵਾਰੀਆਂ ਨਾਲ ਚੁੱਕ ਕੇ ਖੇਤਾਂ ਵਿੱਚ , ਜੰਗਲਾਂ ਵਿੱਚ , ਰੇਤਾ ਦੇ ਟਿੱਬਿਆਂ ਵਿੱਚ , ਮੁਰੱਬੇਬੰਦੀ ਕਰਵਾਉਣੀ ਸ਼ੁਰੂ ਕਰ ਦਿੱਤੀ । 1966 ਤੱਕ ਤਕਰੀਬਨ ਸਾਰੇ ਪੰਜਾਬ ਵਿੱਚ ਜਿਸ ਵਿੱਚ ਅੱਜ ਦਾ ਹਰਿਆਣਾ ਵੀ ਹੈ, ਦੇ ਸਾਰੇ ਮੈਦਾਨੀ ਇਲਾਕਿਆਂ ਵਿੱਚ ਮੁਰੱਬੇਬੰਦੀ ਹੋ ਗਈ , ਪਰ ਕਿਤੇ ਕਿਤੇ, ਕੋਈ ਕੋਈ ਪਿੰਡ ਬਚ ਗਏ ਉਹ ਅੱਜ ਵੀ ਉਦਾਂ ਹੀ ਨੇ ।

ਕਿਸਾਨਾਂ ਕੋਲ ਚੋਰਸ ਕਿੱਲੇ ਆ ਗਏ , ਜੱਟਾਂ ਨੇ ਪੁਰਾਣੀਆਂ ਵੱਟਾ ਪੁੱਟ ਸੁੱਟੀਆਂ , ਉਸ ਵਿੱਚ ਸਦੀਆਂ ਤੋਂ ਰਹਿੰਦੇ ਸੱਪ , ਚੂਹੇ ਤੇ ਹੋਰ ਜ਼ਹਿਰੀਲੇ ਜੀਵ ਮਾਰ ਮਾਰ ਜੱਟਾ ਨੇ ਢੇਰ ਲਾ ਦਿਤੇ । ਬਰਾਬਰ ਚੋਰਸ ਖੇਤ ਮਿਲਣ ਨਾਲ ਕਿਸਾਨਾਂ ਨੇ ਉੱਚੇ ਨੀਵੇਂ ਖੇਤ ਪੱਧਰ ਕਰ ਦਿੱਤੇ , ਠੀਕ ਉਸੇ ਵਕਤ ਭਾਖੜਾ ਡੈਮ ਦਾ ਪਾਣੀ ਖੇਤਾਂ ਵਿਚ ਮੁਰੱਬੇਬੰਦੀ ਵਿੱਚ ਬਣੇ ਨਵੇਂ ਨਹਿਰੀ ਖਾਲਾ ਵਿੱਚ ਹਰ ਖੇਤ ਤਕ ਪਹੁੰਚ ਕਰ ਗਿਆ । ਭਾਖੜਾ ਡੈਮ ਜਿਸ ਨੂੰ ਚੌਧਰੀ ਛੋਟੂ ਰਾਮ ਅੰਗਰੇਜ਼ਾਂ ਕੋਲੋ ਪਾਸ ਕਰਵਾ ਕੇ ਜਮੀਨ ਅਲਾਟ ਕਰਵਾ ਗਿਆ ਸੀ , ਇਸ ਦੀ ਉਸਾਰੀ ਕੈਰੋਂ ਨੇ ਕਾਰਵਾਈ ਸੀ , ਡੈਮ ਦੇ ਪਾਣੀ ਨਾਲ ਜਮੀਨੀ ਵਾਟਰ ਲੈਵਲ ਉੱਚਾ ਤੇ ਮਿੱਠਾ ਹੋ ਗਿਆ । ਪਾਣੀ ਲੱਗਣ ਤੇ ਚੋਰਸ ਖੇਤ ਮਿਲਣ ਨਾਲ ਪੰਜਾਬ ਹਰਿਆਣਾ ਦੇ ਜੱਟਾਂ ਨੇ ਦੇਸ਼ ਨੂੰ ਭੁੱਖਮਰੀ ਵਿਚੋਂ ਕੱਢ ਦਿੱਤਾ। ਮੁਰੱਬੇਬੰਦੀ ਨੇ ਹਰਿਆਣਾ ਪੰਜਾਬ ਨੂੰ ਹੋਰ ਸੂਬਿਆਂ ਨਾਲੋਂ ਕਈ ਸਾਲ ਅੱਗੇ ਕਰ ਦਿੱਤਾ ।

ਮੈਂਨੂੰ ਉਦੋਂ ਬਹੁਤ ਅਫਸੋਸ ਹੁੰਦਾ ਏ ਜਦੋਂ ਕੋਈ ਪਾਣੀ ਲਾਈ ਕਿਸਾਨ ਦਾ ਪੁੱਤ ਚੌਰਸ ਕਿੱਲੇ ਦੀ ਸਿੱਧੀ ਵੱਟ ਉੱਤੇ ਬੈਠਾ ਫੇਸਬੁੱਕ ਉੱਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਉੱਤੇ ਗਲਤ ਟਿੱਪਣੀ ਕਰ ਰਿਹਾ ਹੁੰਦਾ ਏ । ਤੇ ਚੌਧਰੀ ਛੋਟੂਰਾਮ ਦਾ ਉਸ ਨੂੰ ਪਤਾ ਹੀ ਨਹੀਂ ।ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਸੁਰਿੰਦਰ ਕੈਰੋਂ ਤੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਕੈਰੋਂ(ਦਾਮਾਦ ਸਰਦਾਰ ਪ੍ਕਾਸ਼ ਸਿੰਘ ਬਾਦਲ) ਵਿਧਾਇਕ ਰਹਿ ਚੁੱਕੇ ਹਨ ।

Real Estate